'ਕਿਸਾਨੀ ਅੰਦੋਲਨ' ਦੇ ਹੱਕ 'ਚ ਬਾਦਲ ਪਰਵਾਰ ਦੇ ਮਗਰਮੱਛ ਵਾਲੇ ਹੰਝੂ ਆਧਾਰਹੀਣ : ਧਰਮੀ ਫ਼ੌਜੀ
ਪੁਛਿਆ! ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉੱਪਰ ਕਿਉਂ ਢਾਹਿਆ ਸੀ ਅਤਿਆਚਾਰ?
ਕੋਟਕਪੂਰਾ, 30 ਨਵੰਬਰ (ਗੁਰਿੰਦਰ ਸਿੰਘ) : ਕਿਸਾਨੀ ਅੰਦੋਲਨ ਦੌਰਾਨ ਸੁਖਬੀਰ ਸਿੰਘ ਬਾਦਲ ਵਲੋਂ ਹਰਿਆਣਾ ਸਰਕਾਰ 'ਤੇ ਕਿਸਾਨਾਂ ਉੱਪਰ ਪਾਣੀ ਦੀਆਂ ਬੌਛਾੜਾਂ, ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਸੁੱਟਣ ਦੀਆਂ ਘਟਨਾਵਾਂ ਸਬੰਧੀ ਦਿਤੇ ਬਿਆਨ ਦੇ ਪ੍ਰਤੀਕਰਮ ਵਜੋਂ ਸਿੱਖ ਧਰਮੀ ਫ਼ੌਜੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਉਕਤ ਮਾਮਲੇ 'ਚ ਬਾਦਲ ਪਰਵਾਰ ਦੇ ਮਗਰਮੱਛ ਵਾਲੇ ਹੰਝੂ ਵਹਾਉਣਾ ਕਰਾਰ ਦਿਤਾ ਹੈ। ਸਿੱਖ ਧਰਮੀ ਫ਼ੌਜੀ ਐਸੋਸੀਏਸ਼ਨ ਦੇ ਚੇਅਰਮੈਨ ਅਮਰੀਕ ਸਿੰਘ
ਜਸਵੀਰ ਸਿੰਘ ਖ਼ਾਲਸਾ ਜ਼ਿਲ੍ਹਾ ਪ੍ਰਧਾਨ ਫ਼ਰੀਦਕੋਟ ਅਤੇ ਸੁਰੈਣ ਸਿੰਘ ਜ਼ਿਲ੍ਹਾ ਪ੍ਰਧਾਨ ਬਠਿੰਡਾ ਨੇ ਸੁਖਬੀਰ ਬਾਦਲ ਦੇ ਉਕਤ ਬਿਆਨ ਬਦਲੇ ਟਿੱਪਣੀ ਕਰਦਿਆਂ ਆਖਿਆ ਕਿ ਜਦੋਂ ਬੱਤੀਆਂ ਵਾਲਾ ਚੌਕ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉੱਪਰ ਬਾਦਲ ਸਰਕਾਰ ਦੌਰਾਨ ਤੁਹਾਡੀ ਪੁਲਿਸ ਨੇ ਗੰਦੇ ਪਾਣੀ ਦੀਆਂ ਬੌਛਾੜਾਂ, ਲਾਠੀਚਾਰਜ, ਅੱਥਰੂ ਗੈਸ ਦੇ ਗੋਲੇ ਅਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਅਤੇ ਜਿਸ ਵਿਚ ਦੋ ਸਿੱਖ ਨੌਜਵਾਨ ਸ਼ਹੀਦ ਕਰ ਦਿਤੇ ਗਏ, ਅਨੇਕਾਂ ਨਿਰਦੋਸ਼ ਸੰਗਤਾਂ ਨੂੰ ਜ਼ਖ਼ਮੀ ਕੀਤਾ ਗਿਆ ਤਾਂ ਉਸ ਸਮੇਂ ਤੁਹਾਡੀ ਜੁਬਾਨ ਬੰਦ ਕਿਉਂ ਰਹੀ?
ਉਨ੍ਹਾਂ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਸਵਾਲ ਕੀਤਾ ਕਿ ਜਦੋਂ 5 ਜੂਨ 2020 ਨੂੰ ਕਿਸਾਨ ਮਾਰੂ ਆਰਡੀਨੈਂਸ ਲੋਕ ਸਭਾ 'ਚ ਪੇਸ਼ ਕੀਤੇ ਗਏ, ਫਿਰ ਉਨ੍ਹਾਂ ਨੂੰ ਬਿਲਾਂ ਦਾ ਰੂਪ ਦੇ ਕੇ ਚਰਚਾ ਕਰਵਾਈ ਗਈ ਤਾਂ ਤੁਸੀ ਮੋਦੀ ਸਰਕਾਰ ਦੇ ਹੱਕ 'ਚ ਭੁਗਤੇ ਅਤੇ ਕਿਸਾਨਾਂ ਨੂੰ ਨਿੰਦਣ ਉਤੇ ਗੁੰਮਰਾਹ ਕਰਨ ਵਾਲੀ ਕੋਈ ਕਸਰ ਨਾ ਛੱਡੀ, ਉਕਤ ਬਿੱਲਾਂ ਵਾਲੀ ਫ਼ਾਈਲ 'ਤੇ ਦਸਤਖ਼ਤ ਵੀ ਕੀਤੇ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਸਮੇਤ ਹੋਰ ਮੂਹਰਲੀ ਕਤਾਰ ਦੇ ਅਕਾਲੀਆਂ ਨੇ ਕਿਸਾਨ ਮਾਰੂ ਬਿਲਾਂ ਦੇ ਹੱਕ 'ਚ ਜ਼ੋਰਦਾਰ ਦਲੀਲਾਂ ਦਿਤੀਆਂ
ਪਰ ਜਦੋਂ ਕਿਸਾਨ ਵੋਟ ਬੈਂਕ ਖੁਸਦਾ ਨਜ਼ਰ ਆਇਆ ਤਾਂ ਅਪਣਾ ਸਟੈਂਡ ਬਦਲ ਲਿਆ ਤੇ ਹੁਣ ਮਗਰਮੱਛ ਦੇ ਹੰਝੂ ਵਹਾ ਕੇ ਸੰਗਤਾਂ ਨੂੰ ਗੁੰਮਰਾਹ ਕਰਨ ਦੀ ਅਸਫ਼ਲ ਕੋਸ਼ਿਸ਼ ਕੀਤੀ ਜਾ ਰਹੀ ਹੈ। ਧਰਮੀ ਫ਼ੌਜੀਆਂ ਨੇ ਆਖਿਆ ਕਿ ਬਾਦਲ ਪਰਵਾਰ ਵਲੋਂ ਮਾਸਿਕ ਸਪੋਕਸਮੈਨ, ਰੋਜ਼ਾਨਾ ਸਪੋਕਸਮੈਨ ਅਤੇ ਇਸ ਦੇ ਸੰਸਥਾਪਕ ਸਮੇਤ ਹਰ ਸਿੱਖ ਚਿੰਤਕ, ਪੰਥਕ ਵਿਦਵਾਨ ਅਤੇ ਪੰਥਦਰਦੀ ਨੂੰ ਜ਼ਲੀਲ ਕਰਨ ਦਾ ਕੋਈ ਮੌਕਾ ਹਥੋਂ ਨਹੀਂ ਜਾਣ ਦਿਤਾ ਗਿਆ। ਇਸ ਲਈ ਹੁਣ ਆਮ ਸਿੱਖ ਸੰਗਤਾਂ ਦੇ ਨਾਲ-ਨਾਲ ਹਰ ਵਰਗ ਨਾਲ ਸਬੰਧਤ ਲੋਕ ਜਿਵੇਂ ਕਿ ਕਿਸਾਨ, ਮਜ਼ਦੂਰ, ਵਪਾਰੀ, ਮੁਲਾਜ਼ਮ, ਵਿਦਿਆਰਥੀ ਆਦਿ ਬਾਦਲ ਪਰਵਾਰ ਦੀਆਂ ਲੂੰਬੜ ਚਾਲਾਂ 'ਚ ਕਦੇ ਵੀ ਨਹੀਂ ਫਸਣਗੇ।