ਬਾਬੇ ਨਾਨਕ ਨੂੰ ਮੰਦਾ ਬੋਲਣ ਵਾਲੇ ਅਨਿਲ ਅਰੋੜਾ ’ਤੇ ਢਡਰੀਆਂਵਾਲੇ ਨੇ ਕੱਢੀ ਭੜਾਸ

ਏਜੰਸੀ

ਖ਼ਬਰਾਂ, ਪੰਜਾਬ

ਬਾਬੇ ਨਾਨਕ ਨੂੰ ਮੰਦਾ ਬੋਲਣ ਵਾਲੇ ਅਨਿਲ ਅਰੋੜਾ ’ਤੇ ਢਡਰੀਆਂਵਾਲੇ ਨੇ ਕੱਢੀ ਭੜਾਸ

image

ਚੰਡੀਗੜ੍ਹ, 31 ਅਕਤੂਬਰ (ਪ੍ਰਕਾਸ਼): ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਭੱਦੀ ਸ਼ਬਦਾਵਲੀ ਬੋਲਣ ਵਾਲੇ ਅਨਿਲ ਅਰੋੜਾ ਦੀ ਭਾਈ ਰਣਜੀਤ ਸਿੰਘ ਢਡਰੀਆਂਵਾਲੇ ਵਲੋਂ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਕਤ ਬੰਦੇ ਨੇ ਜੋ ਸ਼ਬਦ ਵਰਤੇ ਹਨ, ਉਨ੍ਹਾਂ ਨੂੰ ਸੁਣ ਕੇ ਉਹ ਹੈਰਾਨ ਹੋ ਗਏ ਹਨ। 
ਰਣਜੀਤ ਸਿੰਘ ਢਡਰੀਆਂਵਾਲੇ ਨੇ ਕਿਹਾ ਕਿ ਜੇਕਰ ਸ੍ਰੀ ਗੁਰੂ ਨਾਨਕ ਦੇਵ ਜੀ ਮਰਦਾਨੇ ਦੇ ਨਾਲ ਇਸ ਸਮਾਜ ਵਿਚ ਨਾ ਆਉਂਦੇ ਤਾਂ ਸਾਡੀ ਕੌਣ ਸੁਣਦਾ। ਜੇਕਰ ਬਾਬੇ ਨਾਨਕ ਇਸ ਸੰਸਾਰ ’ਤੇ ਨਾ ਆਉਂਦੇ ਤਾਂ ਪੁਜਾਰੀਆਂ ਵਲੋਂ ਅਜੇ ਤਕ ਵੀ ਦਾਨ ਦੇ ਨਾਮ ’ਤੇ ਕਈ ਕੁੱਝ ਹੋਣਾ ਸੀ। ਢਡਰੀਆਂਵਾਲੇ ਨੇ ਕਿਹਾ ਕਿ ਇਹ ਲੋਕ ਕਿੰਨੇ ਭੈੜੇ ਹਨ ਜੋ ਅਪਣੇ ਅੰਦਰ ਇੰਨੀ ਜ਼ਹਿਰ ਲੈ ਕੇ ਬੈਠੇ ਹਨ। ਉਨ੍ਹਾਂ ਕਿਹਾ ਕਿ ਸਮਾਜ ਵਿਚ ਕ੍ਰਾਂਤੀ ਅਤੇ ਇਨਕਲਾਬ ਲਿਆਉਣ ਵਾਲੇ ਸ਼ਖ਼ਸ, ਮਹਾਂਪੁਰਸ਼ ਸੱਭ ਦੇ ਸਾਂਝੇ ਹੁੰਦੇ ਹਨ, ਸਮਾਜ ਨੂੰ ਸੌਖਿਆਂ ਕਰਨ ਵਾਲੇ ਸੱਭ ਦੇ ਸਾਂਝੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਬਾਬੇ ਨਾਨਕ ਨੇ ਲੁੱਟ ਕੇ ਖਾਣ ਵਾਲੇ ਬੰਦਿਆਂ ਤੋਂ ਬਚਾ ਕੇ ਮਨੁੱਖ ਦਾ ਸਾਹ ਸੌਖਾ ਕੀਤਾ ਹੈ।
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਗੱਲ ਹਿੰਦੂਆਂ ਦੀ ਨਹੀਂ ਹੈ, ਭਾਵੇਂ ਵਿਅਕਤੀ ਕਿਸੇ ਵੀ ਜਾਤ-ਧਰਮ ਵਿਚ ਪੈਦਾ ਹੋਇਆ ਹੋਵੇ ਪਰ ਇੰਨੀ ਨਫ਼ਰਤ ਕਿਉਂ? ਉਨ੍ਹਾਂ ਕਿਹਾ ਕਿ ਕਿਸੇ ਲਈ ਵੀ ਇੰਨੀ ਜ਼ਿਆਦਾ ਨਫ਼ਰਤ ਦਿਲ ਵਿਚ ਰੱਖਣਾ ਬਹੁਤ ਹੀ ਗ਼ਲਤ ਹੈ। 
ਉਨ੍ਹਾਂ ਕਿਹਾ ਕਿ ਵਿਅਕਤੀ ਭਾਵੇਂ ਕੁੱਝ ਵੀ ਕਰ ਲਵੇ ਪਰ ਮਨ ਨੂੰ ਕਾਬੂ ਕਰਨਾ ਬੇਹੱਦ ਮੁਸ਼ਕਲ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਪੈਦਾ ਤੇ ਹੋਏ ਸਨ ਪਰ ਖ਼ਤਮ ਕਦੇ ਨਹੀਂ ਹੋਏ ਤੇ ਨਾ ਹੀ ਹੋਣਗੇ ਕਿਉਂਕਿ ਉਹ ਇਕ ਸੋਚ ਹਨ ਜਿਨ੍ਹਾਂ ਨੂੰ ਸਾਨੂੰ ਸਮਝਣ ਦੀ ਲੋੜ ਹੈ। ਗੁਰੂ ਨਾਨਕ ਨੇ ਸਾਰੀ ਲੋਕਾਈ ਨੂੰ ਹੱਸਦੇ-ਵਸਦੇ ਤੇ ਖ਼ੁਸ਼ ਰਹਿਣਾ ਸਿਖਾਇਆ ਹੈ। ਇਸ ਲਈ ਸਾਨੂੰ ਨਫ਼ਰਤ ਤੇ ਕੱਟੜਪੰਥੀ ਛੱਡ ਕੇ ਬਾਬੇ ਨਾਨਕ ਦੀ ਸੋਚ ’ਤੇ ਪਹਿਰਾ ਦੇਣਾ ਚਾਹੀਦਾ ਹੈ।