Mamdot ’ਚ ਨਸ਼ੇ ਦੀ ਓਵਰਡੋਜ਼ ਕਾਰਨ 4 ਪਰਿਵਾਰਾਂ ਦੇ ਬੁਝੇ ਚਿਰਾਗ
ਪਿੰਡ ਲੱਖੋ ਕੇ ਬਹਿਰਾਮ ’ਚ 2 ਦਿਨਾਂ ਵਿਚ 4 ਮੌਤਾਂ
4 Youths Die due to Drug Overdose in Mamdot Latest News in Punjabi ਮਮਦੋਟ : ਫ਼ਿਰੋਜ਼ਪੁਰ ਦੇ ਮਮਦੋਟ ਵਿਚ ਮੰਦੋੜ ਦੇ ਨੇੜਲੇ ਪਿੰਡ ਲੱਖੋ ਕੇ ਬਹਿਰਾਮ ਵਿਚ ਨਸ਼ੇ ਦੀ ਓਵਰਡੋਜ਼ ਕਾਰਨ ਚਾਰ ਪਰਿਵਾਰਾਂ ਦੇ ਚਿਰਾਗ ਬੁੱਝ ਗਏ ਹਨ। ਦੱਸ ਦਈਏ ਕਿ ਪਿੰਡ ਲੱਖੋ ਕੇ ਬਹਿਰਾਮ ’ਚ ਅੱਜ ਸਵੇਰੇ ਨਸ਼ਿਆਂ ਕਾਰਨ ਤਿੰਨ ਮੌਤਾਂ ਦੀ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ, ਜਦ ਕਿ ਇਸ ਤੋਂ ਪਹਿਲਾਂ ਪਿੰਡ ਵਿਚ ਬੀਤੇ ਦਿਨ ਇਕ ਨੌਜਵਾਨ ਦੀ ਮੌਤ ਹੋ ਗਈ ਸੀ, ਜਿਸ ਕਾਰਨ 2 ਦਿਨਾਂ ਵਿਚ ਚਾਰ ਨੌਜਵਾਨਾ ਦੀਆਂ ਮੌਤਾਂ ਹੋ ਜਾਣ ਕਾਰਨ ਇਲਾਕਾ ਦਹਿਲ ਗਿਆ ਹੈ ਤੇ ਪਿੰਡ ਵਿਚ ਸੋਗ ਦੀ ਲਹਿਰ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਸ਼ੇ ਦੀ ਦਲਦਲ ਵਿਚ ਫਸੇ ਨੌਜਵਾਨਾਂ ਦੀਆਂ ਤਿੰਨ ਮੌਤਾਂ ਹੋ ਜਾਣ ਨਾਲ ਇਲਾਕੇ ਵਿਚ ਸਹਿਮ ਪੈਦਾ ਹੋ ਗਿਆ ਹੈ। ਇਕ ਬੀਤੇ ਦਿਨ ਤੇ ਅੱਜ ਸਵੇਰੇ ਤਿੰਨ ਮੌਤਾਂ ਨਾਲ ਚਾਰ ਘਰਾਂ ਵਿਚ ਸੱਥਰ ਵਿਛ ਗਏ ਹਨ। ਪਰਵਾਰਕ ਮੈਂਬਰ ਸੂਬਾ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ।
ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਰਮਨ ਸਿੰਘ (26) ਦੇ ਪਿਤਾ ਬਚਿੱਤਰ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਪਿਛਲੇ ਕਈ ਸਾਲਾਂ ਤੋਂ ਨਸ਼ੇ ਦਾ ਆਦੀ ਸੀ ਅਤੇ ਜਿਸ ਦੀ ਅੱਜ ਸਵੇਰੇ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਗੁਆਂਡ ਵਿਚ ਰਹਿਣ ਵਾਲੇ ਮ੍ਰਿਤਕ ਮੈਦੂ ਸਿੰਘ ਪੁੱਤਰ ਮੁਖਤਿਆਰ ਸਿੰਘ ਨਸ਼ੇ ਦੀ ਡੂੰਘੀ ਦਲਦਲ ਵਿਚ ਇਨ੍ਹਾਂ ਜਿਆਦਾ ਫਸ ਚੁੱਕਿਆ ਸੀ ਕਿ ਘਰ ਦਾ ਸਮਾਨ ਤਕ ਵੇਚ ਦਿਤਾ ਸੀ। ਘਰ ਵਿਚ ਗ਼ਰੀਬੀ ਪੈਦਾ ਹੋ ਜਾਣ ਕਾਰਨ ਪਤਨੀ ਅਤੇ ਬੱਚੇ ਵੀ ਛੱਡ ਕੇ ਚਲੇ ਗਏ ਸਨ ਅਤੇ ਹੁਣ ਇਕੱਲਾ ਰਹਿ ਰਿਹਾ ਸੀ, ਜਿਸ ਦੀ ਅੱਜ ਸਵੇਰੇ ਮੌਤ ਹੋ ਗਈ।
ਤੀਸਰੇ ਨੌਜਵਾਨ ਰੱਜਤ ਸਿੰਘ ਦੇ ਪਿਤਾ ਸੁਖਦੇਵ ਸਿੰਘ ਨੇ ਕਿਹਾ ਹੈ ਕਿ ਨਸ਼ਾ ਬੜੀ ਤੇਜ਼ੀ ਦੇ ਨਾਲ ਇਲਾਕੇ ਅੰਦਰ ਫੈਲ ਚੁੱਕਾ ਹੈ, ਜਿਸ ਨੂੰ ਰੋਕਣਾ ਪੁਲਿਸ ਦੇ ਲਈ ਕਾਫ਼ੀ ਚੁਣੋਤੀਪੂਰਨ ਤੇ ਮੁਸ਼ਕਲ ਹੋ ਚੁੱਕਾ ਹੈ। ਉਸ ਨੇ ਇਸ ਦੁੱਖ ਦੀ ਘੜੀ ਵਿਚ ਭਾਵੁਕ ਹੁੰਦਿਆਂ ਕਿਹਾ ਕਿ ਸਾਡੇ ਪਰਵਾਰ ਦਾ ਸਹਾਰਾ ਤਾਂ ਚਲੇ ਗਿਆ ਹੈ ਪਰ ਪਿੰਡ ਦੇ ਹੋਰ ਨੌਜਵਾਨਾਂ ਨੂੰ ਮੌਤ ਦੇ ਮੂੰਹ ਵਿਚ ਜਾਨ ਤੋਂ ਰੋਕਣ ਲਈ ਪੁਲਿਸ ਨੂੰ ਨਸ਼ਿਆਂ ਪ੍ਰਤੀ ਸਖ਼ਤੀ ਵਰਤਣ ਦੀ ਅਪੀਲ ਕੀਤੀ।
ਚੌਥੇ ਨੌਜਵਾਨ ਸੰਦੀਪ ਸਿੰਘ ਪੁੱਤਰ ਵੀਰ ਸਿੰਘ, ਜਿਸ ਦੀ ਮੌਤ ਬੀਤੇ ਦਿਨ ਹੋਈ ਸੀ, ਦੇ ਵੱਡੇ ਭਰਾ ਗੁਰਜੀਤ ਸਿੰਘ ਅਪਣੇ ਭਰਾ ਦੇ ਚਲੇ ਜਾਣ ਕਾਰਨ ਭਾਵੁਕ ਤੇ ਉਦਾਸ ਨਜ਼ਰ ਆਏ। ਉਨ੍ਹਾਂ ਪੁਲਿਸ ਨੂੰ ਨਸ਼ਿਆਂ ’ਤੇ ਨਕੇਲ ਕਸਣ ਦੀ ਅਪੀਲ ਕੀਤੀ।
(For more news apart from 4 Youths Die due to Drug Overdose in Mamdot Latest News in Punjabi stay tuned to Rozana Spokesman.)