'ਸ਼੍ਰੋਮਣੀ ਕਮੇਟੀ ਨੇ ਮੋਰਚੇ ਦੀ ਅਵਾਜ਼ ਦਬਾਉਣ ਲਈ ਲਾਏ ਵੱਡੇ ਹਾਰਨ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੋਰਚੇ ਦੇ ਆਗੂਆਂ ਨੇ ਕਮੇਟੀ ਦੇ ਮੁੱਖ ਦਫ਼ਤਰ ਨੂੰ ਲਾਇਆ ਤਾਲਾ

image

ਅੰਮ੍ਰਿਤਸਰ, 1 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਸਾਹਮਣੇ ਲਗਾ ਮੋਰਚਾ ਅੱਜ 19ਵੇਂ ਦਿਨ 'ਚ ਦਾਖ਼ਲ ਹੋ ਗਿਆ। ਮੋਰਚੇ ਦੇ ਆਗੂਆਂ ਨੇ ਦਸਿਆ ਕਿ ਸ਼੍ਰੋਮਣੀ ਕਮੇਟੀ ਪਾਵਨ ਸਰੂਪਾਂ ਬਾਰੇ ਦਸਣ ਦੀ ਬਜਾਏ ਮੋਰਚੇ ਨੂੰ ਸਾਬੋਤਾਜ਼ ਕਰਨ ਲਈ ਅੰਦਰਖਾਤੇ ਵੱਖ-ਵੱਖ ਲੋਕਾਂ ਰਾਹੀਂ ਕਈ ਤਰ੍ਹਾਂ ਦੇ ਹੱਥਕੰਢੇ ਵਰਤ ਰਹੀ ਹੈ।

image


ਦੂਜੇ ਬੰਨੇ ਮੋਰਚੇ ਦੇ ਸਾਹਮਣੇ  ਪਹਿਲਾਂ ਛੋਟਾ ਸਪੀਕਰ ਮੁੜ ਵੱਡੇ ਹਾਰਨ ਲਾ ਕੇ ਮੋਰਚੇ ਦੀ ਅਵਾਜ਼ ਦਬ ਰਹੀ ਹੈ ਜਿਸ ਦਾ ਤੋੜ ਕਢਦਿਆਂ ਮੋਰਚੇ ਦੇ ਆਗੂ ਸੁਖਜੀਤ ਸਿੰਘ ਖੋਸੇ ਵਲੋਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਮੁੱਖ ਦਰਵਾਜ਼ੇ ਨੂੰ ਜਿੰਦਰਾ ਤਕ ਮਾਰ ਦਿਤਾ। ਬਾਅਦ ਵਿਚ ਸ਼੍ਰੋਮਣੀ ਕਮੇਟੀ ਨੇ ਵੀ ਸਪੀਕਰ ਬੰਦ ਕਰ ਦਿਤੇ। ਮੋਰਚੇ ਦੇ ਸਮਰਥਨ 'ਚ ਪਹੁੰਚੇ ਢਾਡੀ ਜਸਬੀਰ ਸਿੰਘ ਮਾਨ ਨੇ ਕਿਹਾ ਕੇ ਗੁਰੂ ਗੋਬਿੰਦ ਸਿੰਘ ਜੀ ਫਰਮਾਉਂਦੇ ਸਨ ਕਿ 'ਮੇਰੀ ਆਤਮਾ ਗੁਰੂ ਗ੍ਰੰਥ ਵਿਚ ਅਤੇ ਸਰੀਰ ਪੰਥ ਵਿਚ' ਪਰ ਸ਼੍ਰੋਮਣੀ ਕਮੇਟੀ ਨੇ ਨਾ ਗੁਰੂ ਗ੍ਰੰਥ ਸਹਿਬ ਛਡਿਆ ਅਤੇ ਨਾ ਪੰਥ। ਉਨ੍ਹਾਂ ਕਿਹਾ ਕੇ ਜਿਹੜੇ ਸਿੰਘ ਮੋਰਚੇ 'ਤੇ ਬੈਠੇ ਹਨ, ਕੀ ਪਾਵਨ ਸਰੂਪ ਇਨ੍ਹਾਂ ਇਕੱਲਿਆਂ ਦੇ ਹਨ? ਇਹ ਮਰਜੀਵੜਿਆਂ ਦੀ ਕਿਰਤੀ ਫ਼ੌਜ ਹੈ। ਇਹ ਗੁਰੂ ਸਹਿਬ ਦੇ ਗੁੰਮ ਕੀਤੇ ਪਾਵਨ ਸਰੂਪਾਂ ਦਾ ਹਿਸਾਬ ਲੈ ਕੇ ਉਠਣਗੇ।


ਉਨ੍ਹਾਂ ਮੋਰਚੇ 'ਤੇ ਬੈਠੀ ਸੰਗਤਾਂ ਨੂੰ ਜਿਥੇ ਕਮੇਟੀ ਦੇ ਮਾੜੇ ਪ੍ਰਬੰਧਾਂ ਤੋਂ ਜਾਣੂ ਕਰਵਾਇਆ ਉਥੇ ਗੁਰਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਮੋਰਚੇ 'ਤੇ ਬੈਠੇ ਆਗੂ ਭਾਈ ਸੁਖਜੀਤ ਸਿੰਘ ਖੋਸੇ ਨੇ ਕਿਹਾ ਅਸੀਂ ਸ਼ਾਂਤਮਈ ਗੁਰੂ ਦੇ ਇਨਸਾਫ਼ ਲਈ ਸੰਘਰਸ਼ ਵਿੱਢਿਆ ਹੈ। ਪਰ ਕਮੇਟੀ ਜਾਣ-ਬੁੱਝ ਕੇ ਸਾਨੂੰ ਪ੍ਰੇਸ਼ਾਨ ਕਰ ਰਹੀ ਹੈ। ਉਹ ਸੋਚਦੇ ਨੇ ਕੇ ਅਸੀਂ ਹਾਰਨਾਂ ਨੂੰ ਨੁਕਸਾਨ ਪਹੁੰਚਾਈਏ ਤੇ ਸ਼੍ਰੋਮਣੀ ਕਮੇਟੀ ਇਸ ਨੂੰ ਹੁਲੜਬਾਜ਼ੀ ਕਰਾਰ ਦੇ ਕੇ ਮੋਰਚੇ ਨੂੰ ਖ਼ਤਮ ਕਰਵਾ ਦੇਵੇ। ਪਰ ਅਸੀ ਅਜਿਹਾ ਨਹੀਂ ਕਰਾਂਗੇ, ਜਦੋਂ ਵੀ ਇਹ ਸਾਨੂੰ ਤੰਗ ਪ੍ਰੇਸ਼ਾਨ ਕਰਨਗੇ, ਅਸੀਂ ਬਰਾਂਡੇ ਵਿਚੋਂ ਉਠ ਕੇ ਮੁੱਖ ਗੇਟ ਅੱਗੇ ਬੈਠਾਂਗੇ।


ਇਸ ਮੌਕੇ ਭਾਈ ਦਿਲਬਾਗ ਸਿੰਘ, ਭਾਈ ਬਲਬੀਰ ਸਿੰਘ ਮੁੱਛਲ, ਮਨਜੀਤ ਸਿੰਘ ਝਬਾਲ, ਤਰਲੋਚਨ ਸਿੰਘ ਸੋਹਲ, ਲਖਬੀਰ ਸਿੰਘ ਮਹਾਲਮ, ਬਰਜਿੰਦਰ ਸਿੰਘ ਪਰਵਾਨਾ, ਪਰਮਜੀਤ ਸਿੰਘ ਅਕਾਲੀ, ਰਣਜੀਤ ਸਿੰਘ ਦਮਦਮੀ ਟਕਸਾਲ, ਹੋਰ ਕਈ ਸੰਗਤਾਂ ਨੇ ਹਾਜ਼ਰੀ ਭਰੀ।