ਕਿਸ ਮੂੰਹ ਨਾਲ ਸੁਖਬੀਰ ਸਿੰਘ ਬਾਦਲ ਤਖ਼ਤਾਂ ਤੋਂ ਅੰਦੋਲਨ ਲਈ ਜਥੇ ਭੇਜੇਗਾ : ਜਥੇਦਾਰ ਬ੍ਰਹਮਪੁਰਾ
ਸਿੱਖ ਕੌਮ ਦੀ ਬਰਬਾਦੀ ਲਈ ਬਾਦਲ ਜ਼ਿੰਮੇਵਾਰ
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਸ. ਰਣਜੀਤ ਸਿੰਘ ਬ੍ਰਹਮਪੁਰਾ ਨੇ ਸੁਖਬੀਰ ਸਿੰਘ ਬਾਦਲ ਨੂੰ ਪੁਛਿਆ ਹੈ ਕਿ ਉਹ ਕਿਸ ਮੂੰਹ ਨਾਲ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਕਿਸਾਨ ਅੰਦੋਲਨ ਦੇ ਹੱਕ ਵਿਚ ਅਪਣੀ ਪਾਰਟੀ ਦੇ ਝੰਡੇ ਹੇਠ ਸ਼ੁਰੂਆਤ ਕਰ ਰਹੇ ਹਨ ਜਿਨ੍ਹਾਂ ਦਾ ਨਿਰਾਦਰ ਸਿੱਖਾਂ, ਗ਼ੈਰ ਸਿੱਖਾਂ ਕਰਵਾਉਣ ਲਈ ਜ਼ੁੰਮੇਵਾਰ ਹਨ।
ਬ੍ਰਹਮਪੁਰਾ ਨੇ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਉਹ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਢਹਿੰਦੀਆਂ ਕਲਾਂ ਵਿਚ ਖੜਨ ਲਈ ਜ਼ੁੰਮੇਵਾਰ ਹੈ। ਉਨ੍ਹਾਂ ਦੋਸ਼ ਲਾਇਆ ਕਿ ਬਾਦਲਾਂ ਨੇ ਸਿੱਖ ਕੌਮ ਦਾ ਇੰਨਾ ਨੁਕਸਾਨ ਕੀਤਾ ਹੈ ਕਿ ਇਸ ਦੀ ਭਰਪਾਈ ਕਰਨ ਲਈ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਬਾਦਲਾਂ ਦਾ ਪੰਜਾਬ ਵਿਚ ਪੱਤਾ-ਪੱਤਾ ਵੈਰੀ ਹੋ ਗਿਆ ਹੈ।
ਇਸ ਕਾਰਨ ਪੰਜਾਬ ਦੇ ਗੱਭਰੂਆਂ ਨੂੰ ਰੁਜ਼ਗਾਰ ਦੇਣ ਦੀ ਥਾਂ ਨਸ਼ੇ ਵਲ ਧੱਕਿਆ ਗਿਆ, ਬਰਗਾੜੀ ਕਾਂਡ ਇਨ੍ਹਾਂ ਵੇਲੇ ਵਾਪਰਿਆ ਪਰ ਅਸਲ ਦੋਸ਼ੀ ਫੜਨ ਦੀ ਥਾਂ ਸੌਦਾ ਸਾਧ ਨੂੰ ਪ੍ਰਫੁੱਲਤ ਕੀਤਾ। ਇਸ ਤੋਂ ਇਲਾਵਾ ਗੁਮ ਹੋਏ 328 ਪਾਵਨ ਸਰੂਪਾਂ ਦੀਆਂ ਪੜਤਾਲਾਂ ਵਿਚ ਤਾਕਤਵਾਰ ਲੋਕ ਬਚ ਗਏ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਮਸਲੇ ਨੂੰ ਲੰਮਾ ਕਰ ਕੇ ਅਸਲੀਅਤ ਨੂੰ ਨੱਪ ਦਿਤਾ ਜਾਵੇ।
ਕਿਸਾਨਾਂ ਦਾ ਹੁਣ ਹੇਜ਼ ਜਤਾਉਣ ਵਾਲੇ ਬਾਦਲ 10 ਸਾਲ ਤਕ ਉਨ੍ਹਾਂ ਦੀ ਬਾਂਹ ਨਹੀਂ ਫੜੀ ਪਰ ਸੱਭ ਕੁੱਝ ਗਵਾ ਕੇ ਹਰਸਿਮਰਤ ਕੌਰ ਬਾਦਲ ਦਾ ਮੋਦੀ ਸਰਕਾਰ ਤੋਂ ਅਸਤੀਫ਼ਾ ਦੇ ਕੇ ਦੇਸ਼ ਭਗਤ ਬਣ ਰਹੇ ਹਨ। ਖੇਤੀ ਆਰਡੀਨੈਂਸ ਰੱਦ ਕਰਵਾਉਣ ਲਈ ਬਾਦਲਾਂ ਨੇ ਕੁੱਝ ਨਹੀਂ ਕੀਤਾ। ਜੇਕਰ ਉਨ੍ਹਾਂ ਨੂੰ ਕਿਸਾਨੀ ਨਾਲ ਕੋਈ ਮੋਹ ਹੁੰਦਾ ਤਾਂ ਪਹਿਲਾਂ ਪਾਰਲੀਮੈਂਟ ਵਿਚ ਅਪਣੀ ਅਵਾਜ਼ ਬੁਲੰਦ ਕਰਦਿਆਂ ਅਸਤੀਫ਼ਾ ਦਿੰਦੇ। ਹੁਣ ਕਿਸਾਨ ਸੰਗਠਨਾਂ ਅਪਣੇ ਜਥੇਬੰਦਕ ਢਾਂਚੇ ਨਾਲ ਅੰਦੋਲਨ ਭਖਾ ਦਿਤਾ ਹੈ।
ਪਰ ਕਿਸਾਨ ਸੁਖਬੀਰ ਸਿੰਘ ਬਾਦਲ ਨੂੰ ਮੂੰਹ ਨਹੀਂ ਲਾ ਰਹੇ। ਸ. ਬ੍ਰਹਮਪੁਰਾ ਨੇ ਮੋਦੀ ਹਕੂਮਤ ਨੂੰ ਨਿਸ਼ਾਨੇ 'ਤੇ ਲੈਂਦਿਆਂ ਸਪੱਸ਼ਟ ਕੀਤਾ ਕਿ ਉਹ ਕਿਸਾਨੀ ਦਾ ਇਮਤਿਹਾਨ ਲੈਣ ਦੀ ਥਾਂ ਪਾਸ ਕੀਤਾ ਬਿਲ ਰੱਦ ਕਰਵਾਏ, ਇਹ ਬਿਲ ਕਿਸਾਨ ਨੂੰ ਭਿਖਾਰੀ ਬਣਾਉਣ ਜਾ ਰਿਹਾ ਹੈ। ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਕਿਸਾਨ ਰੇਲ ਰੋਕੋ ਕਿਸਾਨ ਅੰਦੋਲਨ ਦੀ ਉਹ ਪੂਰੀ ਹਮਾਇਤ ਕਰਦੇ ਹਨ ਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਤੇ ਕੌਰ ਕਮੇਟੀ ਅੰਨਦਾਤੇ ਨਾਲ ਖੜਾ ਹੈ। ਇਹ ਬਿਆਨ ਸੀਨੀਅਰ ਆਗੂ ਰਵਿੰਦਰ ਸਿੰਘ ਬ੍ਰਹਮਪੁਰਾ ਵਲੋਂ ਜਾਰੀ ਕੀਤਾ ਗਿਆ।