ਚੰਨੀ-ਸਿੱਧੂ ਦੀ ਮੀਟਿੰਗ ਸਮੇਂ ਪੰਜਾਬ ਭਵਨ ਘੇਰ ਰਹੀਆਂ ਨਰਸਾਂ ਨੂੰ ਪੁਲਿਸ ਨੇ ਹਿਰਾਸਤ ’ਚ ਲਿਆ
ਚੰਨੀ-ਸਿੱਧੂ ਦੀ ਮੀਟਿੰਗ ਸਮੇਂ ਪੰਜਾਬ ਭਵਨ ਘੇਰ ਰਹੀਆਂ ਨਰਸਾਂ ਨੂੰ ਪੁਲਿਸ ਨੇ ਹਿਰਾਸਤ ’ਚ ਲਿਆ
ਚੰਡੀਗੜ੍ਹ, 30 ਸਤੰਬਰ (ਗੁਰਉਪਦੇਸ਼ ਭੁੱਲਰ): ਅੱਜ ਪੰਜਾਬ ਭਵਨ ਚੰਡੀਗੜ੍ਹ ਸਾਹਮਣੇ ਤੈਨਾਤ ਪੁਲਿਸ ਲਈ ਉਸ ਸਮੇਂ ਮੁਸ਼ਕਲ ਖੜੀ ਹੋ ਗਈ ਜਦੋਂ ਕੋਰੋਨਾ ਮਹਾਂਮਾਰੀ ਸਮੇਂ ਭਰਤੀ ਇਕ ਦਰਜਨ ਤੋਂ ਵੱਧ ਨਰਸਾਂ ਨੇ ਰੋਸ ਮੁਜ਼ਾਹਰਾ ਸ਼ੁਰੂ ਕਰ ਕੇ ਭਵਨ ਦੇ ਗੇਟ ਨੂੰ ਘੇਰਾ ਪਾ ਲਿਆ। ਇਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਅਸਤੀਫ਼ਾ ਦੇ ਚੁਕੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਤੇ ਹੋਰ ਪ੍ਰਮੁੱਖ ਆਗੂਆਂ ਦੀ ਮੀਟਿੰਗ ਚਲ ਰਹੀ ਸੀ। ਪ੍ਰਦਰਸ਼ਨਕਾਰੀ ਨਰਸਾਂ ਨੇ ਸਰਕਾਰ ਵਿਰੁਧ ਜ਼ੋਰਦਾਰ ਨਾਹਰੇਬਾਜ਼ੀ ਸ਼ੁਰੂ ਕਰ ਦਿਤੀ ਤੇ ਉਹ ਮੁੱਖ ਮੰਤਰੀ ਨੂੰ ਮਿਲਾਉਣ ਦੀ ਮੰਗ ਕਰ ਰਹੀਆਂ ਸਨ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਔਖੇ ਸਮੇਂ ਉਨ੍ਹਾਂ ਨੂੰ ਰਖਿਆ ਗਿਆ ਪਰ ਹੁਣ ਨੌਕਰੀਆਂ ਤੋਂ ਕਢਿਆ ਜਾ ਰਿਹਾ ਹੈ। ਇਸੇ ਦੌਰਾਨ ਚੰਡੀਗੜ੍ਹ ਪੁਲਿਸ ਹਰਕਤ ਵਿਚ ਆਈ ਤੇ ਪ੍ਰਦਰਸ਼ਨਕਾਰੀ ਨਰਸਾਂ ਨੂੰ ਤਾਕਤ ਦੀ ਵਰਤੋਂ ਕਰ ਕੇ ਪਿਛੇ ਹਟਾਉਣ ਦਾ ਯਤਨ ਕੀਤਾ। ਪ੍ਰਦਰਸ਼ਨਕਾਰੀ ਪਿਛੇ ਹਟਣ ਦੀ ਥਾਂ ਪੁਲਿਸ ਨਾਲ ਭਿੜ ਗਏ ਅਤੇ ਇਸ ਤੋਂ ਬਾਅਦ ਪੁਲਿਸ ਨੇ ਧੂਹ ਘੜੀਸ ਕਰ ਕੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈ ਕੇ ਪੁਲਿਸ ਦੀਆਂ ਗੱਡੀਆਂ ਵਿਚ ਜ਼ਬਰਦਸਤੀ ਚੁਕ ਕੇ ਸੁੱਟ ਲਿਆ ਗਿਆ। ਮਹਿਲਾ ਪੁਲਿਸ ਤੋਂ ਸਥਿਤੀ ਕਾਬੂ ਨਾ ਹੁੰਦੇ ਦੇਖ ਪੁਰਸ਼ ਪੁਲਿਸ ਵਾਲਿਆਂ ਨੇ ਨਰਸਾਂ ਨੂੰ ਖਿੱਚ ਕੇ ਹਿਰਾਸਤ ਵਿਚ ਲਿਆ।