ਸੁਖਬਿੰਦਰ ਸਿੰਘ ਸਰਕਾਰੀਆ ਵੱਲੋਂ ਪੁਰਤਗਾਲ ਦੇ ਜਲ ਸਰੋਤ ਬਾਰੇ ਸੈਕਟਰੀ ਆਫ ਸਟੇਟ ਨਾਲ ਮੁਲਾਕਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਮਾਲ, ਜਲ ਸਰੋਤ ਅਤੇ ਖਣਨ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵੱਲੋਂ ਪੁਰਤਗਾਲ ਸਰਕਾਰ ਦੇ ਜਲ ਸਰੋਤਾਂ ਬਾਰੇ..

Sukbinder Singh Sarkariya

ਚੰਡੀਗੜ੍ਹ (ਸ.ਸ.ਸ) : ਪੰਜਾਬ ਦੇ ਮਾਲ, ਜਲ ਸਰੋਤ ਅਤੇ ਖਣਨ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵੱਲੋਂ ਪੁਰਤਗਾਲ ਸਰਕਾਰ ਦੇ ਜਲ ਸਰੋਤਾਂ ਬਾਰੇ ਸੈਕਟਰੀ ਆਫ ਸਟੇਟ ਡਾ. ਕਾਰਲੌਸ ਮਾਰਟਿਨਜ਼ ਨਾਲ ਮੁਲਾਕਾਤ ਦੌਰਾਨ ਜਲ ਪ੍ਰਬੰਧਨ, ਦਰਿਆਵਾਂ ਦੀ ਸਫਾਈ ਅਤੇ ਜਲ ਸੰਭਾਲ ਸਬੰਧੀ ਵਿਸਥਤਾਰਿਤ ਵਿਚਾਰ-ਚਰਚਾ ਕੀਤੀ ਗਈ। ਸ੍ਰੀ ਸਰਕਾਰੀਆ ਪੁਰਤਗਾਲ ਵਿਚ ਭਾਰਤ ਦੀ ਅੰਬੈਸੀ ਵੱਲੋਂ ਦਿੱਤੇ ਗਏ ਸੱਦੇ ਉੱਤੇ ਦੋ ਦਿਨਾਂ ਪੁਰਤਗਾਲ ਦੌਰੇ ਉੱਤੇ ਹਨ।
ਇਸ ਦੌਰਾਨ ਡਾ. ਮਾਰਟਿਨਜ਼ ਨੇ ਪੁਰਤਗਾਲ ਸਰਕਾਰ ਵੱਲੋਂ ਕੁਦਰਤੀ ਜਲ ਸਰੋਤ ਟੈਗਸ ਦੀ ਸਫਲਤਾਪੂਰਵਕ ਕੀਤੀ ਗਈ ਸਫਾਈ ਬਾਰੇ ਜਾਣਕਾਰੀ ਦਿੱਤੀ। ਉਨਾਂ ਦੱਸਿਆ ਕਿ ਟੈਗਸ ਕੁਦਰਤੀ ਜਲ ਸਰੋਤ ਪੱਛਮੀ ਯੂਰਪ ਦਾ ਸਭ ਤੋਂ ਵੱਡਾ ਜਲ ਸਰੋਤ ਹੈ ਜਿਸ ਦੇ ਕੰਢੇ ਉੱਤੇ 19 ਨਗਰ ਕੌਂਸਲਾਂ ਪੈਂਦੀਆਂ ਹਨ ਅਤੇ 28 ਲੱਖ ਲੋਕ ਵਸਦੇ ਹਨ। ਉਨਾਂ ਦੱਸਿਆ ਕਿ ਇੱਕ ਸਮੇਂ 'ਤੇ ਟੈਗਸ ਪੱਛਮੀ ਯੂਰਪ ਦਾ ਸਭ ਤੋਂ ਪ੍ਰਦੂਸ਼ਿਤ ਦਰਿਆ ਸੀ ਜਿਸ ਨੂੰ ਹੁਣ ਪ੍ਰਦੂਸ਼ਣ ਮੁਕਤ ਕਰ ਦਿੱਤਾ ਗਿਆ ਹੈ ਅਤੇ ਇਸਦੇ 35 ਕੰਢਿਆਂ ਉੱਤੇ ਬੀਚਾਂ ਬਣਾਈਆਂ ਗਈਆਂ ਹਨ ਜੋ ਕਿ ਏਨੀਆਂ ਸਾਫ-ਸੁਥਰੀਆਂ ਅਤੇ ਸਵੱਛ ਪਾਣੀ ਵਾਲੀਆਂ ਹਨ ਕਿ ਉੱਥੇ ਲੋਕ ਨਹਾ ਵੀ ਸਕਦੇ ਹਨ। ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਪ੍ਰਦੂਸ਼ਣ ਕਾਰਣ ਇਸ ਪਾਣੀ ਵਿਚ ਜੀਵ-ਜੰਤੂਆਂ ਦੀ ਹੋਂਦ ਸੰਭਵ ਨਹੀਂ ਸੀ ਪਰ ਹੁਣ ਡੌਲਫਿਨ ਮੱਛੀਆਂ ਵੱਡੀ ਗਿਣਤੀ ਵਿਚ ਦੇਖੀਆਂ ਜਾ ਸਕਦੀਆਂ ਹਨ ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਇਹ ਪਾਣੀ ਕਿੰਨਾ ਸਾਫ ਤੇ ਸ਼ੁੱਧ ਹੈ। ਪਾਣੀ ਨੂੰ ਸਾਫ ਕਰਨ ਦੀ ਲੋੜ ਅਨੁਸਾਰ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ ਯੋਜਨਾਬੱਧ ਤਰੀਕੇ ਨਾਲ ਸਥਾਪਿਤ ਕੀਤੇ ਗਏ ਹਨ।ਇਸ ਤੋਂ ਇਲਾਵਾ ਸਾਫ ਕੀਤੇ ਪਾਣੀ ਦੀ ਮੁੜ ਵਰਤੋਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਵਿਕਾਸ ਦੇ ਰਸਤੇ ਵਿਚ ਆਧੁਨਿਕ ਤਕਨੀਕਾਂ ਦੀ ਵਰਤੋਂ ਇਸ ਤਰੀਕੇ ਨਾਲ ਕੀਤੀ ਜਾ ਰਹੀ ਹੈ ਜਿਸ ਨਾਲ ਕਿ ਇਸ ਦਾ ਵਾਤਾਵਰਣ 'ਤੇ ਘੱਟ ਤੋਂ ਘੱਟ ਮਾੜਾ ਅਸਰ ਪਵੇ। ਸ੍ਰੀ ਸਰਕਾਰੀਆ ਨੇ ਪੁਰਤਗਾਲ ਸਰਕਾਰ ਵੱਲੋਂ ਦਰਿਆਵਾਂ ਦੀ ਸਫਲਤਾਪੂਰਵਕ ਕੀਤੀ ਸਫਾਈ ਪ੍ਰਤੀ ਭਰਪੂਰ ਰੁਚੀ ਵਿਖਾਈ ਅਤੇ ਡਾ. ਮਾਰਟਿਨਜ਼ ਨੂੰ ਬੇਨਤੀ ਕੀਤੀ ਕਿ ਉਹ ਮਾਹਿਰਾਂ ਦੀ ਇਕ ਟੀਮ ਨੂੰ ਪੰਜਾਬ ਭੇਜਣ ਤਾਂ ਜੋ ਇਸ ਤਰਾਂ ਦੇ ਪ੍ਰੋਜੈਕਟ ਦੀਆਂ ਪੰਜਾਬ ਵਿਚ ਵੀ ਸੰਭਾਵਨਾਵਾਂ ਲੱਭੀਆਂ ਜਾ ਸਕਣ। ਉਨਾਂ ਇਹ ਵੀ ਕਿਹਾ ਕਿ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਆਧੁਨਿਕ ਤਕਨੀਕਾਂ ਪੰਜਾਬ ਨਾਲ ਸਾਂਝੀਆਂ ਕੀਤੀਆਂ ਜਾਣ। ਇਸ ਮੌਕੇ ਸ੍ਰੀ ਸਰਕਾਰੀਆ ਨਾਲ ਪੁਰਤਗਾਲ ਵਿਚ ਭਾਰਤ ਦੀ ਰਾਜਦੂਤ ਸ੍ਰੀਮਤੀ ਕੇ. ਨੰਦਿਨੀ ਸਿੰਗਲਾ,  ਪੁਰਤਗਾਲ ਵਿਚ ਭਾਰਤੀ ਅੰਬੈਸੀ ਦੇ ਫਸਟ ਸੈਕਟਰੀ ਸ੍ਰੀ ਅਮਰਾਰਾਮ ਗੁਰਜਰ ਅਤੇ ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਸ੍ਰੀ ਗੁਰਕਿਰਤ ਕ੍ਰਿਪਾਲ ਸਿੰਘ ਹਾਜ਼ਰ ਸਨ।