ਕੋਵਿਡ ਮਰੀਜ਼ਾਂ ਨੂੰ ਆਕਸੀਜਨ ਦੀ ਵੰਡ ਯਕੀਨੀ ਬਣਾਉਣ ਲਈ ਟਾਸਕ ਫ਼ੋਰਸ ਬਣਾਈ
ਆਕਸੀਜਨ ਦੇ ਉਤਪਾਦਨ ਤੇ ਭੰਡਾਰਨ ਲਈ ਟੈਂਡਰ ਜਾਰੀ ਕਰਨ ਦੀ ਤਿਆਰੀ
ਚੰਡੀਗੜ੍ਹ, 1 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ) : ਕੋਵਿਡ ਮਹਾਂਮਾਰੀ ਦੌਰਾਨ ਆਕਸੀਜਨ ਦੀ ਸਪਲਾਈ ਅਤੇ ਵੰਡ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਨੇ ਰਾਜ ਤੇ ਜ਼ਿਲਾ ਪਧਰੀ ਟਾਸਕ ਫ਼ੋਰਸ ਸਥਾਪਤ ਕੀਤੀ ਗਈ ਹੈ ਤਾਂ ਜੋ ਕਿਤੇ ਵੀ ਕੋਵਿਡ ਮਰੀਜ਼ਾਂ ਨੂੰ ਆਕਸੀਜਨ ਦੀ ਕਮੀ ਨਾ ਆਵੇ। ਇਸ ਤੋਂ ਇਲਾਵਾ ਸੂਬੇ ਦੇ ਤਿੰਨ ਸਰਕਾਰੀ ਮੈਡੀਕਲ ਕਾਲਜਾਂ ਤੇ ਹਸਪਤਾਲਾਂ ਵਿਚ ਆਕਸੀਜਨ ਦੇ ਉਤਪਾਦਨ ਅਤੇ ਭੰਡਾਰਨ ਟੈਂਕ ਸਥਾਪਤ ਕਰਨ ਅਤੇ ਸਿਵਲ ਹਸਪਤਾਲ ਜਲੰਧਰ ਤੇ ਲੁਧਿਆਣਾ ਵਿਖੇ ਆਕਸੀਜਨ ਦੇ ਉਤਪਾਦਨ ਲਈ ਟੈਂਡਰ ਜਾਰੀ ਕਰਨ ਦੀ ਤਿਆਰੀ ਹੈ।
image
ਇਨ੍ਹਾਂ ਫ਼ੈਸਲਿਆਂ ਦਾ ਐਲਾਨ ਸਰਕਾਰੀ ਬੁਲਾਰੇ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਕੋਵਿਡ ਦੀ ਸਮੀਖਿਆ ਬਾਰੇ ਸੱਦੀ ਮੀਟਿੰਗ ਤੋਂ ਬਾਅਦ ਕੀਤਾ ਗਿਆ। ਮੈਡੀਕਲ ਸਿਖਿਆ ਤੇ ਖੋਜ ਵਿਭਾਗ ਦੇ ਸਕੱਤਰ ਡੀ.ਕੇ. ਤਿਵਾੜੀ ਨੇ ਮੀਟਿੰਗ ਵਿਚ ਦਸਿਆ ਕਿ ਅੰਮ੍ਰਿਤਸਰ, ਪਟਿਆਲਾ ਤੇ ਫ਼ਰੀਦਕੋਟ ਦੇ ਸਰਕਾਰੀ ਮੈਡੀਕਲ ਕਾਲਜਾਂ ਵਿਖੇ ਲਿਕੁਇਡ ਮੈਡੀਕਲ ਆਕਸੀਜਨ ਦੇ ਉਤਪਾਦਨ ਤੇ ਭੰਡਾਰਨ ਸਹੂਲਤ ਲਈ 9.92 ਕਰੋੜ ਰੁਪਏ ਦੀ ਜ਼ਰੂਰਤ ਹੈ ਜਿਸ ਲਈ ਟੈਂਡਰ ਜਲਦੀ ਜਾਰੀ ਕਰ ਦਿਤੇ ਜਾਣਗੇ।
ਸਿਹਤ ਸਕੱਤਰ ਹੁਸਨ ਲਾਲ ਨੇ ਕਿਹਾ ਕਿ ਆਉਣ ਵਾਲੇ ਹਫ਼ਤਿਆਂ ਵਿਚ ਕੋਵਿਡ ਮਰੀਜ਼ਾਂ ਨੂੰ ਮੈਡੀਕਲ ਆਕਸੀਜਨ ਦੀ ਢੁੱਕਵੀਂ ਤੇ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਟਰਾਂਸਪੋਰਟ ਤੇ ਮੈਡੀਕਲ ਸਿਖਿਆ ਵਿਭਾਗ ਦੇ ਸਹਿਯੋਗ ਨਾਲ ਉਦਯੋਗ ਤੇ ਵਣਜ ਵਿਭਾਗ ਅਧੀਨ ਰਾਜ ਪਧਰੀ ਟਾਸਕ ਫ਼ੋਰਸ ਬਣਾਉਣ ਤੋਂ ਇਲਾਵਾ ਸਾਰੇ ਜ਼ਿਲ੍ਹਿਆਂ ਵਿਚ ਸਬੰਧਤ ਸੀ.ਐਮ.ਓ./ ਜੀ.ਐਮ.ਡੀ.ਆਈ.ਸੀ./ਡਰੱਗ ਇੰਸਪੈਕਟਰ ਦੀ ਅਗਵਾਈ ਹੇਠ ਜ਼ਿਲਾ ਪਧਰੀ ਟਾਸਕ ਫ਼ੋਰਸ ਸਥਾਪਤ ਕੀਤੀ ਗਈ ਹੈ।
ਸਿਹਤ ਸਕੱਤਰ ਅਨੁਸਾਰ ਸਰਕਾਰੀ ਤੇ ਮੈਡੀਕਲ ਹਸਪਤਾਲਾਂ ਵਿਖੇ ਇਸ ਵੇਲੇ ਰੋਜ਼ਾਨਾ ਕਰੀਬ 135 ਐਮ.ਟੀ. ਮੈਡੀਕਲ ਆਕਸੀਜਨ ਦੀ ਜ਼ਰੂਰਤ ਹੈ। ਸੂਬਾ ਕਰੀਬ 75 ਐਮ.ਟੀ. ਮੈਡੀਕਲ ਆਕਸੀਜਨ ਖ਼ਰੀਦ ਰਿਹਾ ਹੈ ਅਤੇ ਸੂਬੇ ਕੋਲ 80 ਐਮ.ਟੀ. ਲਿਕੁਇਡ ਮੈਡੀਕਲ ਆਕਸੀਜਨ ਮੌਜੂਦ ਹੈ।