ਸੁੰਦਰ ਸ਼ਾਮ ਅਰੋੜਾ 'ਤੇ ਸ਼ਿਕੰਜ਼ਾ, ਇੰਡਸਟਰੀਅਲ ਏਰੀਆ 'ਚ ਫਿਲਿਪਸ ਕੰਪਨੀ ਦੀ ਜ਼ਮੀਨ ’ਤੇ ਪਲਾਟ ਕੱਟਣ ਦੇ ਮਾਮਲੇ ਦੀ ਜਾਂਚ ਸ਼ੁਰੂ 

ਏਜੰਸੀ  | Ashish Kumar

ਖ਼ਬਰਾਂ, ਪੰਜਾਬ

ਇਸ ਮਾਮਲੇ ਵਿੱਚ ਸੁੰਦਰ ਸ਼ਾਮ ਅਰੋੜਾ ਦੀ ਭੂਮਿਕਾ ਦੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਾਂਚ ਕੀਤੀ ਜਾ ਰਹੀ ਹੈ।

Sunder Sham Arora

 

ਚੰਡੀਗੜ੍ਹ - ਸਾਬਕਾ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਏਆਈਜੀ ਵਿਜੀਲੈਂਸ ਮਨਮੋਹਨ ਕੁਮਾਰ ਨੂੰ 50 ਲੱਖ ਰੁਪਏ ਦੀ ਰਿਸ਼ਵਤ ਦੇਣ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਹਨ ਪਰ ਹੁਣ ਉਨ੍ਹਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ ਕਿਉਂਕਿ ਵਿਜੀਲੈਂਸ ਟੀਮ ਨੇ ਸੁੰਦਰ ਸ਼ਾਮ ਅਰੋੜਾ ਨਾਲ ਸਬੰਧਤ ਮੁਹਾਲੀ ਦੇ ਫੇਜ਼-9 ਇੰਡਸਟਰੀਅਲ ਏਰੀਆ ਵਿਚ ਫਿਲਿਪਸ ਕੰਪਨੀ ਦੀ ਜ਼ਮੀਨ ’ਤੇ ਪਲਾਟ ਕੱਟਣ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਵਿਜੀਲੈਂਸ ਦੇ ਏਆਈਜੀ ਮਨਮੋਹਨ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਡੀ.ਏ. ਮਾਮਲੇ ਨਾਲ ਜੁੜੇ ਸਾਰੇ ਪਹਿਲੂਆਂ 'ਤੇ ਜਾਂਚ ਜਾਰੀ ਹੈ। ਵਿਜੀਲੈਂਸ ਟੀਮ ਦੇ ਮੈਂਬਰਾਂ ਨੇ ਉਦਯੋਗਿਕ ਖੇਤਰ ਵਿਚ ਫਿਲਿਪਸ ਕੰਪਨੀ ਦੀ ਜ਼ਮੀਨ ਦਾ ਦੌਰਾ ਕਰਕੇ ਨਿਰੀਖਣ ਕੀਤਾ ਹੈ ਕਿ ਕੀ ਇਸ ਜ਼ਮੀਨ 'ਤੇ ਸੀਵਰੇਜ ਲਾਈਨ ਅਤੇ ਪਾਣੀ ਦੀ ਲਾਈਨ ਦੀ ਮਨਜ਼ੂਰੀ ਦਿੱਤੀ ਗਈ ਸੀ ਅਤੇ ਜੇਕਰ ਇਜਾਜ਼ਤ ਦਿੱਤੀ ਗਈ ਸੀ ਤਾਂ ਇਸ ਦਾ ਆਧਾਰ ਕੀ ਸੀ। ਇਸ ਮਾਮਲੇ ਵਿੱਚ ਸੁੰਦਰ ਸ਼ਾਮ ਅਰੋੜਾ ਦੀ ਭੂਮਿਕਾ ਦੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਾਂਚ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਫਿਲਿਪਸ ਕੰਪਨੀ ਦੀ ਇਸ ਜ਼ਮੀਨ 'ਤੇ ਗੇਟ ਬਣਾ ਕੇ ਇਸ ਜ਼ਮੀਨ ਦੇ ਵਿਚਕਾਰੋਂ ਸੜਕ ਕੱਢੀ ਗਈ ਸੀ। ਸੜਕ ਦੇ ਦੋਵੇਂ ਪਾਸੇ 125 ਪਲਾਟ ਕੱਟੇ ਗਏ ਹਨ ਪਰ ਤਤਕਾਲੀ ਕਾਂਗਰਸ ਸਰਕਾਰ ਵੱਲੋਂ ਇਸ ਦੀ ਇਜਾਜ਼ਤ ਅਤੇ ਹੋਰ ਪਹਿਲੂਆਂ ਦੇ ਆਧਾਰ ’ਤੇ ਜਾਂਚ ਕੀਤੀ ਜਾ ਰਹੀ ਹੈ। ਇਹ ਮਾਮਲਾ ਲੰਬੇ ਸਮੇਂ ਤੋਂ ਵਿਵਾਦਤ ਰਿਹਾ ਹੈ। ਜੇਕਰ ਇਸ ਮਾਮਲੇ ਵਿਚ ਵਿਜੀਲੈਂਸ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਤਾਂ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀਆਂ ਮੁਸ਼ਕਿਲਾਂ ਵਧਣੀਆਂ ਤੈਅ ਹਨ।

ਇਸ ਮਾਮਲੇ ਵਿਚ ਇੱਕ ਆਈਏਐਸ ਅਧਿਕਾਰੀ ਦੀ ਭੂਮਿਕਾ ਵੀ ਸਾਹਮਣੇ ਆਉਣ ਦੀ ਗੱਲ ਕਹੀ ਗਈ ਹੈ। ਵਿਜੀਲੈਂਸ ਵੱਲੋਂ ਉਨ੍ਹਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਸਕਦੀ ਹੈ। ਇਸ ਨਾਲ ਵਿਜੀਲੈਂਸ ਨੂੰ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਅਤੇ ਅਫਸਰਸ਼ਾਹੀ ਦੇ ਗਠਜੋੜ ਦਾ ਪਤਾ ਲਗਾਉਣ ਵਿਚ ਮਦਦ ਮਿਲ ਸਕਦੀ ਹੈ।