ਔਰਤ ਅਤੇ ਉਸ ਦੇ ਸਾਥੀ ਨੂੰ 2 ਕਿਲੋ ਅਫੀਮ ਸਮੇਤ ਕੀਤਾ ਕਾਬੂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੁਧਿਆਣਾ ਪੁਲਿਸ ਨੇ ਰੇਲਵੇ ਸਟੇਸ਼ਨ ਤੋਂ ਕੀਤੀ ਗ੍ਰਿਫਤਾਰੀ 

Ludhiana Police arrested 2 people with two kg of opium

ਲੁਧਿਆਣਾ:  ਜੀਆਰਪੀ ਨੇ ਦੋ ਨਸ਼ਾ ਤਸਕਰ ਨੂੰ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਤੋਂ ਕਾਬੂ ਕੀਤਾ ਹੈ। ਮੁਲਜ਼ਮ ਨਸ਼ੇ ਦੀ ਡਿਲੀਵਰੀ ਕਰਨ ਲਈ ਕਿਸੇ ਵਿਅਕਤੀ ਦਾ ਇੰਤਜ਼ਾਰ ਕਰ ਰਹੇ ਸਨ।  ਲਗਪਗ ਦੋ ਤੋਂ ਤਿੰਨ ਘੰਟੇ ਸਟੇਸ਼ਨ 'ਤੇ ਉਕਤ ਮਹਿਲਾ ਤੇ ਉਸ ਦੇ ਸਾਥੀ ਨੂੰ ਘੁੰਮਦੇ ਵੇਖ ਸਬ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ।

ਡੀਐੱਸਪੀ ਬਲਰਾਮ ਰਾਣਾ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਦੀ ਜਦ ਚੈਕਿੰਗ ਕੀਤੀ ਗਈ ਤਾਂ ਉਨ੍ਹਾਂ ਦੇ ਕੋਲੋਂ ਦੋ ਕਿੱਲੋ ਅਫੀਮ ਬਰਾਮਦ ਹੋਈ। ਉੱਥੇ ਇੱਕ ਅਟੈਚੀ ਵੀ ਉਕਤ ਮੁਲਜ਼ਮਾਂ ਤੋਂ ਬਰਾਮਦ ਹੋਇਆ ਹੈ ਜਿਸ ਵਿਚ ਉਹ ਅਫ਼ੀਮ ਲੈ ਕੇ ਆਏ ਸਨ। ਮੁਲਜ਼ਮ ਮਹਿਲਾ ਨੇ ਦੱਸਿਆ ਕਿ ਉਸ ਦਾ ਪਤੀ ਹੈਪਾਟਾਈਟਸ ਬੀ ਦਾ ਮਰੀਜ਼ ਹੈ। ਪਤੀ ਦੇ ਇਲਾਜ ਲਈ ਤੇ ਘਰ ਦੇ ਖ਼ਰਚੇ ਕਰਨ ਦੇ ਲਈ ਉਸ ਨੇ ਨਸ਼ਾ ਤਸਕਰੀ ਦਾ ਰਸਤਾ ਚੁਣਿਆ ਹੈ।

ਫੜੇ ਗਏ ਮੁਲਜ਼ਮਾਂ ਦੀ ਪਛਾਣ 50 ਸਾਲਾ ਸ਼ਿਵਾਨੀ ਦਾਸ ਪਤਨੀ ਵਿਮਲ ਦਾਸ ਵਾਸੀ ਪਿੰਡ ਚੱਕਪਾੜਾ, ਜ਼ਿਲ੍ਹਾ ਹਾਵੜਾ (ਪੱਛਮੀ ਬੰਗਾਲ) ਅਤੇ 42 ਸਾਲਾ ਜ਼ਿਆਰੂਲ ਰਹਿਮਾਨ ਸ਼ੇਖ ਪੁੱਤਰ ਨੂਰ ਮੁਹੰਮਦ ਸ਼ੇਖ ਵਾਸੀ ਪਿੰਡ ਹੱਟ ਗੋਬਿੰਦਪੁਰ, ਜ਼ਿਲ੍ਹਾ ਨਦੀਆ ਵਜੋਂ ਹੋਈ ਹੈ। ਇਨ੍ਹਾਂ ਖਿਲਾਫ ਮੁਕੱਦਮਾ ਨੰਬਰ 184 ਮਿਤੀ 31/10/22 ਅਧੀਨ 18/61/85 ਐਨ.ਡੀ.ਪੀ.ਐਸ. ਐਕਟ ਤਹਿਤ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕਰ ਕੇ ਪੁਲੀਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ।