ਬਾਰਿਸ਼ ਦੇ ਪਾਣੀ ਨੇ ਹੁਸ਼ਿਆਰਪੁਰ 'ਚ ਮਚਾਈ ਤਬਾਹੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਬਾਹੀ ਦੀਆਂ ਇਹ ਤਸਵੀਰਾਂ ਹੁਸ਼ਿਆਰਪੁਰ 'ਚ ਪੈਂਦੇ ਪਿੰਡ ਸ਼ੇਰਪੁਰ ਬਾਹਤੀਆਂ ਦੀਆਂ ਹਨ। ਜਿੱਥੇ ਮੋਹਲੇਧਾਰ ਬਾਰਿਸ਼ ....

Heavy rain in Hoshiarpur

ਹੁਸ਼ਿਆਰਪੁਰ : ਤਬਾਹੀ ਦੀਆਂ ਇਹ ਤਸਵੀਰਾਂ ਹੁਸ਼ਿਆਰਪੁਰ 'ਚ ਪੈਂਦੇ ਪਿੰਡ ਸ਼ੇਰਪੁਰ ਬਾਹਤੀਆਂ ਦੀਆਂ ਹਨ। ਜਿੱਥੇ ਮੋਹਲੇਧਾਰ ਬਾਰਿਸ਼ ਦੇ ਚਲਦਿਆਂ ਬੀਤੀ ਦੇਰ ਰਾਤ ਇਕ ਦਮ ਚੋਅ ਦਾ ਪਾਣੀ ਚੜ੍ਹ ਗਿਆ। ਜਿਸ ਕਾਰਨ ਚੋਅ ਦੇ ਨੇੜੇ ਰਹਿੰਦਾ ਇਕ ਪਰਿਵਾਰ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਿਆ। ਇਸ ਦੌਰਾਨ ਪਰਿਵਾਰ ਦੇ ਲੋਕਾਂ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ।

ਜਿਨ੍ਹਾਂ ਵਿਚੋਂ ਇਕ ਦੀ ਲਾਸ਼ ਬਰਾਮਦ ਹੋ ਗਈ ਹੈ ਅਤੇ ਦੂਜੀ ਦਾ ਅਜੇ ਤਕ ਕੋਈ ਪਤਾ ਨਹੀਂ ਲੱਗ ਸਕਿਆ। ਦਰਅਸਲ ਇਹ ਹਾਦਸਾ ਇਕ ਨੇਪਾਲੀ ਪਰਿਵਾਰ ਨਾਲ ਵਾਪਰਿਆ ਜੋ ਚੋਅ ਦੇ ਬਿਲਕੁਲ ਨੇੜੇ ਇਕ ਮਕਾਨ ਵਿਚ ਰਹਿੰਦਾ ਸੀ। ਜਾਣਕਾਰੀ ਅਨੁਸਾਰ ਦੇਰ ਰਾਤ ਅਚਾਨਕ ਉਸ ਸਮੇਂ ਪਾਣੀ ਆ ਗਿਆ ਜਦੋਂ ਇਹ ਪਰਿਵਾਰ ਅਪਣੇ ਘਰ ਵਿਚ ਸੁੱਤਾ ਪਿਆ ਸੀ।

ਪਾਣੀ ਵਿਚ ਪਰਿਵਾਰ ਦੇ 7 ਮੈਂਬਰ ਰੁੜ੍ਹ ਗਏ। ਜਿਨ੍ਹਾਂ ਵਿਚੋਂ ਪੰਜ ਤਾਂ ਸਹੀ ਸਲਾਮਤ ਬਚ ਗਏ ਪਰ 30 ਸਾਲਾ ਸੀਮਾ ਦੀ ਮੌਤ ਹੋ ਗਈ। ਜਿਸ ਦੀ ਲਾਸ਼ ਘਰ ਤੋਂ ਕਰੀਬ ਦੋ ਕਿਲੋਮੀਟਰ ਦੂਰ ਪਿੰਡ ਬਸੀ ਗੁਲਾਮ ਹੁਸੈਨ ਦੇ ਚੋਅ ਵਿਚੋਂ  ਮਿਲੀ। ਜਦਕਿ ਇਕ 4 ਸਾਲਾ ਬੱਚੀ ਦਾ ਹਾਲੇ ਤਕ ਕੋਈ ਪਤਾ ਨਹੀਂ ਚੱਲ ਸਕਿਆ।

ਘਟਨਾ ਦਾ ਪਤਾ ਲਗਦਿਆਂ ਹੀ ਥਾਣਾ ਸਦਰ ਦੇ ਏਐਸਆਈ ਰਾਜ ਕੁਮਾਰ ਅਪਣੀ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਸਾਰੇ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਪਰਿਵਾਰ ਨੂੰ ਬੱਚੀ ਨੂੰ ਜਲਦ ਲੱਭ ਲੈਣ ਦਾ ਭਰੋਸਾ ਦਿਵਾਇਆ। ਦਸ ਦਈਏ ਕਿ ਹੁਸ਼ਿਆਰਪੁਰ ਵਿਚ ਹੋਈ ਮੋਹਲੇਧਾਰ ਬਾਰਿਸ਼ ਕਾਰਨ ਹੋਰਨਾਂ ਕਈ ਥਾਵਾਂ 'ਤੇ ਵੀ ਪਾਣੀ ਕਾਰਨ ਫ਼ਸਲਾਂ ਸਮੇਤ ਹੋਰ ਚੀਜ਼ਾਂ ਦਾ ਭਾਰੀ ਨੁਕਸਾਨ ਹੋਣ ਦੀਆਂ ਖ਼ਬਰਾਂ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ