ਪਾਕਿਸਤਾਨ ਵਿਚ ਗੁਰਸਿੱਖ ਹਕੀਮ ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਏਜੰਸੀ

ਖ਼ਬਰਾਂ, ਪੰਜਾਬ

ਪਾਕਿਸਤਾਨ ਵਿਚ ਗੁਰਸਿੱਖ ਹਕੀਮ ਦਾ ਗੋਲੀਆਂ ਮਾਰ ਕੇ ਕੀਤਾ ਕਤਲ

image

ਪੇਸ਼ਾਵਰ, 30 ਸਤੰਬਰ : ਪਾਕਿਸਤਾਨ ਦੇ ਸ਼ਹਿਰ ਪੇਸ਼ਾਵਰ ਵਿਖੇ ਅੱਜ ਬਾਅਦ ਦੁਪਹਿਰ ਦੁਕਾਨ ਤੇ ਬੈਠੇ ਹਕੀਮ ਗੁਰਸਿੱਖ ਨੌਜਵਾਨ ਨੂੰ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਮਾਰ ਦਿਤੇ ਜਾਣ ਸਬੰਧੀ ਜਾਣਕਾਰੀ ਹਾਸਲ ਹੋਈ। ਮਿਲੀ ਜਾਣਕਾਰੀ ਅਨੁਸਾਰ, ਪੇਸ਼ਾਵਰ ’ਚ ਚਾਰ ਸਦਾ ਰੋਡ ਵਿਖੇ ਅਪਣੀ ਦੁਕਾਨ ’ਤੇ ਬੈਠੇ ਗੁਰਸਿੱਖ ਨੌਜਵਾਨ ਸਤਨਾਮ ਸਿੰਘ ਜੋ ਪਿਛਲੇ ਲੰਮੇ ਸਮੇਂ ਤੋਂ ਸ਼ਹਿਰ ਵਿਖੇ ਹਕੀਮੀ ਦਾ ਕੰਮ ਕਰਦਾ ਸੀ, ਜਿਸ ਨੂੰ ਅੱਜ ਮੋਟਰਸਾਈਕਲ ਸਵਾਰ ਕੁੱਝ ਅਣਪਛਾਤੇ ਵਿਅਕਤੀਆਂ ਨੇ ਬਾਅਦ ਦੁਪਹਿਰ ਅੰਨ੍ਹੇਵਾਹ ਗੋਲੀਆਂ ਚਲਾ ਕੇ ਮੌਤ ਦੇ ਘਾਟ ਉਤਾਰ ਦਿਤਾ, ਜਿਸ ਦੇ ਸਿੱਟੇ ਵਜੋਂ ਹਕੀਮ ਸਤਨਾਮ ਸਿੰਘ ਪੁੱਤਰ ਇੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਸ ਸਬੰਧੀ ਪੇਸ਼ਾਵਰ ਤੋਂ ਜਾਣਕਾਰੀ ਦਿੰਦਿਆਂ ਬਾਬਾ ਗੁਰਪਾਲ ਸਿੰਘ ਪੇਸ਼ਾਵਰ ਅਤੇ ਸਰਦਾਰ ਰਘਬੀਰ ਸਿੰਘ ਪੇਸ਼ਾਵਰ ਨੇ ਸਾਂਝੇ ਤੌਰ ’ਤੇ ਦਸਿਆ ਕਿ ਗੁਰਸਿੱਖ ਨੌਜਵਾਨ ਸਤਨਾਮ ਸਿੰਘ ਜੋ ਚਾਰ ਸਦਾ ਰੋਡ ਪਿਸ਼ਾਵਰ (ਪਾਕਿਸਤਾਨ) ਵਿਖੇ ਪਿਛਲੇ ਲੰਮੇ ਸਮੇਂ ਤੋਂ ਹਕੀਮੀ ਦੀ ਦੁਕਾਨਦਾਰੀ ਕਰਦਾ ਸੀ ਜੋ ਕਿ ਬਹੁਤ ਹੀ ਹਸਮੁੱਖ ਮਿਲਣਸਾਰ ਅਤੇ ਨਰਮ ਸੁਭਾਅ ਵਾਲਾ ਸਿੱਖ ਨੌਜਵਾਨ ਸੀ। ਉਨ੍ਹਾਂ ਦਸਿਆ ਕਿ ਇਸ ਤੋਂ ਪਹਿਲਾਂ ਇਸ ਦੇ ਪਿਤਾ ਦਾਦਾ ਇਸੇ ਦੁਕਾਨ ਤੇ ਹਕੀਮੀ ਦਾ ਕੰਮ ਕਰਦੇ ਸਨ ਤੇ ਅੱਜ ਸਤਨਾਮ ਸਿੰਘ ਅਪਣੇ ਘਰੋਂ ਦੁਪਹਿਰ ਦਾ ਖਾਣਾ ਖਾ ਕੇ ਵਾਪਸ 1.30 ਵਜੇ ਅਪਣੀ ਦੁਕਾਨ ’ਤੇ ਆਇਆ ਸੀ ਕਿ ਕੁੱਝ ਅਣਪਛਾਤੇ ਵਿਅਕਤੀਆਂ ਜੋ ਮੋਟਰਸਾਈਕਲ ਤੇ ਸਵਾਰ ਸਨ ਉਨ੍ਹਾਂ ਨੇ ਸਤਨਾਮ ਸਿੰਘ ਨੂੰ ਦੁਕਾਨ ਵਿਚ ਬੈਠੇ ਨੂੰ ਗੋਲੀਆਂ ਮਾਰੀਆਂ ਜਿਸ ਦੇ ਸਿੱਟੇ ਵਜੋਂ ਸਤਨਾਮ ਸਿੰਘ (43) ਸਾਲਾ ਹਕੀਮ ਦੀ ਮੌਕੇ ਤੇ ਹੀ ਮੌਤ ਹੋ ਗਈ।
ਉਨ੍ਹਾਂ ਦਸਿਆ ਕਿ ਸਤਨਾਮ ਸਿੰਘ ਦੇ ਪੰਜ ਬੱਚੇ ਅਤੇ ਪਤਨੀ ਹੈ ਜੋ ਦੁਕਾਨ ਤੋਂ ਕੁੱਝ ਹੀ ਦੂਰੀ ’ਤੇ ਘਰ ਵਿਚ ਰਹਿੰਦੇ ਹਨ। ਉਨ੍ਹਾਂ ਦਸਿਆ ਕਿ ਘਟਨਾ ਤੋਂ ਕੁੱਝ ਸਮਾਂ ਬਾਅਦ ਹੀ ਪੁਲਿਸ ਨੇ ਮੌਕੇ ’ਤੇ ਆ ਕੇ ਲਾਸ਼ ਨੂੰ ਅਪਣੇ ਕਬਜ਼ੇ ਵਿਚ ਲੈ ਲਿਆ ਤੇ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਤੇ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।            (ਏਜੰਸੀ)