ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਗਰੁੱਪ ਡੀ ਕਰਮਚਾਰੀਆਂ ਲਈ ਵਿਆਜ-ਮੁਕਤ ਤਿਉਹਾਰ ਐਡਵਾਂਸ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਹਿਲਕਦਮੀ ਦਾ ਉਦੇਸ਼ ਲਗਭਗ 35,894 ਕਰਮਚਾਰੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ

Finance Minister Harpal Singh Cheema announces interest-free festival advance for Group D employees

ਚੰਡੀਗੜ੍ਹ: ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਪੰਜਾਬ ਸਰਕਾਰ ਦੇ 'ਗਰੁੱਪ ਡੀ' ਕਰਮਚਾਰੀਆਂ ਲਈ ਤਿਉਹਾਰਾਂ ਨੂੰ ਮਨਾਉਣ ਲਈ 10,000 ਰੁਪਏ ਪ੍ਰਤੀ ਕਰਮਚਾਰੀ ਵਿਆਜ-ਮੁਕਤ ਐਡਵਾਂਸ ਹਾਸਿਲ ਕਰਨ ਦੀ ਪੇਸ਼ਕਸ਼ ਦਾ ਐਲਾਨ ਕੀਤਾ। ਇਸ ਪਹਿਲਕਦਮੀ ਦਾ ਉਦੇਸ਼ ਲਗਭਗ 35,894 ਕਰਮਚਾਰੀਆਂ ਨੂੰ ਤਿਉਹਾਰਾਂ ਦੇ ਮੱਦੇਨਜ਼ਰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ।

ਇੱਥੇ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਇਹ ਖੁਲਾਸਾ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਸਰਕਾਰ ਦੀ ਆਪਣੇ ਕਰਮਚਾਰੀਆਂ ਪ੍ਰਤੀ ਵਚਨਬੱਧਤਾ ਨੂੰ ਉਜਾਗਰ ਕਰਦਿਆਂ ਕਿਹਾ ਕਿ ਵਿੱਤੀ ਸਾਲ 2024-25 ਦੌਰਾਨ ਸੂਬੇ ਵਿੱਚ 36,065 ਗਰੁੱਪ ਡੀ ਕਰਮਚਾਰੀ ਸਨ, ਜਿਨ੍ਹਾਂ ਵਿੱਚੋਂ 13,375 (ਲਗਭਗ 37 ਪ੍ਰਤੀਸ਼ਤ) ਨੇ ਇਹੀ ਐਡਵਾਂਸ ਲਿਆ, ਜਿਸ 'ਤੇ 13,37,50,000 ਰੁਪਏ ਖਰਚ ਹੋਏ।

ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਜੇਕਰ ਸਾਰੇ ਯੋਗ ਗਰੁੱਪ ਡੀ ਕਰਮਚਾਰੀ ਇਸ ਵਿੱਤੀ ਸਾਲ ਵਿੱਚ ਇਸ ਐਡਵਾਂਸ ਦਾ ਲਾਭ ਲੈਂਦੇ ਹਨ, ਤਾਂ ਕੁੱਲ ਖਰਚ 35.89 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ। ਉਨ੍ਹਾਂ ਪੁਸ਼ਟੀ ਕੀਤੀ ਕਿ ਵਿੱਤੀ ਸਾਲ 2025-26 ਲਈ ਇਸ ਉਦੇਸ਼ ਲਈ 20 ਕਰੋੜ ਰੁਪਏ ਦਾ ਸ਼ੁਰੂਆਤੀ ਬਜਟ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਵਾਧੂ ਖਰਚ ਦੀ ਲੋੜ ਪਈ ਤਾਂ ਇਸ ਵਿੱਤੀ ਸਾਲ ਲਈ ਸੋਧੇ ਹੋਏ ਅਨੁਮਾਨਾਂ ਰਾਹੀਂ ਵਾਧੂ ਅਲਾਟਮੈਂਟ ਪ੍ਰਾਪਤ ਕਰਕੇ ਲੋੜੀਂਦੇ ਫੰਡ ਮੁੱਹਈਆ ਕਰ ਦਿੱਤੇ ਜਾਣਗੇ।

20 ਅਕਤੂਬਰ ਨੂੰ ਦੀਵਾਲੀ ਦੇ ਤਿਉਹਾਰ ਨੂੰ ਦੇਖਦੇ ਹੋਏ, ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਇਸ ਰਕਮ ਦੀ ਵੰਡ 17 ਅਕਤੂਬਰ ਤੱਕ ਖਜ਼ਾਨੇ ਵਿੱਚੋਂ ਕਰਵਾ ਦਿੱਤੀ ਜਾਵੇਗੀ। ਇਸ ਵਿਆਜ-ਮੁਕਤ ਐਡਵਾਂਸ ਦੀ ਅਦਾਇਗੀ ਸੰਬੰਧਿਤ ਕਰਮਚਾਰੀ ਵੱਲੋਂ ਪੰਜ ਬਰਾਬਰ ਮਾਸਿਕ ਕਿਸ਼ਤਾਂ ਵਿੱਚ ਕੀਤੀ ਜਾਵੇਗੀ, ਜਿਸਦੀ ਕਟੌਤੀ ਪ੍ਰਕਿਰਿਆ ਨਵੰਬਰ 2025 ਦੀ ਤਨਖਾਹ ਤੋਂ ਸ਼ੁਰੂ ਹੋਵੇਗੀ।