ਉਤਰਾਖੰਡ : ਦੇਹਰਾਦੂਨ ਦੇ ਵਿਕਾਸਨਗਰ ’ਚ ਖੱਡ ’ਚ ਡਿੱਗੀ ਬੱਸ, 13 ਮੌਤਾਂ
ਉਤਰਾਖੰਡ : ਦੇਹਰਾਦੂਨ ਦੇ ਵਿਕਾਸਨਗਰ ’ਚ ਖੱਡ ’ਚ ਡਿੱਗੀ ਬੱਸ, 13 ਮੌਤਾਂ
ਦੇਹਰਾਦੂਨ, 31 ਅਕਤੂਬਰ : ਉਤਰਾਖੰਡ ਦੇ ਦੇਹਰਾਦੂਨ ਜ਼ਿਲ੍ਹੇ ਦੇ ਚਕਰਾਤਾ ਖੇਤਰ ’ਚ ਬੁਲਹਾੜ-ਬਾਇਲਾ ਮਾਰਗ ’ਤੇ ਐਤਵਾਰ ਨੂੰ ਇਕ ਵਾਹਨ ਦੇ ਡੂੰਘੀ ਖੱਡ ’ਚ ਡਿਗਣ ਕਾਰਨ ਉਸ ’ਚ ਸਵਾਰ 13 ਲੋਕਾਂ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਦਸਿਆ ਕਿ ਤਿਊਣੀ ਤੋਂ ਵਿਕਾਸਨਗਰ ਆਉਂਦੇ ਸਮੇਂ ਬੱਸ ਬਾਇਲਾ ਪਿੰਡ ਦੇ ਨੇੜੇ ਕੰਟਰੋਲ ਗੁਆ ਬੈਠੀ ਜਿਸ ਕਾਰਨ ਉਹ ਖਾਈ ’ਚ ਡਿੱਗ ਗਈ। ਪੁਲਿਸ ਨੇ ਦਸਿਆ ਕਿ ਹਾਦਸੇ ਦੇ ਸਮੇਂ ਬੱਸ ’ਚ 15 ਲੋਕ ਸਵਾਰ ਸਨ ਜਿਨ੍ਹਾਂ ਵਿਚੋਂ 13 ਦੀ ਮੌਤ ਮੌਕੇ ’ਤੇ ਹੀ ਹੋ ਗਈ। ਪੁਲਿਸ ਨੇ ਦਸਿਆ ਕਿ ਐਸਡੀਆਰਐਫ਼ ਦੀ ਟੀਮ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਖਾਈ ਤੋਂ ਕੱਢ ਕੇ ਬਾਡੀ ਬੈਗ਼ ਰਾਹੀਂ ਮੁੱਖ ਮਾਰਗ ਤਕ ਪਹੁੰਚਾਇਆ। ਪੁਲਿਸ ਨੇ ਦਸਿਆ ਕਿ ਦੋਨੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਲਾਤ ’ਚ ਦਾਖ਼ਲ ਕਰਾਇਆ ਗਿਆ ਹੈ। ਪੁਲਿਸ ਮੁਤਾਬਕ ਹਾਦਸੇ ਦੇ ਕਾਰਨ ਦਾ ਪਤਾ ਲਾਇਆ ਜਾ ਰਿਹਾ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਬੱਸ ’ਚ ਹੱਦ ਤੋਂ ਜ਼ਿਆਦਾ ਸਵਾਰਿਆਂ ਹੋਣਾ ਵੀ ਇਸ ਹਾਦਸੇ ਦੀ ਵਜ੍ਹਾ ਹੋ ਸਕਦਾ ਹੈ।
ਉਥੇ ਹੀ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵਾਹਨ ਦੁਰਘਟਨਾ ’ਤੇ ਡੂੰਘਾ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਪ੍ਰਮਾਤਮਾ ਤੋਂ ਮਿ੍ਰਤਕਾਂ ਦੀ ਆਤਮਾ ਦੀ ਸ਼ਾਂਤੀ ਅਤੇ ਪ੍ਰਵਾਰਕ ਮੈਂਬਰਾਂ ਨੂੰ ਦੁੱਖ ਸਹਿਣ ਦੀ ਸ਼ਕਤੀ ਪ੍ਰਦਾਨ ਕਰਨ ਦੀ ਪ੍ਰਾਰਥਨਾ ਕੀਤੀ ਹੈ। ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੇਜ਼ੀ ਨਾਲ ਰਾਹਤ ਤੇ ਬਚਾਅ ਕਾਰਜ ਕਰਦੇ ਹੋਏ ਜ਼ਖ਼ਮੀਆਂ ਨੂੰ ਤਤਕਾਲ ਇਲਾਜ ਉਪਲੱਬਧ ਕਰਵਾਉਣ ਦੇ ਨਿਰਦੇਸ਼ ਦਿਤੇ ਹਨ।
ਉਥੇ ਹੀ ਬਾਇਲਾ ਵਾਸੀ ਪੰਜ ਸਾਲ ਦਾ ਬੱਚਾ ਅਤੇ ਪਿੰਗੁਵਾ ਵਾਸੀ ਇਕ ਹੋਰ ਪਿੰਡ ਵਾਸੀ ਗੰਭੀਰ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਨਾਲ ਬਾਇਲਾ, ਬੁੱਲਹਾੜ, ਆਸੋਈ, ਬੇਗੀ ਅਤੇ ਆਸਪਾਸ ਦੇ ਗ੍ਰਾਮੀਣ ਤੁਰਤ ਮੌਕੇ ’ਤੇ ਪਹੁੰਚ ਗਏ। ਬਾਇਲਾ ਦੀ ਇਲਾਕਾ ਪੰਚਾਇਤ ਦੇ ਮੈਂਬਰ ਮਹਿੰਦਰ ਸਿੰਘ ਚੌਹਾਨ ਨੇ ਦਸਿਆ ਕਿ ਮਿ੍ਰਤਕਾਂ ਦੀ ਪਛਾਣ ਮਤਾਬਰ ਸਿੰਘ (40) ਪੁੱਤਰ ਭਗਤ ਸਿੰਘ, ਪਤਨੀ ਰੇਖਾ ਦੇਵੀ (32) ਅਤੇ ਡੇਢ ਸਾਲ ਦੀ ਬੇਟੀ ਤਨਵੀ, ਰਤਨ ਸਿੰਘ (45) , ਪੁੱਤਰ ਰਤਰਾਮ, ਜੈਪਾਲ ਸਿੰਘ ਚੌਹਾਨ (40) ਪੁੱਤਰ ਭਵ ਸਿੰਘ, ਅੰਜਲੀ (15) ਪੁੱਤਰੀ ਜੈਪਾਲ ਸਿੰਘ ਚੌਹਾਨ, ਨਰੇਸ਼ ਚੌਹਾਨ (35) ਪੁੱਤਰ ਭਾਵ ਸਿੰਘ, ਸਾਧਰਾਮ (55) ਪੁੱਤਰ ਗੁਲਾਬ ਸਿੰਘ, ਦਾਨ ਸਿੰਘ (50) ਪੁੱਤਰ ਰੱਤੂ, ਈਸਾ (18) ਪੁੱਤਰੀ ਗਜੇਂਦਰ, ਕਾਜਲ (17) ਪੁੱਤਰੀ ਜਗਤ ਵਰਮਾ ਸਾਰੇ ਵਾਸੀ ਬਾਈਲਾ-ਚਕਰਟਾ, ਜੀਤੂ (35) ਪੁੱਤਰ ਨਮਾਲੂਮ ਵਾਸੀ ਕਨੂੰ-ਮਲੇਠਾ ਅਤੇ ਹਰੀਰਾਮ ਸਰਮਾ (48) ਪੁੱਤਰ ਨਮਾਲੂਮ ਵਾਸੀ ਸਿਰਮੌਰ ਹਿਮਾਚਲ ਸਮੇਤ ਤੇਰਾਂ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। (ਏਜੰਸੀ)