ਖੇਤੀ ਕਾਨੂੰਨਾਂ ਨੂੰ ਲੈ ਕੇ ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋਂ 24ਵੇਂ ਦਿਨ ਵੀ ਧਰਨਾ ਜਾਰੀ
ਕਿਸਾਨ ਆਗੂਆਂ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਸ਼ੋਅ ਰੂਮਾਂ 'ਚ ਜਾ ਰਹੇ ਸਾਮਾਨ ਦੀਆਂ ਗੱਡੀਆਂ ਘੇਰ ਕੇ ਰੋਸ ਪ੍ਰਦਰਸ਼ਨ
ਅੰਮ੍ਰਿਤਸਰ- ਪੰਜਾਬ 'ਚ ਖੇਤੀ ਕਾਨੂੰਨਾਂ ਨੂੰ ਲੈ ਕੇ ਵੱਖ ਵੱਖ ਥਾਵਾਂ ਤੇ ਕਿਸਾਨ ਜਥੇਬੰਦੀਆ ਵੱਲੋਂ ਧਰਨੇ ਪ੍ਰਦਰਸ਼ਨ ਲਗਾਤਾਰ ਜਾਰੀ ਹਨ। ਇਸ ਦੇ ਚਲਦੇ ਕੇਂਦਰ ਸਰਕਾਰ ਦੇ ਹੈਂਕੜਬਾਜ਼ ਰਵੱਈਏ ਅਤੇ ਕੇਂਦਰ ਵਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਨੂੰ ਲੈ ਕੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਦਿਲਬਾਗ ਸਿੰਘ ਰੱਖ ਝੀਤਾ ਦੀ ਅਗਵਾਈ ਹੇਠ ਜੰਡਿਆਲਾ ਗੁਰੂ ਨਜ਼ਦੀਕ ਨੈਸ਼ਨਲ ਹਾਈਵੇ 'ਤੇ ਪੈਂਦੇ ਟੋਲ ਪਲਾਜ਼ਾ ਨਿੱਝਰਪੁਰਾ ਵਿਖੇ ਲਗਾਇਆ ਗਿਆ ਧਰਨਾ ਲਗਾਤਾਰ ਜਾਰੀ ਹੈ।
ਇਹ ਧਰਨਾ ਅੱਜ 24 ਵੇ ਦਿਨ ਵਿਚ ਦਾਖਿਲ ਹੋ ਗਿਆ ਹੈ। ਕਿਸਾਨਾਂ ਆਗੂਆਂ ਦਾ ਕਹਿਣਾ ਹੈ ਕਿ ਜਿਨੀਂ ਦੇਰ ਕੇਂਦਰ ਸਰਕਾਰ ਕਿਸਾਨ ਮਾਰੂ ਕਾਨੂੰਨ ਨੂੰ ਰੱਦ ਨਹੀਂ ਕਰਦੀ ਇਹ ਪ੍ਰਦਰਸ਼ਨ ਲਗਾਤਾਰ ਜਾਰੀ ਰਹੇਗਾ। ਇਸ ਦੇ ਨਾਲ ਹੀ ਕਿਸਾਨ ਆਗੂਆਂ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਸ਼ੋਅ ਰੂਮਾਂ 'ਚ ਜਾ ਰਹੇ ਸਾਮਾਨ ਦੀਆਂ ਗੱਡੀਆਂ ਘੇਰ ਕੇ ਰੋਸ ਪ੍ਰਦਰਸ਼ਨ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।