ਕਿਸਾਨਾਂ ਨਾਲ 'ਗੱਲਬਾਤ' ਦੇ ਠੀਕ ਚਲ ਰਹੇ ਪਹੀਏ ਵਿਚ ਪ੍ਰਧਾਨ ਮੰਤਰੀ ਦੇ 'ਬਨਾਰਸੀ ਭਾਸ਼ਣ' ਨੇ ਸਪੋਕਾਂ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨਾਂ ਨਾਲ 'ਗੱਲਬਾਤ' ਦੇ ਠੀਕ ਚਲ ਰਹੇ ਪਹੀਏ ਵਿਚ ਪ੍ਰਧਾਨ ਮੰਤਰੀ ਦੇ 'ਬਨਾਰਸੀ ਭਾਸ਼ਣ' ਨੇ ਸਪੋਕਾਂ ਅੜਾਈਆਂ

image

ਨਵੀਂ ਦਿੱਲੀ, 30 ਨਵੰਬਰ (ਸਪੋਕਸਮੈਨ ਸਮਾਚਾਰ ਸੇਵਾ): ਕਲ ਸ਼ਾਮ ਨੂੰ ਕੇਂਦਰੀ ਗ੍ਰਹਿ ਮੰਤਰੀ ਵਲੋਂ ਕਿਸਾਨ ਆਗੂਆਂ ਨਾਲ ਬਿਨਾਂ ਸ਼ਰਤ ਗੱਲਬਾਤ ਦੀ ਗੱਡੀ ਠੀਕ ਲੀਹ ਤੇ ਚਲ ਰਹੀ ਸੀ ਪਰ ਐਨ ਉਸ ਸਮੇਂ ਹੀ ਪ੍ਰਧਾਨ ਮੰਤਰੀ ਵਲੋਂ ਪਹਿਲਾਂ 'ਮਨ ਕੀ ਬਾਤ' ਵਿਚ ਤੇ ਫਿਰ ਬਨਾਰਸ ਜਾ ਕੇ ਕਿਸਾਨਾਂ ਉਤੇ ਕੀਤੇ ਤਿੱਖੇ ਹਮਲਿਆਂ ਕਾਰਨ, ਸਾਰਾ ਪ੍ਰੋਗਰਾਮ ਬਿਰਖਦਾ ਨਜ਼ਰ ਆਉਣ ਲੱਗ ਪਿਆ ਹੈ ਤੇ ਬੜੇ ਹੀ ਨਿਰਪੱਖ ਰਾਜਸੀ ਦਰਸ਼ਕਾਂ ਦਾ ਵੀ ਇਹੀ ਕਹਿਣਾ ਹੈ ਕਿ ਗੱਲਬਾਤ ਦੇ ਸੱਦੇ ਦੇ ਨਾਲ ਨਾਲ ਹੀ, ਪ੍ਰਧਾਨ ਮੰਤਰੀ ਨੂੰ ਇਸ ਤਰ੍ਹਾਂ ਦੀ ਬਿਆਨਬਾਜ਼ੀ ਵਿਚ ਇਸ ਵੇਲੇ ਨਹੀਂ ਸੀ ਪੈਣਾ ਚਾਹੀਦਾ ਤੇ ਗੱਲਬਾਤ ਦੇ ਨਤੀਜੇ ਵੇਖਣ ਮਗਰੋਂ ਹੀ ਅਪਣੀ ਗੱਲ ਕਰਨੀ ਚਾਹੀਦੀ ਸੀ। ਇਸ ਨਾਲ ਕਿਸਾਨਾਂ ਦੇ ਦਿਲ ਵੀ ਟੁਟ ਗਏ ਹਨ ਤੇ ਉਹ ਕਹਿਣ ਲੱਗ ਪਏ ਹਨ ਕਿ ਗੱਲਬਾਤ ਦਾ ਹੁਣ ਕੋਈ ਫ਼ਾਇਦਾ ਨਹੀਂ ਹੋਣਾ ਤੇ ਬੀਜੇਪੀ ਸਰਕਾਰ ਕਿਸਾਨਾਂ ਨੂੰ ਕੁੱਝ ਦੇਣ ਦੇ ਮੂਡ ਵਿਚ ਬਿਲਕੁਲ ਨਹੀਂ ਲੱਗ ਰਹੀ।
ਪ੍ਰਧਾਨ ਮੰਤਰੀ ਮੋਦੀ ਨੇ ਬਨਾਰਸ ਵਿਚ ਕਿਹਾ ਕਿ ਕਾਨੂੰਨ ਪਹਿਲਾਂ ਵੀ ਬਣਦੇ ਸੀ ਤੇ ਉਨ੍ਹਾਂ ਦਾ ਵਿਰੋਧ ਵੀ ਹੁੰਦਾ ਸੀ ਪਰ ਹੁਣ ਤਾਂ ਇਕ ਨਵਾਂ ਟਰੈਂਡ ਸ਼ੁਰੂ ਹੋ ਗਿਆ ਹੈ ਕਿ ਕਾਨੂੰਨ ਵਿਚ ਕੁੱਝ ਵੀ ਗ਼ਲਤ ਨਾ ਹੋਣ ਦੇ ਬਾਵਜੂਦ, ਭਰਮ ਫੈਲਾਅ ਦਿਤਾ ਜਾਂਦਾ ਹੈ ਕਿ ਕਾਨੂੰਨ ਅੱਜ ਤਾਂ ਠੀਕ ਹੈ ਪਰ ਕਲ ਨੂੰ ਇਸ ਵਿਚ ਇਹ ਖ਼ਰਾਬੀ ਪੈਦਾ ਹੋ ਜਾਵੇਗੀ ਤੇ ਔਹ ਨੁਕਸਾਨ ਹੋ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਸਾਨਾਂ ਉਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ, ਜੋ ਕੁੱਝ ਅਜੇ ਹੋਇਆ ਹੀ ਨਹੀਂ ਤੇ ਨਾ ਹੀ ਹੋਵੇਗਾ, ਉਸ ਨੂੰ ਆਧਾਰ ਬਣਾ ਕੇ ਸ਼ੋਰ ਮਚਾਇਆ ਜਾ ਰਿਹਾ ਹੈ।
ਦਿੱਲੀ ਵਿਚ ਮੋਰਚਾ ਲਗਾਈ ਬੈਠੇ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਤੁਰਤ ਪ੍ਰਤੀਕਰਮ ਦੇਂਦਿਆਂ ਕਿਹਾ ਕਿ ਮੋਦੀ ਸਰਕਾਰ ਵਲੋਂ ਕਿਸਾਨਾਂ ਦੀ ਐਮਐਸਪੀ ਬੰਦ ਕਰਨ ਦੀ ਗੱਲ ਕੋਈ ਛੁਪੀ ਹੋਈ ਨਹੀਂ ਤੇ ''ਮੇਰੇ ਕੋਲ ਉਸ ਚਿੱਠੀ ਦੀ ਨਕਲ ਹੈ ਜਿਸ ਰਾਹੀਂ ਮੁੱਖ ਮੰਤਰੀ ਨੂੰ ਪੁਛਿਆ ਗਿਆ ਸੀ ਕਿ ਜੇ ਐਮ.ਐਸ.ਪੀ. ਬੰਦ ਕਰ ਦਿਤੀ ਜਾਏ ਤਾਂ ਮੁੱਖ ਮੰਤਰੀ ਨੂੰ ਕੋਈ ਇਤਰਾਜ਼ ਤਾਂ ਨਹੀਂ ਹੋਵੇਗਾ।''
ਰਾਜੇਵਾਲ ਨੇ ਇਕ ਹੋਰ ਭੇਤ ਖੋਲ੍ਹਿਆ ਕਿ ਉਨ੍ਹਾਂ ਨੂੰ ਹੁਣੇ ਹੁਣੇ ਪਤਾ ਲੱਗਾ ਹੈ ਕਿ ਸਰਕਾਰ ਨੇ ਕਾਲੇ ਕਾਨੂੰਨਾਂ ਅਧੀਨ ਬਣਾਏ ਜਾ ਰਹੇ ਰੂਲਜ਼ (ਨਿਯਮਾਂ) ਵਿਚ ਲਿਖ ਦਿਤਾ ਹੈ ਕਿ ਕਾਨੂੰਨ ਅਧੀਨ ਜਿਹੜੇ 'ਪ੍ਰਚੇਜ਼ਰ' ਹੋਣਗੇ, ਉਹ ਸਰਕਾਰੀ ਬੰਦੇ ਨਹੀਂ ਸਗੋਂ ਪ੍ਰਾਈਵੇਟ ਬੰਦੇ ਹੋਣਗੇ ਜੋ ਕਾਰਪੋਰੇਟਰਾਂ ਦੀਆਂ ਹਦਾਇਤਾਂ ਤੇ ਹੀ ਅਮਲ ਕਰਨਗੇ। ਇਸ ਲਈ ਗੱਲ ਇਹ ਨਹੀਂ ਕਿ ਜਿਹੜਾ ਕੁੱਝ ਅਜੇ ਹੋਇਆ ਹੀ ਨਹੀਂ, ਉਸ ਨੂੰ ਲੈ ਕੇ ਕਿਸਾਨ ਸ਼ੋਰ ਮਚਾਉਣ ਲੱਗ ਪਏ ਹਨ ਬਲਕਿ ਸਰਕਾਰ ਅਪਣੀ ਮਨਸ਼ਾ ਨੂੰ ਕਈ ਤਰ੍ਹਾਂ ਨਾਲ ਪ੍ਰਗਟ ਕਰ ਚੁੱਕੀ ਹੈ ਤੇ ਕੋਈ ਮੂਰਖ ਹੀ ਹੋਵੇਗਾ ਜੋ ਸਰਕਾਰ ਦੀ ਮਨਸ਼ਾ ਨੂੰ ਸਮਝ ਨਹੀਂ ਸਕੇਗਾ।
ਪ੍ਰਧਾਨ ਮੰਤਰੀ ਦੇ ਇਕ ਹੋਰ ਕਥਨ ਦਾ ਹਵਾਲਾ ਦੇਂਦਿਆਂ ਕਿ ਕਾਂਗਰਸ ਸਰਕਾਰਾਂ ਹੁਣ ਤਕ ਕਿਸਾਨਾਂ ਨਾਲ ਛੱਲ ਕਰਦੀਆਂ ਰਹੀਆਂ ਹਨ ਤੇ ਬੀਜੇਪੀ ਗੰਗਾ ਜਲ ਵਰਗੀ ਸ਼ੁਧਤਾ ਨਾਲ ਕਿਸਾਨਾਂ ਦੀ ਮਦਦ ਕਰਨਾ ਚਾਹੁੰਦੀ ਹੈ, ਇਕ ਹੋਰ ਕਿਸਾਨ ਆਗੂ ਨੇ ਕਿਹਾ, ''ਮੋਦੀ ਜੀ ਠੀਕ ਕਹਿੰਦੇ ਹਨ ਕਿ ਸਾਡੇ ਨਾਲ ਛੱਲ ਹੁੰਦਾ ਰਿਹਾ ਹੈ ਪਰ ਕਾਂਗਰਸ ਵੇਲੇ, ਸਾਨੂੰ ਦਿਤੀ ਜਾਣ ਵਾਲੀ ਸਹਾਇਤਾ 'ਚੋਂ 50, 60, 70 ਫ਼ੀਸਦੀ ਉਪਰ ਤੋਂ ਥੱਲੇ ਤਕ ਸਾਰੇ ਸਿਆਸਤਦਾਨ, ਅਫ਼ਸਰ ਤੇ ਕਰਮਚਾਰੀ ਲੁਟ ਲੈਂਦੇ ਸਨ ਪਰ ਹੁਣ ਛੱਲ ਏਨਾ ਵੱਡਾ ਹੋ ਰਿਹਾ ਹੈ ਕਿ ਸਾਡੀ ਮਦਦ ਕਰਨ ਦੀ ਬਜਾਏ, ਸਾਡੀ ਪੂਰੀ ਜ਼ਮੀਨ ਹੀ ਕਾਰਪੋਰੇਟਰਾਂ ਦੇ ਹਵਾਲੇ ਕਰਨ ਦੀ ਤਿਆਰੀ ਹੋ ਰਹੀ ਹੈ ਤੇ ਸਾਨੂੰ 'ਨਾਸਮਝ' ਕਹਿ ਕੇ ਚੁੱਪ ਕਰਵਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਇਹ 'ਛੱਲ' ਸਹਾਰਨ ਨਾਲੋਂ ਲੜ ਕੇ ਮਰ ਜਾਣਾ ਬਿਹਤਰ ਸਮਝ ਕੇ ਹੀ ਅਸੀ ਦਿੱਲੀ ਆਏ ਹਾਂ।''