ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਜਲੰਧਰ ਪਹੁੰਚੇ ਪਰਗਟ ਸਿੰਘ
ਲਿਸ ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ
ਜਲੰਧਰ - ਪੰਜਾਬ ਕਾਂਗਰਸ ਵਿਚ ਖੇਡ ਮੰਤਰੀ ਬਣਨ ਤੋਂ ਬਾਅਦ ਕੈਂਟ ਹਲਕੇ ਤੋਂ ਵਿਧਾਇਕ ਪਰਗਟ ਸਿੰਘ ਅੱਜ ਪਹਿਲੀ ਵਾਰ ਜਲੰਧਰ ਪਹੁੰਚੇ। ਇਸ ਦੌਰਾਨ ਸਰਕਿਟ ਹਾਊਸ ਵਿਖੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਉਨ੍ਹਾਂ ਦੇ ਜਲੰਧਰ ਦੌਰੇ ਦੌਰਾਨ ਸਰਕਿਟ ਹਾਊਸ ’ਚ ਅਧਿਆਪਕਾਂ ਵੱਲੋਂ ਘਿਰਾਓ ਕਰਨ ਦੀ ਸੂਚਨਾ ਮਿਲਣ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ। ਸਰਕਿਟ ਹਾਊਸ ਵੱਲ ਜਾਣ ਵਾਲੀ ਸੜਕ ਨੂੰ ਬੈਰੀਕੇਡ ਲਗਾ ਕੇ ਬੰਦ ਕੀਤਾ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਰਗਟ ਸਿੰਘ ਨੇ ਕਿਹਾ ਕਿ ਮੇਰੀ ਜ਼ਿੰਦਗੀ ਵਿਚ ਖੇਡਾਂ ਦਾ ਅਹਿਮ ਹਿੱਸਾ ਹਨ ਅਤੇ ਮੇਰੀ ਐੱਨ. ਆਰ. ਆਈਜ਼ ਨੂੰ ਅਪੀਲ ਹੈ ਕਿ ਬੱਚਿਆਂ ’ਚ ਖੇਡ ਪ੍ਰਮੋਟ ਕਰਨ ਲਈ ਉਹ ਆਪਣਾ ਯੋਗਦਾਨ ਦੇਣ। ਉਨ੍ਹਾਂ ਕਿਹਾ ਕਿ ਬਤੌਰ ਖੇਡ ਮੰਤਰੀ ਹੋਣ ਦੇ ਨਾਤੇ ਉਹ ਖੇਡਾਂ ਨੂੰ ਪਿੰਡਾਂ ’ਚ ਵੱਧ ਤੋਂ ਵੱਧ ਪ੍ਰਮੋਟ ਕਰਨਗੇ ਤਾਂ ਜੋ ਦੇਸ਼ ਨੂੰ ਵਧੀਆ ਖਿਡਾਰੀ ਮਿਲ ਸਕਣ। ਸਾਡੇ ਕੋਲ ਸਮਾਂ ਬਹੁਤ ਹੀ ਘੱਟ ਅਤੇ ਸਿੱਖਿਆ ’ਚ ਬਹੁਤ ਕੰਮ ਕਰਨ ਵਾਲਾ ਹੈ।
ਸਿੱਧੂ ਦੇ ਮਸਲੇ ’ਤੇ ਬੋਲਦੇ ਹੋਏ ਪਰਗਟ ਸਿੰਘ ਨੇ ਕਿਹਾ ਕਿ ਸਿੱਧੂ ਦੀ ਨਾਰਾਜ਼ਗੀ ਦਾ ਮਸਲਾ ਹੱਲ ਹੋ ਚੁੱਕਾ ਹੈ।
ਨਵੀਂ ਸਰਕਾਰ ਨੂੰ ਬਣੇ ਹੋਏ ਅਜੇ ਕੁਝ ਹੀ ਦਿਨ ਹੋਏ ਹਨ, ਇਸ ਕਾਰਨ ਕੁਝ ਗਲਤੀਆਂ ਹੋ ਜਾਂਦੀਆਂ ਹਨ, ਜਿਨ੍ਹਾਂ ਨੂੰ ਜਲਦੀ ਹੀ ਸੁਧਾਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਤਿੰਨ ਮੈਂਬਰੀ ਕਮੇਟੀ ਰੋਜ਼ਾਨਾ ਮੀਟਿੰਗ ਕਰੇਗੀ ਅਤੇ ਤਾਲਮੇਲ ਬਣਾ ਕੇ ਰੱਖੇਗੀ ਤਾਂ ਜੋ ਅਜਿਹੀਆਂ ਗਲਤੀਆਂ ਦੋਬਾਰਾ ਨਾ ਹੋਣ। ਡੀ. ਜੀ. ਪੀ. , ਏ.ਜੀ. ਅਤੇ ਰਾਣਾ ਗੁਰਜੀਤ ਦੇ ਮਾਮਲੇ ’ਚ ਪਰਗਟ ਸਿੰਘ ਨੇ ਕਿਹਾ ਕਿ ਇਹ ਉਨ੍ਹਾਂ ਦੇ ਉੱਪਰ ਦਾ ਮਾਮਲਾ ਹੈ।
ਇਸ ਮੌਕੇ ਪਰਗਟ ਸਿੰਘ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਪੰਜਾਬ ’ਚ 3.50 ਲੱਖ ਨੌਕਰੀਆਂ ਹਨ ਅਤੇ ਖਿਡਾਰੀਆਂ ਲਈ ਸਿਰਫ਼ 2 ਫ਼ੀਸਦੀ ਕੋਟਾ ਹੈ, ਜਿਸ ਹਿਸਾਬ ਨਾਲ ਕੋਟੇ ਮੁਤਾਬਕ ਸਿਰਫ਼ 6 ਹਜ਼ਾਰ ਦੇ ਕਰੀਬ ਖਿਡਾਰੀ ਐਡਜਸਟ ਹਨ। ਪੰਜਾਬ ’ਚ 5 ਹਜ਼ਾਰ ਦੇ ਕਰੀਬ ਸਪੋਰਟਸ ਅਧਿਆਪਕ ਹਨ, ਜੇਕਰ ਇਨ੍ਹਾਂ ਸਾਰੇ 11 ਹਜ਼ਾਰ ਖਿਡਾਰੀਆਂ ਨੂੰ ਟੀਚਰਾਂ ਨੂੰ ਪਿੰਡਾਂ ’ਚ ਜ਼ਿੰਮੇਵਾਰੀ ਦਿੱਤੀ ਜਾਵੇ ਤਾਂ ਪੰਜਾਬ ’ਚ ਸਪੋਰਟਸ ਨੂੰ ਦੋਬਾਰਾ ਖੜ੍ਹਾ ਕੀਤਾ ਜਾ ਸਕਦਾ ਹੈ।