ਪੀਯੂ 'ਚ ਇਸ ਵਾਰ ਨਹੀਂ ਹੋਵੇਗਾ Entrance Test, ਮੈਰਿਟ ਦੇ ਅਧਾਰ 'ਤੇ ਹੋਵੇਗਾ ਦਾਖ਼ਲਾ 

ਏਜੰਸੀ

ਖ਼ਬਰਾਂ, ਪੰਜਾਬ

ਆਨਲਾਈਨ ਫਾਰਮ ਜਮ੍ਹਾਂ ਕਰਵਾਉਣ ਦੀ ਆਖਰੀ ਤਰੀਕ 15 ਅਕਤੂਬਰ ਤੱਕ ਵਧੀ

Entrance Exam PU

ਚੰਡੀਗੜ੍ਹ -  ਕੋਰੋਨਾ ਮਹਾਂਮਾਰੀ ਦੇ ਚਲਦੇ ਇਸ ਵਾਰ ਪੰਜਾਬ ਯੁਨੀਵਰਸਿਟੀ ਪੋਸਟ ਗ੍ਰੈਜੁਏਟ ਕੋਰਸ, ਪੀਯੂਲੀਟ, ਐਮਫਿੱਲ ਅਤੇ ਪੀਐੱਚਡੀ ਵਿਚ ਦਾਖਲੇ ਦੇ ਲਈ ਇੰਟਰੈਂਸ ਟੈਸਟ ਨਹੀਂ ਲਵੇਗੀ। ਇਸ ਸਾਲ ਦੇ ਦਾਖਲੇ ਮੈਰਿਟ ਦੇ ਅਧਾਰ 'ਤੇ ਕੀਤੇ ਜਾਣਗੇ। ਇਸ ਤੋਂ ਪਹਿਲਾਂ ਅੰਡਰ ਗ੍ਰੈਜੁਏਟ ਕੋਰਸ ਮਤਲਬ ਆਨਰਸ ਕੋਰਸ ਵਿਚ ਵੀ ਦਾਖਲਾ ਮੈਰਿਟ ਦੇ ਅਧਾਰ 'ਤੇ ਕੀਤੇ ਗਏ ਸਨ ਤੇ ਇਸ ਵਾਰ ਕੋਈ ਇੰਟਰੈਂਸ ਟੈਸਟ ਨਹੀਂ ਲਿਆ ਜਾਵੇਗਾ।

ਹਾਲਾਂਕਿ ਯੂਆਈਐੱਲਐੱਸ ਵਿਚ ਇੰਟਰੈਂਸ ਨਾ ਕਰਾਉਣ ਨੂੰ ਲੈ ਕੇ ਕੁੱਝ ਲੋਕ ਪੰਜਾਬ ਅਤੇ ਹਰਿਆਣਾ ਹਾਈਕੋਰਟ ਚਲੇ ਗਏ। ਹਾਈਕੋਰਟ ਨੇ ਇਸ ਬਾਰੇ ਵਿਚ ਯੁਨੀਵਰਸਿਟੀ ਤੋਂ ਜਵਾਬ ਤਲਬ ਕੀਤਾ ਹੈ। ਹਾਲਾਂਕਿ ਪੰਜਾਬ ਯੁਨੀਵਰਸਿਟੀ ਨੇ ਕੁੱਝ ਸਮਾਂ ਪਹਿਲਾਂ ਅਧਿਕਾਰਿਤ ਵੈੱਬਸਾਈਟ 'ਤੇ ਇਸ ਦੀ ਸੂਚਨਾ ਪਾ ਦਿੱਤੀ ਸੀ ਕਿ ਇਸ ਵਾਰ ਦਾਖਲੇ ਲਈ ਐਡਮਿਸ਼ਨ ਟੈਸਟ ਨਹੀਂ ਹੋਵੇਗਾ ਅਤੇ ਦਾਖਲਾ ਸਿਰਫ਼ ਮੈਰਿਟ ਦੇ ਅਧਾਰ 'ਤੇ ਹੀ ਹੋਵੇਗਾ। 

ਦੱਸ ਦਈਏ ਕਿ ਪੰਜਾਬ ਯੂਨੀਵਰਸਿਟੀ ਨੇ ਕੋਰੋਨਾ ਵਾਇਰਸ ਕਾਰਨ ਮੌਜੂਦਾ ਪਰਸਥਿਤੀ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਹੈ ਕਿ ਜਿਹੜੇ ਵਿਦਿਆਰਥੀਆਂ ਨੇ PU CET (PG) ਦੇ ਲਈ ਰਜਿਸਟਰ ਕੀਤਾ ਹੈ ਉਹਨਾਂ ਨੂੰ ਦਾਖਲਾ ਫਾਰਮ ਹੀ ਭਰਨਾ ਹੋਵੇਗਾ। ਵਿਦਿਆਰਥੀ ਨੂੰ ਦਾਖਲਾ ਫਾਰਮ 15 ਅਕਤੂਬਰ ਤੱਕ ਜਮਾ ਕਰਵਾਉਣਾ ਹੋਵੇਗਾ। ਪੀ ਯੂ ਤੋਂ ਐਫੀਲਿਏਟਿਡ ਕਾਲਜਾਂ ਵਿਚ ਵੀ.ਸੀ ਦੀ ਮਨਜੂਰੀ ਨਾਲ 10 ਅਕਤੂਬਰ ਤੱਕ ਵਧਾਇਆ ਗਿਆ ਹੈ।

ਜੇਕਰ ਕੋਈ ਵਿਦਿਆਰਥੀ ਦਾਖਲਾ ਲੇਟ ਕਰਵਾਉਂਦਾ ਹੈ, ਉਸ ਨੂੰ 2040 ਰੁਪਏ ਲੇਟ ਫੀਸ ਦੇਣੀ ਹੋਵੇਗੀ। ਪੀਯੂ ਨੇ ਪੰਜਾਬ ਯੂਨੀਵਰਸਿਟੀ ਦੇ ਅਧਿਆਪਨ ਵਿਭਾਗਾਂ / ਸੰਸਥਾਵਾਂ / ਖੇਤਰੀ ਕੇਂਦਰਾਂ ਵਿੱਚ ਵੱਖ ਵੱਖ ਪੀਜੀ ਕੋਰਸਾਂ ਲਈ ਆਨਲਾਈਨ ਫਾਰਮ ਜਮ੍ਹਾਂ ਕਰਵਾਉਣ ਦੀ ਆਖਰੀ ਤਰੀਕ ਵਧਾ ਕੇ 15/10/20 ਕਰ ਦਿੱਤੀ ਹੈ।