ਅਸੀਂ ਆਦਿਵਾਸੀ ਸਮਾਜ ਦੀਆਂ ਕੁਰਬਾਨੀਆਂ ਦੇ ਰਿਣੀ ਹਾਂ : ਮੋਦੀ
ਅਸੀਂ ਆਦਿਵਾਸੀ ਸਮਾਜ ਦੀਆਂ ਕੁਰਬਾਨੀਆਂ ਦੇ ਰਿਣੀ ਹਾਂ : ਮੋਦੀ
ਜੈਪੁਰ, 1 ਨਵੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਦਾ ਅਤੀਤ ਅਤੇ ਵਰਤਮਾਨ ਆਦਿਵਾਸੀ ਸਮਾਜ ਦੇ ਬਿਨਾਂ ਅਧੂਰਾ ਹੈ | ਦੇਸ਼ ਇਸ ਸਮਾਜ ਦੀਆਂ ਕੁਰਬਾਨੀਆਂ ਦਾ ਰਿਣੀ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਮਾਨਗੜ੍ਹ ਧਾਮ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਇਸ ਲਈ ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਅਤੇ ਗੁਜਰਾਤ ਨੂੰ ਇਕ ਖਾਕਾ ਤਿਆਰ ਕਰ ਕੇ ਇਸ ਦਿਸ਼ਾ ਵਿਚ ਮਿਲ ਕੇ ਕੰਮ ਕਰਨਾ ਚਾਹੀਦਾ ਹੈ |
ਪ੍ਰਧਾਨ ਮੰਤਰੀ ਨੇ ਰਾਜਸਥਾਨ ਦੇ ਬਾਂਸਵਾੜਾ ਨੇੜੇ ਮਾਨਗੜ੍ਹ ਧਾਮ 'ਚ 'ਮਾਨਗੜ੍ਹ ਧਾਮ ਦੀ ਗੌਰਵ ਗਾਥਾ' ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦਾ ਅਤੀਤ, ਇਤਿਹਾਸ, ਵਰਤਮਾਨ ਅਤੇ ਭਵਿੱਖ ਆਦਿਵਾਸੀ ਸਮਾਜ ਦੇ ਬਿਨਾਂ ਪੂਰਾ ਨਹੀਂ ਹੁੰਦਾ | ਅਸੀਂ ਉਨ੍ਹਾਂ ਦੇ ਯੋਗਦਾਨ ਦੇ ਰਿਣੀ ਹਾਂ | ਇਸ ਸਮਾਜ ਨੇ ਸਭਿਆਚਾਰ ਤੋਂ ਲੈ ਕੇ ਪਰੰਪਰਾਵਾਂ ਤਕ ਭਾਰਤ ਦੇ ਚਰਿੱਤਰ ਨੂੰ ਸੰਭਾਲਿਆ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਦੇਸ਼ ਇਸ ਕਰਜ ਲਈ ਉਨ੍ਹਾਂ ਦਾ ਧਨਵਾਦ ਕਰੇ | ਮਾਨਗੜ੍ਹ ਧਾਮ ਕਬਾਇਲੀ ਨਾਇਕਾਂ ਦੀ ਤੱਪਸਿਆ, ਤਿਆਗ ਅਤੇ ਦੇਸ਼ ਭਗਤੀ ਦਾ ਪ੍ਰਤੀਬਿੰਬ ਹੈ | ਇਸ ਦੇ ਨਾਲ ਹੀ ਮੋਦੀ ਨੇ ਵੱਡਾ ਐਲਾਨ ਕਰਦੇ ਹੋਏ ਮਾਨਗੜ੍ਹ ਧਾਮ ਨੂੰ ਰਾਸ਼ਟਰੀ ਸਮਾਰਕ ਐਲਾਨ ਦਿਤਾ ਹੈ | ਇਸ ਦੌਰਾਨ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਵੀ ਮੌਜੂਦ ਸਨ | ਪ੍ਰਧਾਨ ਮੰਤਰੀ ਮੋਦੀ ਨੇ ਆਦਿਵਾਸੀ ਨੇਤਾ ਗੋਵਿੰਦ ਗੁਰੂ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਰਗੇ ਮਹਾਨ ਸੁਤੰਤਰਤਾ ਸੈਨਾਨੀ ਭਾਰਤ ਦੀਆਂ ਪਰੰਪਰਾਵਾਂ ਅਤੇ ਭਾਰਤ ਦੇ ਆਦਰਸਾਂ ਦੇ ਪ੍ਰਤੀਨਿਧ ਸਨ | ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ (ਗੋਵਿੰਦ ਗੁਰੂ) ਕਿਸੇ ਰਿਆਸਤ ਦੇ ਰਾਜਾ ਨਹੀਂ ਸਨ ਪਰ ਫਿਰ ਵੀ ਉਹ ਕਰੋੜਾਂ ਆਦਿਵਾਸੀਆਂ ਦੇ ਨਾਇਕ ਸਨ | ਪ੍ਰਧਾਨ ਮੰਤਰੀ ਨੇ 1913 'ਚ ਰਾਜਸਥਾਨ ਦੇ ਮਾਨਗੜ੍ਹ 'ਚ ਬਿ੍ਟਿਸ਼ ਫ਼ੌਜ ਦੀ ਗੋਲੀਬਾਰੀ 'ਚ ਜਾਨ ਗੁਆਉਣ ਵਾਲੇ ਆਦਿਵਾਸੀਆਂ ਨੂੰ ਸ਼ਰਧਾਂਜਲੀ ਦਿਤੀ | ਮਾਨਗੜ੍ਹ ਦੀ ਪਹਾੜੀ, ਭੀਲ ਭਾਈਚਾਰੇ ਅਤੇ ਰਾਜਸਥਾਨ, ਗੁਜਰਾਤ ਅਤੇ ਮੱਧ ਪ੍ਰਦੇਸ਼ ਦੀਆਂ ਹੋਰ ਕਬਾਇਲੀਆਂ ਲਈ ਵਿਸ਼ੇਸ਼ ਮਹੱਤਵ ਰੱਖਦੀ ਹੈ | ਭੀਲ ਅਤੇ ਹੋਰ ਕਬੀਲਿਆਂ ਨੇ ਆਜ਼ਾਦੀ ਸੰਗਰਾਮ ਦੌਰਾਨ ਇਥੇ ਲੰਮਾ ਸਮਾਂ ਅੰਗਰੇਜ਼ਾਂ ਨਾਲ ਲੜਾਈ ਲੜੀ |
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ 17 ਨਵੰਬਰ 1913 ਨੂੰ ਮਾਨਗੜ੍ਹ ਵਿਚ ਵਾਪਰਿਆ ਕਤਲੇਆਮ ਬਿ੍ਟਿਸ਼ ਸ਼ਾਸਨ ਦੀ ਬੇਰਹਿਮੀ ਦਾ ਸਿੱਟਾ ਸੀ | ਦੁਨੀਆ ਨੂੰ ਗ਼ੁਲਾਮ ਬਣਾਉਣ ਦੀ ਸੋਚ ਕੇ ਮਾਨਗੜ੍ਹ ਦੀ ਇਸ ਪਹਾੜੀ 'ਤੇ ਅੰਗਰੇਜ਼ ਸਰਕਾਰ ਨੇ 1500 ਤੋਂ ਵਧ ਲੋਕਾਂ ਨੂੰ ਘੇਰ ਕੇ ਮੌਤ ਦੇ ਘਾਟ ਉਤਾਰ ਦਿਤਾ | ਬਦਕਿਸਮਤੀ ਨਾਲ, ਆਦਿਵਾਸੀ ਸਮਾਜ ਦੀ ਇਸ ਕੁਰਬਾਨੀ ਨੂੰ ਇਤਿਹਾਸ ਵਿਚ ਉਹ ਸਥਾਨ ਨਹੀਂ ਮਿਲਿਆ ਜਿਸਦਾ ਇਹ ਹੱਕਦਾਰ ਸੀ | ਅੱਜ ਦੇਸ਼ ਉਸ ਘਾਟ ਨੂੰ ਭਰ ਰਿਹਾ ਹੈ | ਭਾਰਤ ਦਾ ਅਤੀਤ, ਇਤਿਹਾਸ, ਵਰਤਮਾਨ ਅਤੇ ਭਵਿੱਖ ਆਦਿਵਾਸੀ ਸਮਾਜ ਤੋਂ ਬਿਨਾਂ ਸੰਪੂਰਨ ਨਹੀਂ ਹੈ | ਸਾਡੇ ਆਜ਼ਾਦੀ ਸੰਗਰਾਮ ਦਾ ਹਰ ਪੰਨਾ, ਇਤਿਹਾਸ ਦੇ ਪੰਨੇ ਆਦਿਵਾਸੀਆਂ ਦੀ ਬਹਾਦਰੀ ਨਾਲ ਭਰੇ ਹੋਏ ਹਨ | (ਏਜੰਸੀ)
ਮੋਦੀ ਨੇ ਕਿਹਾ, 'ਉਹ ਚਿੰਤਨ, ਉਹ ਗੋਵਿੰਦ ਗੁਰੂ ਦੀ ਸਮਝ ਅੱਜ ਵੀ ਉਨ੍ਹਾਂ ਦੀ ਧੂਣੀ ਦੇ ਰੂਪ ਵਿਚ ਮਾਨਗੜ੍ਹ ਧਾਮ ਵਿਚ ਅਖੰਡ ਰੂਪ ਵਿਚ ਪ੍ਰਕਾਸ਼ਿਤ ਹੋ ਰਹੀ ਹੈ | ਸੰਪ ਸਭਾ ਦੇ ਆਦਰਸ਼ ਅੱਜ ਵੀ ਏਕਤਾ, ਪਿਆਰ ਅਤੇ ਭਾਈਚਾਰੇ ਦੀ ਪ੍ਰੇਰਨਾ ਦਿੰਦੇ ਹਨ | 1780 ਵਿਚ ਤਿਲਕਾ ਮਾਂਝੀ ਦੀ ਅਗਵਾਈ ਵਿਚ ਸੰਥਾਲ ਵਿਚ ਦਾਮਿਨ ਯੁੱਧ ਹੋਇਆ | 1830-32 ਵਿਚ, ਦੇਸ਼ ਨੇ ਬੁੱਧੂ ਭਗਤ ਦੀ ਅਗਵਾਈ ਵਿਚ ਲਰਕਾ ਲਹਿਰ ਦੇਖੀ | 1855 ਵਿਚ ਸਿੱਧੂ-ਕਾਨਹੂ ਕ੍ਰਾਂਤੀ ਦੇ ਰੂਪ ਵਿਚ ਆਜ਼ਾਦੀ ਦੀ ਉਹੀ ਲਾਟ ਜਗਾਈ | ਭਗਵਾਨ ਬਿਰਸਾ ਮੁੰਡਾ ਨੇ ਲੱਖਾਂ ਆਦਿਵਾਸੀਆਂ ਵਿਚ ਆਜ਼ਾਦੀ ਦੀ ਲਾਟ ਜਗਾਈ | ਅੱਜ ਤੋਂ ਕੁੱਝ ਦਿਨ ਬਾਅਦ 15 ਨਵੰਬਰ ਨੂੰ ਭਗਵਾਨ ਬਿਰਸਾ ਮੁੰਡਾ ਦੇ ਜਨਮ ਦਿਨ 'ਤੇ ਦੇਸ਼ ਭਰ 'ਚ ਆਦਿਵਾਸੀ ਮਾਣ ਦਿਵਸ ਮਨਾਇਆ ਜਾਵੇਗਾ | ਆਦਿਵਾਸੀ ਸਮਾਜ ਦੇ ਅਤੀਤ ਅਤੇ ਇਤਿਹਾਸ ਨੂੰ ਲੋਕਾਂ ਤਕ ਲਿਜਾਣ ਲਈ ਅੱਜ ਦੇਸ਼ ਭਰ ਵਿਚ ਕਬਾਇਲੀ ਆਜਾਦੀ ਘੁਲਾਟੀਆਂ ਨੂੰ ਸਮਰਪਿਤ ਵਿਸੇਸ ਅਜਾਇਬ ਘਰ ਬਣਾਏ ਜਾ ਰਹੇ ਹਨ | ਦੇਸ਼ ਵਿਚ ਕਬਾਇਲੀ ਸਮਾਜ ਦੀ ਸੀਮਾ ਅਤੇ ਭੂਮਿਕਾ ਇੰਨੀ ਵੱਡੀ ਹੈ ਕਿ ਸਾਨੂੰ ਇਸ ਲਈ ਸਮਰਪਿਤ ਭਾਵਨਾ ਨਾਲ ਕੰਮ ਕਰਨ ਦੀ ਲੋੜ ਹੈ | (ਏਜੰਸੀ)