ਭਾਜਪਾ ਪਾਵਰ ਹਾਊਸ ਬਣ ਕੇ ਗ਼ਰੀਬ ਕਿਸਾਨਾਂ ਨੂੰ ਦਬਾ ਰਹੀ ਹੈ : ਜਾਖੜ

ਏਜੰਸੀ

ਖ਼ਬਰਾਂ, ਪੰਜਾਬ

ਭਾਜਪਾ ਪਾਵਰ ਹਾਊਸ ਬਣ ਕੇ ਗ਼ਰੀਬ ਕਿਸਾਨਾਂ ਨੂੰ ਦਬਾ ਰਹੀ ਹੈ : ਜਾਖੜ

image

ਚੰਡੀਗੜ੍ਹ, 31 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਨੇ ਅੱਜ ਭਗਵਾਨ ਵਾਲਮੀਕਿ ਜੀ ਦੇ ਜਨਮ ਦਿਨ ਮੌਕੇ  ਐਸ.ਸੀ. ਬੱਚਿਆਂ ਲਈ ਡਾ: ਬੀ.ਆਰ. ਅੰਬਦੇਕਰ ਵਜ਼ੀਫ਼ਾ ਸਕੀਮ ਸ਼ੁਰੂ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧਨਵਾਦ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਪੋਸਟ ਮੈਟ੍ਰਿਕ ਵਜ਼ੀਫ਼ਾ ਸਕੀਮ ਤਹਿਤ ਪੰਜਾਬ ਦੇ ਐਸ.ਸੀ. ਬੱਚਿਆਂ ਦਾ 800 ਕਰੋੜ ਦਾ ਸਾਲਾਨਾ ਵਜ਼ੀਫ਼ਾ ਰੋਕ ਕੇ ਅਪਣਾ ਗ਼ਰੀਬ ਵਿਰੋਧੀ ਕਿਰਦਾਰ ਬੇਨਕਾਬ ਕੀਤਾ ਗਿਆ ਹੈ।  
ਸੂਬਾ ਕਾਂਗਰਸ ਪ੍ਰਧਾਨ ਨੇ ਇਥੋਂ ਜਾਰੀ ਬਿਆਨ ਵਿਚ ਆਖਿਆ ਕਿ ਪੰਜਾਬ ਸਰਕਾਰ ਨੇ ਇਹ ਸਕੀਮ ਸ਼ੁਰੂ ਕਰ ਕੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ ਅਤੇ ਇਸ ਨਾਲ ਰਾਜ ਦੇ 3 ਲੱਖ ਤੋਂ ਵਧੇਰੇ ਐਸ.ਸੀ. ਬੱਚਿਆਂ ਨੂੰ ਉਚੇਰੀ ਪੜ੍ਹਾਈ ਲਈ ਵਜ਼ੀਫ਼ਾ ਮਿਲ ਸਕੇਗਾ।  
ਸ਼੍ਰੀ ਜਾਖੜ ਨੇ ਦਸਿਆ ਕਿ ਇਹ ਸਕੀਮ ਸੂਬਾ ਸਰਕਾਰ ਨੂੰ ਇਸ ਲਈ ਸ਼ੁਰੂ ਕਰਨੀ ਪਈ ਕਿਉਂਕਿ ਕੇਂਦਰ ਦੀ ਮੋਦੀ ਸਰਕਾਰ ਨੇ ਗ਼ਰੀਬ, ਮਜ਼ਦੂਰ ਅਤੇ ਕਿਸਾਨ ਵਿਰੋਧੀ ਅਪਣੀ ਸੋਚ ਤਹਿਤ ਪੰਜਾਬ ਦੇ ਐਸ.ਸੀ. ਬੱਚਿਆਂ ਲਈ ਕਾਂਗਰਸ ਰਾਜ ਸਮੇਂ ਹੀ ਸ਼ੁਰੂ ਕੀਤੀ ਕੇਂਦਰੀ ਵਜ਼ੀਫ਼ਾ ਸਕੀਮ ਨੂੰ ਬੰਦ ਕਰ ਕੇ ਪੰਜਾਬ ਦੇ ਐਸ.ਸੀ. ਬੱਚਿਆਂ ਦੇ ਹੱਕ ਦੇ ਸਾਲਾਨਾ 800 ਕਰੋੜ ਰੁਪਏ ਰੋਕ ਲਏ ਸਨ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਭਾਜਪਾ ਆਗੂ ਸੋਮ ਪ੍ਰਕਾਸ਼ ਨੇ ਕਿਹਾ ਸੀ ਕਿ ਸਰਕਾਰ ਪਾਵਰ ਹਾਊਸ ਹੁੰਦੀ ਹੈ ਅਤੇ ਸਰਕਾਰ ਦੀ ਗੱਲ ਮੰਨਣੀ ਹੀ ਪੈਂਦੀ ਹੈ, ਇਸ ਲਈ ਕਿਸਾਨਾਂ ਨੂੰ ਕੇਂਦਰ ਸਰਕਾਰ ਦੀ ਗੱਲ ਮੰਨਣੀ ਹੀ ਪਵੇਗੀ। ਸੋਮ ਪ੍ਰਕਾਸ਼ ਦੇ ਇਸ ਬਿਆਨ 'ਤੇ ਜਾਖੜ ਨੇ ਕਿਹਾ ਕਿ ਕੇਂਦਰੀ ਭਾਜਪਾ ਸਰਕਾਰ ਪਾਵਰ ਹਾਊਸ ਬਣ ਕੇ ਗ਼ਰੀਬਾਂ ਅਤੇ ਕਿਸਾਨਾਂ ਨੂੰ ਦਬਾਉਣਾ ਚਾਹੁੰਦੀ ਹੈ।
ਇਸ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਉਹ ਰਾਸ਼ਟਰਪਤੀ ਤੋਂ ਖੇਤੀ ਵਿਰੋਧੀ ਬਿਲਾਂ 'ਤੇ ਗਲਬਾਤ ਕਰਨ ਲਈ ਸਮਾਂ ਲੈ ਰਹੇ ਹਨ ਅਤੇ ਜੋ ਵੀ ਸਿਆਸੀ ਪਾਰਟੀ ਦੇ ਆਗੂ ਉਨ੍ਹਾਂ ਨਾਲ ਜਾਣਾ ਚਾਹੁੰਦੇ ਹਨ ਚਲ ਸਕਦੇ ਹਨ। ਇਸ 'ਤੇ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਉਹ ਨਹੀਂ ਜਾਣਗੇ ਕਿਉਂਕਿ ਬਿਲ ਪ੍ਰਧਾਨ ਮੰਤਰੀ ਨੇ ਬਣਾਇਆ ਹੈ ਜੇਕਰ ਜਾਣਾ ਹੈ ਤੈ ਪ੍ਰਧਾਨ ਮੰਤਰੀ ਨੂੰ ਮਿਲੋਂ ਫਿਰ ਅਸੀਂ ਨਾਲ ਚਲਾਂਗੇ। ਇਸੇ ਤਰ੍ਹਾਂ ਅਕਾਲੀਆਂ ਦਾ ਵੀ ਨਾ ਪੱਖੀ ਹੀ ਜਵਾਬ ਸੀ। ਇਸ ਪ੍ਰਤੀਕ੍ਰਿਆ 'ਤੇ ਜਾਖੜ ਨੇ ਕਿਹਾ ਕਿ ਜੋ ਵੀ ਸਿਆਸੀ ਪਾਰਟੀਆਂ ਦੇ ਆਗੂ ਰਾਸ਼ਟਰਪਤੀ ਨੂੰ ਖੇਤੀ ਬਿਲਾਂ ਸਬੰਧੀ ਮਿਲਣ ਤੋਂ ਇਨਕਾਰੀ ਹਨ ਉਹ ਸਾਫ਼ ਸਾਫ਼ ਕਿਸਾਨ ਵਿਰੋਧੀ ਹੀ ਹੋਣਗੇ।
ਸੂਬਾ ਕਾਂਗਰਸ ਪ੍ਰਧਾਨ ਨੇ ਇਸ ਮੌਕੇ ਕੇਂਦਰ ਵਿਚ ਮੰਤਰੀ ਭਾਜਪਾ ਆਗੂ ਸ਼੍ਰੀ ਸੋਮ ਪ੍ਰਕਾਸ਼ ਨੂੰ ਵੀ ਸਵਾਲ ਕੀਤਾ ਕਿ ਉਹ ਪੰਜਾਬ ਦੇ ਹਿੱਤਾਂ ਦੀ ਹੋ ਰਹੀ ਅਣਦੇਖੀ ਵੇਖ ਕੇ ਕੇਂਦਰ ਸਰਕਾਰ ਵਿਚ ਚੁੱਪ ਕਿਉਂ ਹਨ। ਉਨ੍ਹਾਂ ਨੇ ਕਿਹਾ ਕਿ ਚੰਗਾ ਹੋਵੇ ਜੇਕਰ ਐਸ.ਸੀ. ਬੱਚਿਆਂ ਲਈ ਵਜ਼ੀਫ਼ਾ ਸਕੀਮ ਸ਼ੁਰੂ ਕਰਨ ਲਈ ਪੰਜਾਬ ਸਰਕਾਰ ਦਾ ਧਨਵਾਦ ਕਰਨ ਦੇ ਨਾਲ-ਨਾਲ ਉਹ ਅਪਣੀ ਕੇਂਦਰ ਸਰਕਾਰ ਦੀ ਤਰਫ਼ੋਂ ਰਾਜ ਦੇ ਐਸ.ਸੀ. ਭਾਈਚਾਰੇ ਤੋਂ ਮਾਫ਼ੀ ਵੀ ਮੰਗਣ ਜਿਨ੍ਹਾਂ ਦੀ ਸਰਕਾਰ ਨੇ ਇਹ ਸਕੀਮ ਬੰਦ ਕੀਤੀ ਸੀ।

ਮੁੱਖ ਮੰਤਰੀ ਨਾਲ ਜਿਹੜੇ ਰਾਸ਼ਟਰਪਤੀ ਕੋਲ ਜਾਣ ਨੂੰ ਤਿਆਰ ਨਹੀਂ, ਉਹ ਕਿਸਾਨ ਵਿਰੋਧੀ
ਕੈਪਟਨ ਬਾਰੇ ਸੁਖਬੀਰ ਦਾ ਬਿਆਨ ਬਚਕਾਨਾ