Sri Akal Takht Sahib ਵਿਖੇ ਪੇਸ਼ ਹੋਏ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਲਿਖਤੀ ਰੂਪ ’ਚ ਸੌਂਪਿਆ ਆਪਣਾ ਪੱਖ

Jaswant Singh Zafar, Director, Language Department, Punjab, appeared at Sri Akal Takht Sahib.

ਅੰਮ੍ਰਿਤਸਰ : ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕ ਨਿਮਾਣੇ ਸਿੱਖ ਵਜੋਂ ਪੇਸ਼ ਹੋਏ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਲਿਖਤੀ ਰੂਪ ਵਿਚ ਆਪਣਾ ਸਪੱਸ਼ਟੀਕਰਨ ਸੌਂਪਿਆ। ਜਸਵੰਤ ਸਿੰਘ ਨੇ ਪੇਸ਼ ਹੋਣ ਮੌਕੇ ਆਪਣਾ ਦਾੜ੍ਹਾ ਬੰਨਿ੍ਹਆ ਹੋਇਆ ਸੀ ਪਰ ਸਿੰਘ ਸਾਹਿਬ ਦੇ ਆਦੇਸ਼ ਅਨੁਸਾਰ ਉਨ੍ਹਾਂ ਨੂੰ ਦਾੜ੍ਹਾ ਖੋਲ੍ਹਣ ਲਈ ਆਖਿਆ ਗਿਆ, ਜਿਸ ਤੋਂ ਬਾਅਦ ਜ਼ਫਰ ਦਾੜ੍ਹਾ ਖੋਲ੍ਹ ਕੇ ਪੇਸ਼ ਹੋਏ। ਇਸ ਤੋਂ ਬਾਅਦ ਉਨ੍ਹਾਂ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਜ਼ਫ਼ਰ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਗੁਰੂ ਨੂੰ ਸਮਰਪਿਤ ਹਨ ਅਤੇ ਜੇਕਰ ਉਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਧਾਰਮਿਕ ਸਜ਼ਾ ਮਿਲਦੀ ਹੈ ਤਾਂ ਉਹ ਉਸਨੂੰ ਸਿਰ ਮੱਥੇ ਸਵੀਕਾਰ ਕਰਨਗੇ।

ਜਸਵੰਤ ਸਿੰਘ ਜ਼ਫ਼ਰ ਦਫ਼ਤਰ ਸਕੱਤਰੇਤ ਵਿਖੇ ਨਿੱਜੀ ਤੌਰ ’ਤੇ ਹਾਜ਼ਰ ਹੋਏ ਅਤੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਗਾਇਕ ਬੀਰ ਸਿੰਘ ਦੀ ਮੈਨੇਜਮੈਂਟ ਦੀ ਗਲਤੀ ਕਾਰਨ ਇਹ ਵਿਵਾਦ ਉੱਠਿਆ। ਉਨ੍ਹਾਂ ਕਿਹਾ ਕਿ ਭਾਵੇਂ ਇਸ ਮਾਮਲੇ ਵਿੱਚ ਉਨ੍ਹਾਂ ਦੀ ਸਿੱਧੀ ਭੂਮਿਕਾ ਨਹੀਂ ਸੀ, ਫਿਰ ਵੀ ਉਹ ਇਸ ਗਲਤੀ ਨੂੰ ਆਪਣੀ ਜ਼ਿੰਮੇਵਾਰੀ ਮੰਨਦੇ ਹਨ। ਇਸੇ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਉਹ ਮੁਆਫ਼ੀ ਮੰਗਣ ਪਹੁੰਚੇ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ “ਮੈਂ ਗੁਰੂ ਨੂੰ ਸਮਰਪਿਤ ਹਾਂ, ਜੋ ਵੀ ਸਜ਼ਾ ਮੈਨੂੰ ਦਿੱਤੀ ਜਾਵੇਗੀ, ਉਹ ਮੈਨੂੰ ਮਨਜ਼ੂਰ ਹੋਵੇਗੀ। ਮੇਰੀ ਹਮੇਸ਼ਾ ਇਹੀ ਭਾਵਨਾ ਰਹੀ ਹੈ ਕਿ ਸੇਵਾ ਕਰਨੀ ਸਭ ਤੋਂ ਵੱਡਾ ਧਰਮ ਹੈ। ਗੁਰੂ ਜੋ ਵੀ ਸੇਵਾ ਦੇਣਗੇ, ਮੈਂ ਉਸਨੂੰ ਨਿਮਰਤਾ ਨਾਲ ਨਿਭਾਵਾਂਗਾ।’’

ਜ਼ਫ਼ਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਮਨੋਰਥ ਨਹੀਂ ਸੀ। ਪਰ ਹਾਲ ਹੀ ਦੀ ਘਟਨਾ ਨਾਲ ਬੇਲੋੜਾ ਵਿਵਾਦ ਖੜ੍ਹਾ ਹੋ ਗਿਆ, ਜਿਸ ਨਾਲ ਉਨ੍ਹਾਂ ਨੂੰ ਗਹਿਰੀ ਪੀੜਾ ਹੋਈ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਗੁਰੂ ਦੀ ਰਹਿਮਤ ਨਾਲ ਹੀ ਉਹ ਇਸ ਅਹੁਦੇ ’ਤੇ ਹਨ ਅਤੇ ਅੱਗੇ ਵੀ ਗੁਰੂ ਦੇ ਹੁਕਮ ਅਨੁਸਾਰ ਹੀ ਸੇਵਾ ਕਰਦੇ ਰਹਿਣਗੇ।