1.5 ਲੱਖ ਰੁਪਏ ਦੀ ਰਿਸ਼ਵਤ ਲੈਂਦਾ ਜੰਗਲਾਤ ਗਾਰਡ ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀਂ ਕੀਤਾ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਮੀਨ ਸਬੰਧੀ NOC ਜਾਰੀ ਕਰਨ ਲਈ ਮੰਗੇ ਸਨ ਰੁਪਏ

Vigilance Bureau catches forest guard red-handed while taking bribe of Rs 1.5 lakh

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਆਪਣੀ ਮੁਹਿੰਮ ਦੌਰਾਨ ਸੋਮਵਾਰ ਨੂੰ ਜੰਗਲਾਤ ਗਾਰਡ ਅਮਨਦੀਪ ਸਿੰਘ, ਵਧੀਕ ਬਲਾਕ ਇੰਚਾਰਜ, ਵਣ ਰੇਂਜ ਦਫ਼ਤਰ, ਪਟਿਆਲਾ ਨੂੰ 1,50,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।

ਇਸ ਗੱਲ ਦਾ ਖੁਲਾਸਾ ਕਰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਨੇ ਦੇਵੀਗੜ੍ਹ ਰੋਡ, ਪਟਿਆਲਾ ਵਿਖੇ ਇੱਕ ਨਰਸਿੰਗ ਹੋਮ ਲਈ ਖਰੀਦੀ ਗਈ ਜ਼ਮੀਨ ਨਾਲ ਸਬੰਧਤ ਕੋਈ ਇਤਰਾਜ਼ ਨਹੀਂ ਸਰਟੀਫਿਕੇਟ ਜਾਰੀ ਕਰਨ ਬਦਲੇ ਇੱਕ ਸ਼ਿਕਾਇਤਕਰਤਾ ਤੋਂ ਇਹ ਰਿਸ਼ਵਤ ਮੰਗੀ ਗਈ ਸੀ।

ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਦੱਸਿਆ ਕਿ ਸਵਰਨ ਸਿੰਘ, ਵਣ ਰੇਂਜ ਅਫ਼ਸਰ, ਪਟਿਆਲਾ ਅਤੇ ਉਪਰੋਕਤ ਅਮਨਦੀਪ ਸਿੰਘ ਨੇ ਮਿਲ ਕੇ ਇਹ  ਰਿਸ਼ਵਤ ਮੰਗੀ ਹੈ।

ਬੁਲਾਰੇ ਨੇ ਅੱਗੇ ਕਿਹਾ ਕਿ ਇਸ ਸ਼ਿਕਾਇਤ ਦੀ ਮੁੱਢਲੀ ਤਸਦੀਕ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਜਿਸ ਦੌਰਾਨ ਉਕਤ ਮੁਲਜ਼ਮ ਅਮਨਦੀਪ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ ਅਤੇ ਰਿਸ਼ਵਤ ਦੀ ਰਕਮ ਮੌਕੇ 'ਤੇ ਹੀ ਬਰਾਮਦ ਕਰ ਲਈ।
ਇਸ ਸਬੰਧ ਵਿੱਚ ਉਕਤ ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ ਬੀਐਨਐਸ ਦੀ ਧਾਰਾ 61(2) ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਰੇਂਜ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਦੂਜੇ ਸਹਿ-ਮੁਲਜ਼ਮ ਸਵਰਨ ਸਿੰਘ, ਵਣ ਰੇਂਜ ਅਫਸਰ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ।