ਵਿਸ਼ੇਸ਼ ਜਾਂਚ ਟੀਮ ਸਾਹਮਣੇ ਪੇਸ਼ ਨਹੀਂ ਹੋਏ ਸੁਮੇਧ ਸੈਣੀ

ਏਜੰਸੀ

ਖ਼ਬਰਾਂ, ਪੰਜਾਬ

ਵਿਸ਼ੇਸ਼ ਜਾਂਚ ਟੀਮ ਸਾਹਮਣੇ ਪੇਸ਼ ਨਹੀਂ ਹੋਏ ਸੁਮੇਧ ਸੈਣੀ

image

ਅਪਣੇ ਬਿਮਾਰ ਹੋਣ ਦੀ ਭੇਜੀ ਜਾਣਕਾਰੀ, ਪੁਲਿਸ ਅਤੇ ਮੀਡੀਆ ਕਰਦਾ ਰਿਹਾ ਇੰਤਜ਼ਾਰ
 

ਐਸ.ਏ.ਐਸ. ਨਗਰ, 30 ਸਤੰਬਰ (ਗੁਰਮੁਖ ਵਾਲੀਆ) : ਬਹੁਚਰਚਿਤ ਬਲਵੰਤ ਸਿੰਘ ਮੁਲਤਾਨੀ ਅਗ਼ਵਾ ਅਤੇ ਕਤਲ ਦੇ ਮਾਮਲੇ ਵਿਚ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਪੁਲਸ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਅੱਜ ਐਸ.ਆਈ.ਟੀ. ਦੇ ਸਾਹਮਣੇ ਪੇਸ਼ ਨਹੀਂ ਹੋਏ। ਇਸ ਦੌਰਾਨ ਇਸ ਮਾਮਲੇ ਦੀ ਜਾਂਚ ਕਰ ਰਹੀ ਐਸ.ਆਈ.ਟੀ. ਦੇ ਅਧਿਕਾਰੀ ਐਸ.ਪੀ. ਹਰਮਨਦੀਪ ਸਿੰਘ ਹੰਸ, ਡੀਐਸਪੀ ਬਿਕਰਮਜੀਤ ਸਿੰਘ ਬਰਾੜ ਅਤੇ ਐਸਐਚਓ ਰਾਜੀਵ ਕੁਮਾਰ ਥਾਣਾ ਮਟੌਰ ਵਿਚ ਸੈਣੀ ਦਾ ਇੰਤਜਾਰ ਕਰਦੇ ਰਹੇ ਜਦਕਿ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਦੇ ਲੋਕ ਥਾਣੇ ਦੇ ਬਾਹਰ ਖੜ੍ਹ ਕੇ ਸੈਣੀ ਨੂੰ ਉਡੀਕਦੇ ਰਹੇ ਪ੍ਰੰਤੂ ਸੈਣੀ ਦੁਪਹਿਰ 1 ਵਜੇ ਤਕ ਹਾਜ਼ਰ ਨਹੀਂ ਹੋਏ। ਇਸ ਦੌਰਾਨ ਸਾਬਕਾ ਡੀਜੀਪੀ ਸੈਣੀ ਨੇ ਅਪਣੇ ਵਕੀਲ ਰਾਹੀਂ ਮੁਹਾਲੀ ਪੁਲਿਸ ਨੂੰ ਈ-ਮੇਲ ਭੇਜ ਕੇ ਦਸਿਆ ਕਿ ਉਹ ਬੀਮਾਰ ਹਨ ਅਤੇ ਉਨ੍ਹਾਂ ਦੇ ਡਾਕਟਰ ਵਲੋਂ ਉਨ੍ਹਾਂ ਨੂੰ ਬੈਡ ਰੈਸਟ ਦੀ ਸਲਾਹ ਦਿਤੀ ਗਈ ਹੈ ਇਸ ਲਈ ਉਹ ਮਟੌਰ ਥਾਣੇ ਵਿਚ ਹਾਜ਼ਰ ਨਹੀਂ ਹੋ ਸਕਦੇ। ਜ਼ਿਕਰਯੋਗ ਹੈ ਕਿ ਬੀਤੀ 28 ਸਤੰਬਰ ਨੂੰ ਸਾਬਕਾ ਡੀਜੀਪੀ ਥਾਣਾ ਮਟੌਰ ਵਿਚ ਪੇਸ਼ ਹੋਏ ਸੀ ਅਤੇ ਐਸ.ਆਈ.ਟੀ. ਨੇ ਉਨ੍ਹਾਂ ਤੋਂ ਲਗਭਗ 6 ਘੰਟੇ ਤਕ ਪੁੱਛਗਿਛ ਕੀਤੀ ਸੀ ਜਿਸ ਦੌਰਾਨ ਸੈਣੀ ਤੋਂ 300 ਤੋਂ ਜ਼ਿਆਦਾ ਸਵਾਲ-ਜਵਾਬ ਕੀਤੇ ਗਏ ਸਨ। ਇਸ ਦੌਰਾਨ ਸੈਣੀ ਵਲੋਂ ਦਿਤੇ ਜਵਾਬਾਂ ਤੋਂ ਐਸ.ਆਈ.ਟੀ ਸੰਤੁਸ਼ਟ ਨਹੀਂ ਹੋਈ ਅਤੇ ਪੁਲਿਸ ਵਲੋਂ ਸੁਮੇਧ ਸੈਣੀ ਨੂੰ ਮੁੜ ਮਟੌਰ ਥਾਣੇ ਵਿਚ ਪੇਸ਼ ਹੋਣ ਲਈ ਕਿਹਾ ਗਿਆ ਸੀ ਪ੍ਰੰਤੂ ਅੱਜ ਸਾਬਕਾ ਡੀ.ਜੀ.ਪੀ. ਦੇ ਹਾਜ਼ਰ ਨਾ ਹੋਣ ਕਾਰਨ ਹੁਣ ਐਸ.ਆਈ.ਟੀ ਵਲੋਂ ਉਨ੍ਹਾਂ ਨੂੰ ਨਵਾਂ ਨੋਟਿਸ ਜਾਰੀ ਕੀਤਾ ਜਾਵੇਗਾ। ਇਥੇ ਸਾਬਕਾ ਆਈ ਏ ਐਸ ਅਧਿਕਾਰੀ ਦੇ ਬੇਟੇ ਬਲਵੰਤ ਸਿੰਘ ਮੁਲਤਾਨੀ ਨੂੰ 1991 ਵਿਚ ਅਗ਼ਵਾ ਕਰਨ ਅਤੇ ਬਾਅਦ ਵਿਚ ਮੁਲਤਾਨੀ ਦੇ ਲਾਪਤਾ ਹੋ ਜਾਣ ਦੇ ਮਾਮਲੇ ਵਿਚ ਮਟੌਰ ਪੁਲਿਸ ਵਲੋਂ ਬੀਤੀ 6 ਮਈ ਨੂੰ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਅਤੇ ਚੰਡੀਗੜ੍ਹ ਪੁਲਿਸ ਦੇ ਕੁੱਝ ਹੋਰਨਾਂ ਅਧਿਕਾਰੀਆਂ ਵਿਰੁਧ ਮਾਮਲਾ ਦਰਜ ਕੀਤਾ ਗਿਆ ਸੀ। ਸੁਮੇਧ ਸੈਣੀ ਉਸ ਵੇਲੇ (1991 ਵਿਚ) ਚੰਡੀਗੜ੍ਹ ਦੇ ਐਸ.ਐਸ.ਪੀ. ਸਨ ਅਤੇ ਮੁਲਤਾਨੀ ਨੂੰ ਸੁਮੇਧ ਸਿੰਘ ਸੈਣੀ ਉਤੇ ਚੰਡੀਗੜ੍ਹ ਵਿਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਫੜਿਆ ਗਿਆ ਸੀ। ਹਮਲੇ ਵਿਚ ਸੈਣੀ ਦੀ ਸੁਰੱਖਿਆ ਵਿਚ ਤੈਨਾਤ ਚਾਰ ਪੁਲਿਸ ਕਰਮੀ ਮਾਰੇ ਗਏ ਸਨ।