3,4,5 ਅਕਤੂਬਰ ਨੂੰ ਪੰਜਾਬ ਦੇ ਕਿਸਾਨਾਂ ਦੇ ਹੱਕ 'ਚ ਟਰੈਕਟਰ ਰੈਲੀ ਕਰਨਗੇ ਰਾਹੁਲ ਗਾਂਧੀ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸੂਬੇ ਦੇ ਹੋਰ ਸੀਨੀਅਰ ਕਾਂਗਰਸੀ ਲੀਡਰ ਰਹਿਣਗੇ ਮੌਜੂਦ
ਚੰਡੀਗੜ੍ਹ: ਕਿਸਾਨ ਅੰਦੋਲਨ ਵਿਚ ਤਾਕਤ ਭਰਨ ਲਈ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਇਸ ਹਫ਼ਤੇ ਪੰਜਾਬ ਆ ਰਹੇ ਹਨ। ਰਾਹੁਲ ਗਾਂਧੀ ਵੱਲੋਂ 3,4 ਅਤੇ 5 ਅਕਤੂਬਰ ਨੂੰ ਪੰਜਾਬ ਵਿਚ ਟਰੈਕਟਰ ਰੈਲੀ ਕੱਢੀ ਜਾਵੇਗੀ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸੂਬੇ ਦੇ ਹੋਰ ਸੀਨੀਅਰ ਕਾਂਗਰਸੀ ਲੀਡਰ ਮੌਜੂਦ ਰਹਿਣਗੇ।
ਕਾਂਗਰਸ ਵੱਲ਼ੋਂ ਜਾਰੀ ਕੀਤੇ ਗਏ ਪ੍ਰੋਗਰਾਮ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿਘ ਅਤੇ ਹੋਰ ਕਾਂਗਰਸ ਆਗੂਆਂ ਦੇ ਨਾਲ ਰਾਹੁਲ ਗਾਂਧੀ ਇਹ ਟਰੈਕਟਰ ਰੈਲੀਆਂ ਕਰਨਗੇ। ਇਸ ਦੌਰਾਨ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਮੌਜੂਦ ਹੋਣਗੇ।
ਰੈਲੀ ਦੇ ਪਹਿਲੇ ਦਿਨ 3 ਅਕਤੂਬਰ ਨੂੰ ਜ਼ਿਲ੍ਹਾ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਪਿੰਡ ਬੱਧਨੀ ਕਲਾਂ ਤੋਂ ਸ਼ੁਰੂ ਹੋ ਕੇ ਰੈਲੀ ਲੋਪੋ ਹੁੰਦੀ ਹੋਂਈ ਜਗਰਾਓ, ਚਕਰ,ਲੱਖਾ,ਮਾਣੂਕੇ ਹੁੰਦੀ ਹੋਈ 22 ਕਿਲੋਮੀਟਰ ਸਫਰ ਤੈਅ ਕਰ ਕੇ ਰਾਏਕੋਟ ਵਿਚ ਜੱਟਪੁਰਾ ਵਿਖੇ ਸਮਾਪਤ ਹੋਵੇਗੀ।
ਇਸ ਤੋਂ ਬਾਅਦ ਦੂਜੇ ਦਿਨ ਦਿਨ 4 ਅਕਤੂਬਰ ਨੂੰ ਬਰਨਾਲਾ ਚੌਂਕ ਸੰਗਰੂਰ ਤੋਂ ਹੁੰਦੀ ਹੋਈ ਰੈਲੀ ਭਵਾਨੀਗੜ ਪੁੱਜੇਗੀ ਜਿਥੇ ਇਕ ਜਨਤਕ ਮੀਟਿੰਗ ਕੀਤੀ ਜਾਵੇਗੀ। ਇਸ ਤੋਂ ਬਾਅਦ ਇਹ ਰੈਲੀ ਸਮਾਣਾ ਤੋਂ ਹੁੰਦੀ ਹੋਈ ਫਤਿਹਗੜ ਛੰਨਾ ਤੇ ਬਾਹਮਣਾ ਤੋਂ ਹੁੰਦੀ ਹੋਈ 20 ਕਿਲੋਮੀਟਰ ਸਫਰ ਤੈਅ ਕਰ ਕੇ ਸਮਾਣਾ ਦੀ ਅਨਾਜ ਮੰਡੀ ਵਿਚ ਸਮਾਪਤ ਹੋਵੇਗੀ।
ਆਖਰੀ ਅਤੇ ਤੀਜੇ ਦਿਨ 5 ਅਕਤੂਬਰ ਨੂੰ ਇਹ ਰੈਲੀ ਦੁਧਣ ਸਾਧਾਂ ਜ਼ਿਲਾ ਪਟਿਆਲਾ ਵਿਚ ਸ਼ੁਰੂ ਹੋਵੇਗੀ ਅਤੇ 10 ਕਿਲੋਮੀਟਰ ਟਰੈਕਟਰਾਂ ਨਾਲ ਪਿਹੋਵਾ ਪਹੁੰਚੇਗੀ। ਇਸ ਤੋਂ ਬਾਅਦ ਰਾਹੁਲ ਗਾਂਧੀ ਦੇ ਹਰਿਆਣਾ ਦੇ ਪ੍ਰੋਗਰਾਮ ਸ਼ੁਰੂ ਹੋ ਜਾਣਗੇ।