ਤਿਉਹਾਰਾਂ ਦਾ ਤੋਹਫ਼ਾ : ਕੇਂਦਰ ਨੇ ਸੂਬਿਆਂ ਨੂੰ 101,603 ਕਰੋੜ ਰੁਪਏ ਦੀ ਟੈਕਸ ਵੰਡ ਜਾਰੀ ਕੀਤੀ, ਜਾਣੋ ਪੰਜਾਬ ਨੂੰ ਮਿਲਿਆ ਕਿੰਨਾ ਹਿੱਸਾ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਨੂੰ ਮਿਲੇ 1836 ਕਰੋੜ ਰੁਪਏ 

Representatie Image.

ਨਵੀਂ ਦਿੱਲੀ : ਵਿੱਤ ਮੰਤਰਾਲੇ ਨੇ ਬੁਧਵਾਰ  ਨੂੰ ਕਿਹਾ ਕਿ ਤਿਉਹਾਰਾਂ ਦੇ ਚੱਲ ਰਹੇ ਸੀਜ਼ਨ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਨੂੰ 1,01,603 ਕਰੋੜ ਰੁਪਏ ਦੀ ਵਾਧੂ ਟੈਕਸ ਵੰਡ ਜਾਰੀ ਕੀਤੀ ਹੈ। ਇਹ ਆਮ ਮਹੀਨਾਵਾਰ ਵੰਡ ਤੋਂ ਇਲਾਵਾ ਵਾਧੂ ਰਕਮ ਹੈ, ਜੋ ਕਿ 10 ਅਕਤੂਬਰ ਨੂੰ ਜਾਰੀ ਕੀਤੀ ਜਾਣੀ ਹੈ।

ਮੰਤਰਾਲੇ ਮੁਤਾਬਕ ਤਿਉਹਾਰਾਂ ਦੇ ਮੌਸਮ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ ਤਾਂ ਜੋ ਸੂਬਿਆਂ ਨੂੰ ਪੂੰਜੀਗਤ ਖਰਚਿਆਂ ਵਿਚ ਤੇਜ਼ੀ ਲਿਆਂਦੀ ਜਾ ਸਕੇ ਅਤੇ ਉਨ੍ਹਾਂ ਦੇ ਵਿਕਾਸ ਅਤੇ ਭਲਾਈ ਨਾਲ ਜੁੜੇ ਖਰਚਿਆਂ ਨੂੰ ਵਿੱਤ ਦਿਤਾ ਜਾ ਸਕੇ। 

ਪੰਜਾਬ ਨੂੰ ਇਸ ’ਚੋਂ 1836 ਕਰੋੜ ਰੁਪਏ ਦਿਤੇ ਜਾਣਗੇ। ਦੇਸ਼ ਦੇ ਸੱਭ ਤੋਂ ਵੱਧ ਆਬਾਦੀ ਵਾਲੇ ਸੂਬੇ ਉੱਤਰ ਪ੍ਰਦੇਸ਼ ਨੂੰ ਸੱਭ ਤੋਂ ਵੱਧ 18,227 ਕਰੋੜ ਰੁਪਏ ਦਿਤੇ ਜਾਣਗੇ। ਇਸ ਤੋਂ ਬਾਅਦ ਬਿਹਾਰ ਲਈ 10,219 ਕਰੋੜ ਰੁਪਏ, ਮੱਧ ਪ੍ਰਦੇਸ਼ ਲਈ 7,976 ਕਰੋੜ ਰੁਪਏ, ਪਛਮੀ  ਬੰਗਾਲ ਲਈ 7,644 ਕਰੋੜ ਰੁਪਏ, ਮਹਾਰਾਸ਼ਟਰ ਲਈ 6,418 ਕਰੋੜ ਰੁਪਏ ਅਤੇ ਰਾਜਸਥਾਨ ਲਈ 6,123 ਕਰੋੜ ਰੁਪਏ ਸ਼ਾਮਲ ਹਨ। ਆਂਧਰਾ ਪ੍ਰਦੇਸ਼ (4,112 ਕਰੋੜ ਰੁਪਏ), ਉੜੀਸਾ (4,601 ਕਰੋੜ ਰੁਪਏ), ਤਾਮਿਲਨਾਡੂ (4,144 ਕਰੋੜ ਰੁਪਏ), ਕਰਨਾਟਕ (3,705 ਕਰੋੜ ਰੁਪਏ) ਅਤੇ ਝਾਰਖੰਡ (3,360 ਕਰੋੜ ਰੁਪਏ) ਨੂੰ ਵੀ ਮਹੱਤਵਪੂਰਨ ਵਾਧੂ ਟੈਕਸ ਦੀ ਵੰਡ ਮਿਲੀ ਹੈ। 

ਇਸ ਤੋਂ ਪਹਿਲਾਂ ਵਿੱਤ ਮੰਤਰਾਲੇ ਨੇ ਕਿਹਾ ਸੀ ਕਿ ਕੇਂਦਰ ਨੇ ਅਪ੍ਰੈਲ-ਜੁਲਾਈ ਦੌਰਾਨ ਰਾਜ ਸਰਕਾਰਾਂ ਨੂੰ ਟੈਕਸਾਂ ਦੇ ਹਿੱਸੇ ਵਜੋਂ 4,28,544 ਕਰੋੜ ਰੁਪਏ ਟਰਾਂਸਫਰ ਕੀਤੇ ਹਨ, ਜੋ ਪਿਛਲੇ ਸਾਲ ਨਾਲੋਂ 61,914 ਕਰੋੜ ਰੁਪਏ ਵੱਧ ਹਨ।