Ludhiana ਦੇ ਟਿੱਬਾ ਥਾਣੇ ਦੇ ਐਸ.ਐਚ.ਓ. ਜਸਪਾਲ ਸਿੰਘ ਨੂੰ ਕੀਤਾ ਮੁਅੱਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਔਰਤ ਵੱਲੋਂ ਕੀਤੀ ਗਈ ਸ਼ਿਕਾਇਤ ’ਤੇ ਕਾਰਵਾਈ ਨਾ ਕਰਨ ਦਾ ਲੱਗਿਆ ਆਰੋਪ

SHO of Tibba police station in Ludhiana Jaspal Singh suspended

ਲੁਧਿਆਣਾ : ਲੁਧਿਆਣਾ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਔਰਤ ਦੀ ਸ਼ਿਕਾਇਤ ’ਤੇ ਲਾਪਰਵਾਹੀ ਅਤੇ ਕਾਰਵਾਈ ’ਚ ਬੇਲੋੜੀ ਦੇਰੀ ਕਰਨ ਦੇ ਮਾਮਲੇ ’ਚ ਜ਼ੀਰੋ ਟਾਲਰੈਂਸ ਅਪਣਾਉਂਦੇ ਹੋਏ ਥਾਣਾ ਟਿੱਬਾ ਦੇ ਐੱਸਐੱਚਓ ਸਬ-ਇੰਸਪੈਕਟਰ ਜਸਪਾਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ।

ਮੁਅੱਤਲੀ ਤੋਂ ਬਾਅਦ ਐੱਸਐੱਚਓ ਨੂੰ ਪੁਲਿਸ ਲਾਈਨ ਭੇਜ ਦਿੱਤਾ ਗਿਆ ਤੇ ਉੱਚ ਅਧਿਕਾਰੀ ਵੱਲੋਂ ਵਿਭਾਗੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਗਏ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਹਾਲ ਹੀ ’ਚ ਇੱਕ ਔਰਤ ਡੌਲੀ ’ਤੇ ਉਸ ਦੇ ਪਤੀ ਨੇ ਹਮਲਾ ਕਰ ਦਿੱਤਾ ਸੀ, ਜਿਸ ’ਚ ਉਸ ਨੂੰ ਗੰਭੀਰ ਸੱਟਾਂ ਲੱਗੀਆਂ। ਇਹ ਹਮਲਾ ਪਤੀ-ਪਤਨੀ ਦੇ ਚੱਲ ਰਹੇ ਝਗੜੇ ਕਾਰਨ ਹੋਇਆ ਸੀ। ਜ਼ਖ਼ਮੀ ਹੋਣ ਤੋਂ ਬਾਅਦ ਔਰਤ ਥਾਣੇ ਪਹੁੰਚੀ ਤੇ ਐੱਸਐੱਚਓ ਸਬ-ਇੰਸ. ਜਸਪਾਲ ਸਿੰਘ ਨੂੰ ਘਟਨਾ ਬਾਰੇ ਦੱਸ ਕੇ ਹਮਲਾਵਰ ’ਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਪਰ ਐੱਸਐੱਚਓ ਨੇ ਲਾਪਰਵਾਹ ਰਵੱਈਆ ਅਪਣਾਉਂਦੇ ਹੋਏ ਐੱਫਆਈਆਰ ਦਰਜ ਕਰਨ ’ਚ ਦੇਰੀ ਕਰ ਦਿੱਤੀ।

ਪੁਲਿਸ ਕਮਿਸ਼ਨਰ ਸ਼ਰਮਾ ਨੇ ਖੁਲਾਸਾ ਕੀਤਾ ਕਿ ਪੀੜਤ ਔਰਤ ਨੇ ਉਨ੍ਹਾਂ ਦੇ ਕੋਲ ਪਹੁੰਚ ਕੇ ਆਪ ਬੀਤੀ ਦੱਸੀ। ਉਸ ਨੂੰ ਸੁਣਨ ਤੋਂ ਬਾਅਦ ਉਨ੍ਹਾਂ ਤੁਰੰਤ ਐੱਸਐੱਚਓ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਤੇ ਉਸ ਨੂੰ ਪੁਲਿਸ ਲਾਈਨ ਭੇਜਣ ਦੇ ਹੁਕਮ ਜਾਰੀ ਕੀਤੇ। ਉਨ੍ਹਾਂ ਆਖਿਆ ਕਿ ਐੱਸਆਈ ਜਸਪਾਲ ਸਿੰਘ ਨੂੰ ਟਿੱਬਾ ਥਾਣੇ ਦੇ ਐੱਸਐੱਚਓ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਅਤੇ ਉਸ ਦੀ ਥਾਂ ਨਵਾਂ ਐੱਸਐੱਚਓ ਤਾਇਨਾਤ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਨੇ ਆਖਿਆ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਪੀੜਤ ਔਰਤ ਦਾ ਬਿਆਨ ਤੁਰੰਤ ਦਰਜ ਕਰ ਕੇ ਐੱਫਆਈਆਰ ਦਰਜ ਕੀਤੀ ਜਾਵੇ। ਲੁਧਿਆਣਾ ਪੁਲਿਸ ਲੋਕਾਂ ਨੂੰ ਪੂਰੀ ਨਿਆਂ ਦਿੰਦੀ ਆ ਰਹੀ ਹੈ ਤੇ ਥਾਣਾ ਇੰਚਾਰਜ ਦੀ ਅਜਿਹੀ ਲਾਪਰਵਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।