ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਸਰਕਾਰੀ ਸਕੂਲਾਂ ‘ਚ ਮਿਗ-21 ਲੜਾਕੂ ਜੈੱਟ ਪ੍ਰਦਰਸ਼ਿਤ ਕਰਨ ਦੀ ਇੱਛਾ ਪ੍ਰਗਟਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤੀ ਹਵਾਈ ਸੈਨਾ ਮੁਖੀ ਨੂੰ ਪੰਜ ਮਿਗ-21 ਜਹਾਜ਼ਾਂ ਨੂੰ ਵੱਖ-ਵੱਖ ਸਕੂਲ ਆਫ਼ ਐਮੀਨੈਂਸ ’ਚ ਪ੍ਰਦਰਸ਼ਿਤ ਕਰਨ ਲਈ ਲਿਖਿਆ ਪੱਤਰ

Punjab government expresses desire to display MiG-21 fighter jets in government schools to motivate students

ਚੰਡੀਗੜ੍ਹ: ਵਿਦਿਆਰਥੀਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਭਰਨ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਉਡਾਣ ਦੇਣ ਲਈ ਅਹਿਮ ਤੇ ਦੂਰਅੰਦੇਸ਼ ਕਦਮ ਚੁੱਕਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਭਾਰਤੀ ਹਵਾਈ ਸੈਨਾ ਨੂੰ ਪੰਜ ਮਿਗ-21 ਫ਼ਾਈਟਰ ਜੈੱਟ, ਜੋ ਹਾਲ ਹੀ ਵਿੱਚ ਰਿਟਾਇਰ ਕੀਤੇ ਗਏ ਹਨ, ਨੂੰ ਸੂਬੇ ਦੇ ਪ੍ਰਮੁੱਖ ਸਕੂਲ ਆਫ਼ ਐਮੀਨੈਂਸ ਵਿਖੇ ਪ੍ਰਦਰਸ਼ਿਤ ਕਰਨ ਲਈ ਅਪੀਲ ਕੀਤੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਜੀਵਨ ਵਿੱਚ ਨਵੀਆਂ ਉਚਾਈਆਂ ਛੋਹਣ ਲਈ ਪ੍ਰੇਰਿਆ ਜਾ ਸਕੇ।

ਸਿੱਖਿਆ ਮੰਤਰੀ ਬੈਂਸ ਨੇ ਹਵਾਈ ਸੈਨਾ ਮੁਖੀ ਏਅਰ ਚੀਫ਼ ਮਾਰਸ਼ਲ ਅਮਰਪ੍ਰੀਤ ਸਿੰਘ ਨੂੰ ਇੱਕ ਪੱਤਰ ਲਿਖਿਆ ਹੈ, ਜਿਸ ਵਿੱਚ ਉਨ੍ਹਾਂ ਕਿਹਾ, “ਅਸੀਂ ਮਿਲ ਕੇ,  ਮਿਗ-21 ਨੂੰ ਇੱਕ ਜੀਵੰਤ ਸ਼ਰਧਾਂਜਲੀ ਦੇ ਸਕਦੇ ਹਾਂ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਦੇਸ਼ ਭਗਤੀ ਅਤੇ ਸਮਰਪਣ ਦੀ ਭਾਵਨਾ ਪੈਦਾ ਕਰ ਸਕਦੇ ਹਾਂ।” ਉਨ੍ਹਾਂ ਨੇ ਪੰਜ ਮਿਗ-21 ਲੜਾਕੂ ਜੈਟ ਨੂੰ ਪ੍ਰਦਰਸ਼ਨ ਲਈ ਲੁਧਿਆਣਾ, ਅੰਮ੍ਰਿਤਸਰ, ਫਿਰੋਜ਼ਪੁਰ, ਨੰਗਲ ਅਤੇ ਖਰੜ ਦੇ ਸਕੂਲਾਂ ਵਿੱਚ ਪ੍ਰਦਰਸ਼ਿਤ ਕਰਨ ਦਾ ਪ੍ਰਸਤਾਵ ਰੱਖਿਆ।

ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਪੰਜਾਬ ਦੇ ਹਜ਼ਾਰਾਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਰੱਖਿਆ, ਇੰਜੀਨੀਅਰਿੰਗ, ਏਅਰੋ-ਸਪੇਸ ਤਕਨਾਲੋਜੀ ਅਤੇ ਹੋਰ ਸਬੰਧਤ ਖੇਤਰਾਂ ਵਿੱਚ ਕਰੀਅਰ ਬਣਾਉਣ ਲਈ ਪ੍ਰੇਰਿਤ ਕਰਨਾ ਹੈ।

ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਸਰਕਾਰ ਵਿਦਿਆਰਥੀਆਂ ਵਿੱਚ ਉੱਤਮਤਾ ਅਤੇ ਸਮਰਪਣ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਇਨ੍ਹਾਂ ਸਕੂਲਾਂ ਵਿੱਚ ਇਨ੍ਹਾਂ ਲੜਾਕੂ ਜਹਾਜ਼ਾਂ ਦੀ ਰਸਮੀ ਸਥਾਪਤੀ ਲਈ ਸਮਾਗਮਾਂ ਵਾਸਤੇ ਭਾਰਤੀ ਹਵਾਈ ਸੈਨਾ ਨਾਲ ਭਾਈਵਾਲੀ ਦੀ ਯੋਜਨਾ ਬਣਾ ਰਹੀ ਹੈ। ਸਿੱਖਿਆ ਮੰਤਰੀ ਨੇ ਆਸ ਪ੍ਰਗਟਾਈ ਕਿ ਸਕੂਲਾਂ ਵਿੱਚ ਇਨ੍ਹਾਂ ਲੜਾਕੂ ਜਹਾਜ਼ਾਂ ਦੀ ਮੌਜੂਦਗੀ ਵਿਦਿਆਰਥੀਆਂ ਨੂੰ ਰੋਜ਼ਾਨਾ ਹਿੰਮਤ, ਸਾਹਸ ਅਤੇ ਦ੍ਰਿੜ੍ਹਤਾ ਲਈ ਪ੍ਰੇਰਿਤ ਕਰੇਗੀ।

ਭਾਰਤੀ ਹਵਾਈ ਸੈਨਾ ਦੀਆਂ ਰਾਸ਼ਟਰ ਪ੍ਰਤੀ ਸ਼ਾਨਦਾਰ ਸੇਵਾਵਾਂ ਨੂੰ ਸਲਾਮ ਕਰਦਿਆਂ ਹਰਜੋਤ ਸਿੰਘ ਬੈਂਸ ਨੇ ਪ੍ਰੀਮੀਅਰ ਮਿਗ-21 ਜਹਾਜ਼ ਦੇ ਹਾਲ ਹੀ ਵਿੱਚ ਹੋਈ ਰਸਮੀ ਰਿਟਾਇਰਮੈਂਟ `ਤੇ ਨਿੱਘੀ ਵਧਾਈ ਦਿੱਤੀ ਅਤੇ ਇਸਨੂੰ ਭਾਰਤ ਦੇ ਰੱਖਿਆ ਇਤਿਹਾਸ ਵਿੱਚ ਹਿੰਮਤ, ਅਨੁਸ਼ਾਸਨ ਅਤੇ ਸਮਰਪਣ ਦੇ ਪ੍ਰਤੀਕ ਵਜੋਂ ਮਾਨਤਾ ਦਿੱਤੀ। ਉਨ੍ਹਾਂ ਕਿਹਾ ਕਿ ਮਿਗ-21, ਜਿਸਨੇ 1965 ਦੀ ਭਾਰਤ-ਪਾਕਿ ਜੰਗ, 1971 ਦੀ ਬੰਗਲਾਦੇਸ਼ ਮੁਕਤੀ ਜੰਗ ਅਤੇ 1999 ਦੀ ਕਾਰਗਿਲ ਜੰਗ ਵਿੱਚ ਅਹਿਮ  ਭੂਮਿਕਾ ਨਿਭਾਈ, ਆਪਣੀ ਮਹਾਨ ਵਿਰਾਸਤ ਦੀ ਯਾਦ ਦਿਵਾਉਂਦੇ ਰਹਿਣਗੇ।

ਸਿੱਖਿਆ ਮੰਤਰੀ ਨੇ ਭਰੋਸਾ ਦਿੱਤਾ ਕਿ ਭਾਰਤੀ ਹਵਾਈ ਸੈਨਾ ਦੇ ਪ੍ਰੋਟੋਕੋਲ ਅਤੇ ਪਰੰਪਰਾਵਾਂ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਇਨ੍ਹਾਂ ਜਹਾਜ਼ਾਂ ਦੀ ਸਥਾਪਨਾ ਅਤੇ ਪ੍ਰਦਰਸ਼ਨੀ ਪੂਰੇ ਸਤਿਕਾਰ ਨਾਲ ਕੀਤੀ ਜਾਵੇਗੀ।

ਬੈਂਸ ਨੇ ਕਿਹਾ ਕਿ ਇਹ ਨਿਵੇਕਲੀ ਪਹਿਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਨਵੀਨਤਾਕਾਰੀ ਅਤੇ ਪਰਿਵਰਤਨਸ਼ੀਲ ਸਿੱਖਿਆ ਪ੍ਰਦਾਨ ਕਰਨ ਵਾਲੀ ਪੇਸ਼ਕਦਮੀ ਦੀ ਤਰਜ਼ `ਤੇ ਅਧਾਰਿਤ ਹੈ, ਜਿਸ ਤਹਿਤ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਅਧਿਆਪਕਾਂ ਲਈ ਅੰਤਰਰਾਸ਼ਟਰੀ ਸਿਖਲਾਈ ਪ੍ਰੋਗਰਾਮ ਸਮੇਤ ਹੋਰ ਕਈ ਅਗਾਂਹਵਧੂ ਕਦਮ ਚੁੱਕੇ ਗਏ ਹਨ।