ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਗ੍ਰੰਥੀ ਸਿੰਘਾਂ ਦੀ ਵਿੱਤੀ ਮੱਦਦ ਲਈ ਪਹਿਲੀ ਕਿਸ਼ਤ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪ੍ਰਭਾਵਿਤ ਪਿੰਡਾਂ ਦਾ ਕੀਤਾ ਗਿਆ ਦੌਰਾ

First installment released for financial assistance to Granthi Singhs in flood-affected areas

ਫਾਜ਼ਿਲਕਾ : ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਅੱਜ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਝੰਗੜ ਭੈਣੀ ਅਤੇ ਪਿੰਡ ਘੁਰਕਾ ਵਿਖੇ ਹੜ੍ਹ ਪੀੜਿਤ ਪਰਿਵਾਰਾਂ ਨੂੰ ਮਿਲੇ। ਇਸ ਮੌਕੇ ਪਾਰਟੀ ਵਲੋ ਕੀਤੇ ਐਲਾਨ ਤਹਿਤ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋ ਸੀਨੀਅਰ ਲੀਡਰਸ਼ਿਪ ਦੀ ਮੱਦਦ ਨਾਲ ਹੜ੍ਹ ਨਾਲ ਪ੍ਰਭਾਵਿਤ ਪਿੰਡਾਂ ਦੇ ਗ੍ਰੰਥੀ ਸਿੰਘਾਂ ਲਈ ਪਹਿਲੀ ਕਿਸ਼ਤ ਜਾਰੀ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਕੀਤੇ ਐਲਾਨ ਦੇ ਤਹਿਤ, ਫਾਜ਼ਿਲਕਾ ਜ਼ਿਲ੍ਹੇ ਦੇ 13 ਪਿੰਡਾਂ ਦੇ ਗੁਰਦੁਆਰਾ ਸਾਹਿਬਾਨ ਵਿੱਚ ਸੇਵਾ ਕਰ ਰਹੇ 25 ਗ੍ਰੰਥੀ ਸਿੰਘਾਂ ਨੂੰ ਮਹੀਨਾਵਾਰ 5,000 ਰੁਪਏ ਵਿੱਤੀ ਸਹਾਇਤਾ ਦੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ। ਇਸਦੇ ਨਾਲ ਹੀ ਪਿੰਡ ਵਾਸੀਆਂ ਵੱਲੋਂ ਰੱਖੀ ਮੰਗ ਨੂੰ ਪੂਰਾ ਕਰਦੇ ਹੋਏ, ਮੌਕੇ ਤੇ ਹੀ ਪਿੰਡ ਲਈ 5,000 ਲੀਟਰ ਡੀਜ਼ਲ ਵੀ ਪ੍ਰਦਾਨ ਕੀਤਾ ਗਿਆ।

ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਿੰਡ ਵਾਸੀਆਂ ਦੇ ਦੁੱਖ-ਦਰਦ ਸਾਂਝੇ ਕਰਦੇ ਹੋਏ ਭਰੋਸਾ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ  ਪੀੜਤ ਪਰਿਵਾਰਾਂ ਦੇ ਨਾਲ ਖੜ੍ਹਾ ਰਹੇਗਾ। ਗਿਆਨੀ ਹਰਪ੍ਰੀਤ ਸਿੰਘ ਨੇ ਹੜ੍ਹ ਪ੍ਰਭਾਵਿਤ ਲੋਕਾਂ ਤੋਂ ਵਿਸਥਾਰ ਨਾਲ ਜਾਣਕਾਰੀ ਲਈ ਗਈ ਕਿ, ਪਾਣੀ ਦੇ ਸੁੱਕਣ ਤੋਂ ਬਾਅਦ ਓਹਨਾ ਦੀ ਜ਼ਿੰਦਗੀ ਨੂੰ ਮੁੜ ਲੀਹ ਤੇ ਲਿਆਉਣ (ਮੁੜ ਵਸੇਬੇ) ਲਈ ਕਿਸ ਚੀਜ ਵਸਤ ਦੀ ਜਿਆਦਾ ਲੋੜ ਹੈ ਤਾਂ ਜੋ ਪਾਰਟੀ ਉਸ ਤਰੀਕੇ ਨਾਲ ਆਉਣ ਵਾਲੇ ਦਿਨਾਂ ਵਿੱਚ ਮੱਦਦ ਪਹੁੰਚਾ ਸਕੇ।

ਇਸ ਮੌਕੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੀੜਤ ਇਲਾਕਾ ਵਾਸੀਆਂ ਨੂੰ ਪੂਰਨ ਭਰੋਸਾ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਉਨ੍ਹਾਂ ਨਾਲ ਖੜ੍ਹਾ ਰਹੇਗਾ। ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਾਰਟੀ ਵਰਕਰ ਅਤੇ ਆਗੂ ਸਾਹਿਬਾਨ ਸਮੇਤ ਪੰਜਾਬ ਦੇ ਨੌਜਵਾਨਾਂ ਨੂੰ ਵੀ ਖਾਸ ਅਪੀਲ ਕੀਤੀ ਕਿ ਜਿਸ ਤਰਾਂ ਹੜ੍ਹ ਦੇ ਦਿਨਾਂ ਵਿੱਚ ਪੀੜਤ ਪਰਿਵਾਰਾਂ ਦੀ ਮਦਦ ਕੀਤੀ ਗਈ ਸੀ, ਉਸੇ ਤਰੀਕੇ ਦਾ ਇੱਕ ਹੰਭਲਾ ਹੋਰ ਜ਼ਰੂਰ ਮਾਰਿਆ ਜਾਵੇ ਤਾਂ ਜੋ ਮੁੜ ਵਸੇਬੇ ਸਮੇਤ ਕਿਸਾਨਾਂ ਦੀ ਬਾਂਹ ਫੜੀ ਜਾ ਸਕੇ। ਕਿਸਾਨਾਂ ਦੇ ਖੇਤਾਂ ਵਿੱਚੋਂ ਮਿੱਟੀ ਨੂੰ ਬਾਹਰ ਕੱਢਿਆ ਜਾ ਸਕੇ ਤਾਂ ਜੋ ਕਿਸਾਨ ਸਹੀ ਸਮੇਂ ਤੇ ਕਣਕ ਦੀ ਬਿਜਾਈ ਕਰ ਸਕਣ।
ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਸੁਖਵਿੰਦਰ ਸਿੰਘ ਸੁੱਖੀ ਰੱਖੜਾ, ਸੁਖਵੰਤ ਸਿੰਘ ਸੁੱਖੀ ਪੰਜਲੈਂਡ, ਗੁਰਲਾਲ ਸਿੰਘ, ਚਰਨ ਸਿੰਘ, ਹਰਮਨਦੀਪ ਸਿੰਘ ਚਿਮਨੇਵਾਲਾ, ਗੁਰਜਿੰਦਰ ਸਿੰਘ ਗਰੇਵਾਲ, ਗੁਰਵਿੰਦਰ ਸਿੰਘ ਬਿੱਟੂ,ਗੁਰਜੰਟ ਸਿੰਘ ਜੈਮਲਵਾਲਾ, ਨਿਰਮਲ ਸਿੰਘ ਜਲਾਲਾਬਾਦ, ਸ਼ੇਰ ਸਿੰਘ ਕੰਧਵਾਲਾ, ਬਚਿੱਤਰ ਸਿੰਘ ਸਮਸਾਬਾਦ, ਗੁਰਭੇਜ ਸਿੰਘ ਅਤੇ ਨਾਰਾਇਣ ਦਾਸ ਖਾਸ ਤੌਰ ’ਤੇ ਹਾਜ਼ਰ ਰਹੇ।