ਕੈਬਨਿਟ ਮੰਤਰੀ ਧਰਮਸੋਤ ਦੀ ਛੁੱਟੀ ਕਰੋ, ਸੀ.ਬੀ.ਆਈ. ਜਾਂਚ ਕਰਵਾਉ: ਬੀਜੇਪੀ ਅਨੁਸੂਚਿਤ ਜਾਤੀ ਮੋਰਚਾ

ਏਜੰਸੀ

ਖ਼ਬਰਾਂ, ਪੰਜਾਬ

ਕੈਬਨਿਟ ਮੰਤਰੀ ਧਰਮਸੋਤ ਦੀ ਛੁੱਟੀ ਕਰੋ, ਸੀ.ਬੀ.ਆਈ. ਜਾਂਚ ਕਰਵਾਉ: ਬੀਜੇਪੀ ਅਨੁਸੂਚਿਤ ਜਾਤੀ ਮੋਰਚਾ

image

ਚੰਡੀਗੜ੍ਹ, 30 ਸਤੰਬਰ (ਜੀ.ਸੀ.ਭਾਰਦਵਾਜ): ਸਾਲ 2015-16 ਤੋਂ ਲੈ ਕੇ 2018-19 ਤਕ ਚਲ ਰਹੇ ਅਨੁਸੂਚਿਤ ਜਾਤੀ ਵਿਦਿਆਰਥੀਆਂ ਦੇ 300 ਕਰੋੜ ਵਜ਼ੀਫ਼ਿਆਂ ਦੇ ਘਪਲੇ ਅਤੇ ਇਸ ਸਬੰਧ ਵਿਚ ਸੀਨੀਅਰ ਆਈ.ਏ.ਐਸ. ਅਧਿਕਾਰੀ ਕਿਰਪਾ ਸ਼ੰਕਰ ਸਰੋਜ ਵਲੋਂ ਮੁੱਖ ਸਕੱਤਰ ਨੂੰ ਦਿਤੀ 64 ਕਰੋੜ ਦੀ ਘਪਲਾ ਰੀਪੋਰਟ ਦੇ ਸਬੰਧ ਵਿਚ ਮੁੱਖ ਮੰਤਰੀ ਵਲੋਂ ਵਰਤੀ ਜਾ ਰਹੀ ਸੁਸਤੀ ਦੇ ਚਲਦਿਆਂ ਪੰਜਾਬ ਬੀਜੇਪੀ ਐਸ.ਸੀ. ਵਿੰਗ ਦੇ ਪ੍ਰਧਾਨ ਰਾਜ ਕੁਮਾਰ ਅਟਵਾਲ ਤੇ ਡਿਪਟੀ ਪ੍ਰਧਾਨ ਰਾਜੇਸ਼ ਬਾਹਗਾ ਨੇ ਪ੍ਰੈਸ ਕਾਨਫ਼ਰੰਸ ਕਰ ਕੇ ਦਸਿਆ ਕਿ ਮੋਰਚੇ ਦੇ ਵਰਕਰ ਅਗਲੇ ਸੋਮਵਾਰ ਤੋਂ ਸੰਘਰਸ਼ ਛੇੜਨਗੇ ਅਤੇ ਛੇਤੀ ਹੀ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਘੇਰਨਗੇ।
ਅੱਜ ਇਥੇ ਮੀਡੀਆ ਗੱਲਬਾਤ ਕਰਦੇ ਹੋਏ ਅਟਵਾਲ ਤੇ ਬਾਹਗਾ ਨੇ ਮੰਗ ਕੀਤੀ ਕਿ ਲੱਖਾਂ ਅਨੁਸੂਚਿਤ ਜਾਤੀ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ਵਿਚ ਹੈ, ਉਨ੍ਹਾਂ ਨੂੰ ਸਰਟੀਫ਼ੀਕੇਟ ਤੇ ਡਿਗਰੀਆਂ ਨਹੀਂ ਮਿਲ ਰਹੀਆਂ ਕਿਉਂਕਿ ਸੈਂਕੜੇ ਕਾਲਜਾਂ ਨੇ ਫ਼ੀਸਾਂ ਦੀ ਅਦਾਇਗੀ ਨਾ ਹੋਣ ਕਰ ਕੇ ਪੀੜਤ ਵਿਦਿਆਰਥੀਆਂ ਨੂੰ ਅਗਲੇ ਕੋਰਸਾਂ ਵਿਚ ਦਾਖ਼ਲਾ ਦੇਣਾ ਬੰਦ ਕਰ ਦਿਤਾ ਹੈ ਅਤੇ ਨਵੇਂ ਦਾਖ਼ਲੇ ਵੀ ਰੁਕ ਗਏ ਹਨ। ਇਸ ਵੱਡੇ ਘਪਲੇ ਦੀ ਸੀ.ਬੀ.ਆਈ. ਵਲੋਂ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਰਾਜੇਸ਼ ਬਾਹਗਾ ਨੇ ਦਸਿਆ ਕਿ 2015-16, 2016-17 ਅਤੇ 2017-18 ਸਾਲ ਦੀ ਨਾ ਤਾਂ ਪੰਜਾਬ ਸਰਕਾਰ ਨੇ ਆਡਿਟ ਰੀਪੋਰਟ ਭੇਜੀ ਹੈ ਅਤੇ ਨਾ ਹੀ 2018-19 ਅਤੇ 2019-2020 ਦੇ ਵਜ਼ੀਫ਼ੇ ਕਾਲਜਾਂ ਤੇ ਪੰਜਾਬ ਸਰਕਾਰ ਨੇ ਕੇਂਦਰ ਤੋਂ ਪ੍ਰਾਪਤ ਕੀਤੇ ਹਨ ਜਦੋਂ ਕਿ ਇਹ ਮੁੱਦਾ ਵਾਰ-ਵਾਰ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਵਲੋਂ ਉਠਾਇਆ ਵੀ ਜਾਂਦਾ ਰਿਹਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਜ਼ਾਹਰਾ ਤੌਰ 'ਤੇ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਬਚਾਅ ਰਹੇ ਹਨ ਅਤੇ ਇਸ ਘਪਲੇ ਦੀ ਰੀਪੋਰਟ ਨੂੰ ਠੰਢੇ ਬਸਤੇ ਵਿਚ ਪਾ ਕੇ ਲੱਖਾਂ ਅਨੁਸੂਚਿਤ ਜਾਤੀ ਤੇ ਦਲਿਤ ਵਿਦਿਆਰਥੀਆਂ ਨਾਲ ਬੇਇਨਸਾਫ਼ੀ ਕਰ ਰਹੇ ਹਨ। ਰਾਜੇਸ਼ ਬਾਹਗਾ ਨੇ ਕਿਹਾ ਕਿ ਜਦੋਂ ਉਹ ਖ਼ੁਦ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਸਨ ਤਾਂ ਇਨ੍ਹਾਂ ਦਲਿਤ ਵਿਦਿਆਰਥੀਆਂ ਦੀ ਭਲਾਈ ਲਈ, ਕੇਂਦਰ ਸਰਕਾਰ ਤੋਂ ਵਜ਼ੀਫ਼ਾ ਰਕਮ ਦੁਆਉਣ ਦੀ ਲਗਾਤਾਰ ਕੋਸ਼ਿਸ਼ ਕਰਦੇ ਰਹੇ ਸਨ ਅਤੇ 3,50,000 ਵਿਦਿਆਰਥੀਆਂ ਨੂੰ ਵਜ਼ੀਫ਼ਾ ਦਿਵਾਉਣ ਵਿਚ ਕਾਮਯਾਬ ਹੋ ਗਏ ਸਨ। ਉਨ੍ਹਾਂ ਦੁੱਖ ਪ੍ਰਗਟ ਕੀਤਾ  ਕਿ ਮੌਜੂਦਾ ਕਾਂਗਰਸ ਸਰਕਾਰ ਦੇ ਦਲਿਤ ਮੰਤਰੀ ਨੇ ਖ਼ੁਦ ਗ਼ਰੀਬ ਵਿਦਿਆਰਥੀਆਂ ਦੀ ਵਜ਼ੀਫ਼ੇ ਦੀ ਰਕਮ ਵਿਚ ਘਪਲਾ ਤੇ ਕੁਰੱਪਸ਼ਨ ਕੀਤਾ ਅਤੇ 2018-19, 2019-20 ਅਤੇ 2020-21 ਤਕ ਦੀ ਮਿਲਣ ਵਾਲੀ ਰਕਮ ਪ੍ਰਾਪਤੀ ਵਿਚ ਰੋੜਾ ਅਟਕਾਇਆ।
ਐਸ.ਸੀ. ਮੋਰਚਾ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਖ਼ੁਦ ਦਿਲਚਸਪੀ ਲੈ ਕੇ ਅਨੁਸੂਚਿਤ ਵਿਦਿਆਰਥੀਆਂ ਨਾਲ ਹੋ ਰਹੀ ਬੇਇਨਸਾਫ਼ੀ ਨੂੰ ਰੋਕਣ ਅਤੇ ਜੇ ਕੋਈ ਕਾਲਜ ਜਾਂ ਸੰਸਥਾ ਦਸ਼ੀ ਹੈ ਤਾਂ ਉਸ ਵਿਰੁਧ ਕਾਰਵਾਈ ਕਰਨ। ਜ਼ਿਕਰਯੋਗ ਹੈ ਕਿ ਪੰਜਾਬ ਦੇ ਸੈਂਕੜੇ ਕਿੱਤਾ ਮੁਖੀ ਕਾਲਜਾਂ, ਸੰਸਥਾਵਾਂ ਤੇ ਹੋਰ ਅਦਾਰਿਆਂ ਵਿਚ ਪੜ੍ਹਾਈ ਕਰ ਰਹੇ ਦਲਿਤ ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਕੇਂਦਰੀ ਸਕੀਮ ਤਹਿਤ ਲਗਭਗ 5,00,000 ਬੱਚਿਆਂ ਨੂੰ ਲਾਭ ਮਿਲਦਾ ਹੈ। ਇਨ੍ਹਾਂ ਬੱਚਿਆਂ ਵਿਚ ਬਹੁਤੇ ਗ਼ਰੀਬ ਦਿਹਾੜੀਦਾਰਾਂ ਦੇ ਬੱਚੇ ਸ਼ਾਮਲ ਹਨ।


ਫ਼ੋਟੋ: ਸੰਤੋਖ ਸਿੰਘ ਵਲੋਂ 1,2

ਲੱਖਾਂ ਵਿਦਿਆਰਥੀਆਂ ਦੀ ਕਰੋੜਾਂ ਰੁਪਏ ਵਜ਼ੀਫ਼ਾ ਰਕਮ ਦਿਉ

ਸੋਮਵਾਰ ਨੂੰ ਸੰਘਰਸ਼ ਛੇੜਾਂਗੇ ਤੇ ਮੁੱਖ ਮੰਤਰੀ ਦੀ ਕੋਠੀ ਘੇਰਾਂਗੇ