ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਦਾ ਮਾਮਲਾ ਸੁਲਝਦਾ-ਸੁਲਝਦਾ ਰਹਿ ਗਿਆ

ਏਜੰਸੀ

ਖ਼ਬਰਾਂ, ਪੰਜਾਬ

ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਦਾ ਮਾਮਲਾ ਸੁਲਝਦਾ-ਸੁਲਝਦਾ ਰਹਿ ਗਿਆ

image

ਮੁੱਖ ਮੰਤਰੀ ਚੰਨੀ ਨਾਲ ਸਿੱਧੂ ਦੀ ਹੋਈ ਮੀਟਿੰਗ ’ਚ ਨਹੀਂ ਹੋ ਸਕਿਆ ਕੋਈ ਫ਼ੈਸਲਾ, ਗੇਂਦ ਮੁੜ ਕਾਂਗਰਸ ਹਾਈਕਮਾਨ ਦੇ ਪਾਲੇ ਵਿਚ

ਚੰਡੀਗੜ੍ਹ, 30 ਸਤੰਬਰ (ਗੁਰਉਪਦੇਸ਼ ਭੁੱਲਰ): ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵਲੋਂ ਦਿਤੇ ਗਏ ਪ੍ਰਧਾਨਗੀ ਤੋਂ ਅਸਤੀਫ਼ੇ ਬਾਅਦ ਪੰਜਾਬ ਕਾਂਗਰਸ ਵਿਚ ਪੈਦਾ ਹੋਏ ਨਵੇਂ ਸੰਕਟ ਨੂੰ ਸੁਲਝਾਉਣ ਲਈ ਅੱਜ ਹੋਈ ਮੀਟਿੰਗ ਵਿਚ ਫ਼ਿਲਹਾਲ  ਕੋਈ ਫ਼ੈਸਲਾ ਨਹੀਂ ਹੋ ਸਕਿਆ। ਪੰਜਾਬ ਭਵਨ ਵਿਚ ਲਗਾਤਾਰ ਢਾਈ ਘੰਟੇ ਚਲੀ ਮੀਟਿੰਗ ਦੇਰ ਸ਼ਾਮ ਤਕ ਹੋਈ। ਇਸ ਮੀਟਿੰਗ ਵਿਚ ਕਾਂਗਰਸ ਹਾਈਕਮਾਨ ਵਲੋਂ ਆਬਜ਼ਰਵਰ ਵਜੋਂ ਹਰੀਸ਼ ਵੀ ਸ਼ਾਮਲ ਹੋਏ।
ਇਸ ਮੀਟਿੰਗ ਦੇ ਖ਼ਤਮ ਹੋਣ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਪ੍ਰਧਾਨ ਦੇ ਅਸਤੀਫ਼ਾ ਦੇ ਚੁਕੇ ਨਵਜੋਤ ਸਿੱਧੂ ਸਮੇਤ ਬਾਕੀ ਸਾਰੇ ਆਗੂ ਮੀਡੀਆ ਨਾਲ ਬਿਨਾਂ ਕੋਈ ਗੱਲਬਾਤ ਕੀਤੇ ਚਲੇ ਗਏ। ਮਸਲਾ ਹੱਲ ਹੋਣ ਦੀ ਸੂਰਤ ਵਿਚ ਚੰਨੀ ਤੇ ਸਿੱਧੂ ਦੀ ਸਾਂਝੀ ਪ੍ਰੈਸ ਕਾਨਫ਼ਰੰਸ ਲਈ ਪੰਜਾਬ ਭਵਨ ਅੰਦਰ ਇਕ ਟੇਬਲ ਤੇ ਮਾਈਕ ਸੈੱਟ ਕਰ ਦਿਤਾ ਗਿਆ ਸੀ ਪਰ ਫ਼ੈਸਲਾ ਨਾ ਹੋਣ ਕਾਰਨ ਇਹ ਪ੍ਰੈਸ ਕਾਨਫ਼ਰੰਸ ਰੱਦ ਕਰ ਦਿਤੀ ਗਈ। ਇਸ ਤਰ੍ਹਾਂ ਨਵਜੋਤ ਸਿੱਧੂ ਵਲੋਂ ਅਸਤੀਫ਼ਾ ਵਾਪਸ ਲੈਣ ਦਾ ਮਾਮਲਾ ਵੀ ਫ਼ਿਲਹਾਲ ਵਿਚੇ ਹੀ ਲਟਕ ਗਿਆ ਹੈ। ਭਾਵੇਂ ਅਧਿਕਾਰਤ ਤੌਰ ’ਤੇ ਆਗੂ ਕੁੱਝ ਵੀ ਦਸਣ ਲਈ ਤਿਆਰ ਨਹੀਂ ਪਰ ਗੇਂਦ ਇਕ ਵਾਰ ਮੁੜ ਕਾਂਗਰਸ ਹਾਈਕਮਾਨ ਦੇ ਪਾਲੇ ਵਿਚ ਚਲੀ ਗਈ ਹੈ। ਹਾਈਕਮਾਨ ਨੂੰ ਪਾਰਟੀ ਤੇ ਸਰਕਾਰ ਦਰਮਿਆਨ ਤਾਲਮੇਲ ਲਈ ਇਕ ਕਮੇਟੀ ਬਣਾਉਣ ਦਾ ਫ਼ਾਰਮੂਲਾ ਵੀ ਅੱਜ ਮੀਟਿੰਗ ਵਿਚ ਆਗੂਆਂ ਵਲੋਂ ਦਿਤਾ ਗਿਆ ਹੈ। 
ਨਵਜੋਤ ਸਿੱਧੂ ਨੇ ਅਸਤੀਫ਼ਾ ਦੇਣ ਦੇ ਅਪਣੇ ਮੁੱਖ ਕਾਰਨ ਬੀਤੇ ਦਿਨੀਂ ਵੀਡੀਉ 
ਜਾਰੀ ਕਰ ਕੇ ਸਪੱਸ਼ਟ ਕਰ ਦਿਤੇ ਸਨ। ਇਨ੍ਹਾਂ ਵਿਚ ਨਵੇਂ ਡੀ.ਜੀ.ਪੀ. ਤੇ ਏ.ਜੀ. ਦੀ ਨਿਯੁਕਤੀ ’ਤੇ ਇਤਰਾਜ਼ ਤੋਂ ਇਲਾਵਾ ਮੰਤਰੀ ਮੰਡਲ ਵਿਚ ਕੁੱਝ ਦਾਗ਼ੀ ਮੈਂਬਰਾਂ ਨੂੰ ਸ਼ਾਮਲ ਕੀਤੇ ਜਾਣ ਦੀ ਗੱਲ ਸ਼ਾਮਲ ਸੀ। ਪਤਾ ਲੱਗਾ ਹੈ ਕਿ ਇਨ੍ਹਾਂ ਮਾਮਲਿਆਂ ’ਤੇ ਅੱਜ ਚੰਨੀ ਤੇ ਸਿੱਧੂ ਦਰਮਿਆਨ ਹੋਈ ਮੀਟਿੰਗ ਵਿਚ ਚਰਚਾ ਤਾਂ ਹੋਈ ਹੈ ਪਰ ਤੁਰਤ ਕੋਈ ਫ਼ੈਸਲਾ ਨਹੀਂ ਲਿਆ ਗਿਆ। ਹੁਣ 4 ਅਕਤੂਬਰ ਨੂੰ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿਚ ਡੀ.ਜੀ.ਪੀ. ਤੇ ਏ.ਜੀ. ਦੀ ਨਿਯੁਕਤੀ ਦੇ ਮਾਮਲੇ ’ਤੇ ਕੋਈ ਵਿਚਾਰ ਕਰ ਕੇ ਫ਼ੈਸਲਾ ਲਿਆ ਜਾ ਸਕਦਾ ਹੈ। ਅੱਜ ਸਿੱਧੂ ਨੇ ਮੀਟਿੰਗ ਤੋਂ ਪਹਿਲਾਂ ਟਵੀਟ ਕਰ ਕੇ ਵੀ ਡੀ.ਜੀ.ਪੀ. ਦਾ ਮਾਮਲਾ ਮੁੜ ਉਠਾਇਆ ਸੀ। ਅੱਜ ਦੀ ਮੀਟਿੰਗ ਵਿਚ ਮੁੱਖ ਮੰਤਰੀ ਚੰਨੀ ਤੇ ਨਵਜੋਤ ਸਿੱਧੂ ਤੋਂ ਇਲਾਵਾ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ, ਪਵਨ ਗੋਇਲ, ਸੀਨੀਅਰ ਆਗੂ ਲਾਲ ਸਿੰਘ, ਪ੍ਰਗਟ ਸਿੰਘ ਤੇ ਰਾਜਾ ਵੜਿੰਗ ਵੀ ਸ਼ਾਮਲ ਸਨ।
ਇਸੇ ਦੌਰਾਨ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਵੀ ਅੱਜ ਦੀ ਮੀਟਿੰਗ ਤੋਂ ਬਾਅਦ ਮਾਮਲਾ ਲਟਕ ਜਾਣ ਕਾਰਨ ਕਿਹਾ ਹੈ ਕਿ ਲਗਦਾ ਹੈ ਕਿ ਹੁਣ ਹਾਈਕਮਾਨ ਨੂੰ ਹੀ ਮੁੜ ਕੁੱਝ ਕਰਨਾ ਪਵੇਗਾ। ਉਨ੍ਹਾਂ ਅਗਲੇ ਕੁੱਝ ਹੀ ਦਿਨਾਂ ਵਿਚ ਚੰਡੀਗੜ੍ਹ ਆਉਣ ਦੀ ਵੀ ਗੱਲ ਆਖੀ ਹੈ।
ਡੱਬੀ

ਸਿੱਧੂ ਨੇ ਮੁੱਖ ਮੰਤਰੀ ਦੇ ਜਾਣ ਬਾਅਦ ਵਖਰੀ ਮੀਟਿੰਗ ਕੀਤੀ
ਜ਼ਿਕਰਯੋਗ ਹੈ ਕਿ ਅੱਜ ਮੀਟਿੰਗ ਖ਼ਤਮ ਹੋਣ ਬਾਅਦ ਮੁੱਖ ਮੰਤਰੀ ਚੰਨੀ ਪਹਿਲਾਂ ਨਿਕਲ ਗਏ ਸਨ ਪਰ ਨਵਜੋਤ ਸਿੱਧੂ ਪੰਜਾਬ ਭਵਨ ਰੁਕੇ ਰਹੇ ਤੇ ਅਪਣੀ ਵਖਰੀ ਮੀਟਿੰਗ ਕੀਤੀ। ਇਸ ਵਿਚ ਕੁਲਜੀਤ ਨਾਗਰਾ, ਪਵਨ ਗੋਇਲ, ਪ੍ਰਗਟ ਸਿੰਘ, ਡਾ. ਰਾਜ ਕੁਮਾਰ ਵੇਰਕਾ ਤੇ ਸੁਰਜੀਤ ਧੀਮਾਨ ਸ਼ਾਮਲ ਸਨ। ਇਸ ਤੋਂ ਵੀ ਸੰਕੇਤ ਸਾਫ਼ ਹੈ ਕਿ ਹਾਲੇ ਸਿੱਧੂ ਦੇ ਅਸਤੀਫ਼ੇ ਦਾ ਮਾਮਲਾ ਕੁੱਝ ਦਿਨ ਹੋਰ ਲਟਕਿਆ ਰਹੇਗਾ।