ਰਾਸ਼ਟਰੀ ਜਨਤੰਤਰਿਕ ਪਾਰਟੀ ਵਲੋਂ ਹੁਣ ਐਨਡੀਏ ਤੋਂ ਵੱਖ ਹੋਣ ਦੀ ਚੇਤਾਵਨੀ

ਏਜੰਸੀ

ਖ਼ਬਰਾਂ, ਪੰਜਾਬ

ਰਾਸ਼ਟਰੀ ਜਨਤੰਤਰਿਕ ਪਾਰਟੀ ਵਲੋਂ ਹੁਣ ਐਨਡੀਏ ਤੋਂ ਵੱਖ ਹੋਣ ਦੀ ਚੇਤਾਵਨੀ

image

ਚੰਡੀਗੜ੍ਹ, 30 ਨਵੰਬਰ (ਗੁਰਉਪਦੇਸ਼ ਭੁੱਲਰ) : ਕੌਮੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ 'ਤੇ ਜ਼ਬਰਦਸਤ ਕਿਸਾਨ ਅੰਦੋਲਨ ਬਾਅਦ ਹੁਣ ਸਿਆਸੀ ਸਮੀਕਰਨ ਬਦਲਣੇ ਸ਼ੁਰੂ ਹੋ ਚੁੱਕੇ ਹਨ। ਐਨਡੀਏ ਦੇ ਭਾਈਵਾਲਾਂ ਵਿਚ ਵੀ ਹਿਲਜੁਲ ਸ਼ੁਰੂ ਹੋ ਗਈ ਹੈ। ਹੁਣ ਰਾਜਸਥਾਨ ਨਾਲ ਸਬੰਧਤ ਐਨਡੀਏ ਵਿਚ ਸ਼ਾਮਲ ਰਾਸ਼ਟਰੀ ਲੋਕਤੰਤਰਿਕ ਪਾਰਟੀ ਨੇ ਵੀ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਐਨਡੀਏ ਤੋਂ ਵੱਖ ਹੋਦ ਦੀ ਚੇਤਾਵਨੀ ਦੇ ਦਿਤੀ ਹੈ।
ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੇ ਸ਼ਿਵ ਸੈਨਾ ਪਹਿਲਾਂ ਹੀ ਇਸ ਗਠਜੋੜ ਤੋਂ ਬਾਹਰ ਆ ਚੁੱਕੀਆਂ ਹਨ। ਇਸੇ ਦੌਰਾਨ ਅੱਜ ਹਰਿਆਣਾ ਵਿਚ ਵੀ ਭਾਜਪਾ ਸਰਕਾਰ ਦੀ ਹਮਾਇਤ ਕਰ ਰਹੇ ਆਜ਼ਾਦ ਵਿਧਾਇਕ ਨੇ ਕੇਂਦਰੀ ਖੇਤੀ ਬਿਲਾਂ ਦਾ ਵਿਰੋਧ ਕਰਦਿਆਂ ਅੱਜ ਹਰਿਆਣਾ ਸਰਕਾਰ ਦੇ ਪਸ਼ੂਧਨ ਬੋਰਡ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ।
ਉਹ ਹਰਿਆਣਾ ਖਾਪ ਪੰਚਾਇਤ ਦੇ ਵੀ ਪ੍ਰਧਾਨ ਹਨ, ਜੋ ਅੰਦੋਲਨ ਦੀ ਹਮਾਇਤ ਵਿਚ ਆ ਚੁੱਕਾ ਹੈ। ਰਾਸ਼ਟਰੀ ਲੋਕਤੰਤਰਿਕ ਪਾਰਟੀ ਦੇ ਪ੍ਰਧਾਨ ਤੇ ਰਾਜਸਥਾਨ ਦੇ ਨਾਗੌਰ ਤੋਂ ਸੰਸਦ ਮੈਂਬਰ ਹਨੂਮਾਨ ਬੈਨੀਪਾਲ ਨੇ ਅੱਜ ਐਨਡੀਏ ਦੇ ਚੇਅਰਮੈਨ ਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਲਾਗੂ ਖੇਤੀ ਕਾਨੂੰਨ ਰੱਦ ਕਰਨ ਤੇ ਅੰਦੋਲਨਕਾਰੀ ਕਿਸਾਨਾਂ ਨਾਲ ਤੁਰਤ ਉਨ੍ਹਾਂ ਦੀ ਇੱਛਾ ਮੁਤਾਬਕ ਗੱਲ ਕਰ ਕੇ ਮਾਮਲਾ ਸੁਲਝਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਨਾ ਹੋਣ 'ਤੇ ਪਾਰਟੀ ਮੀਟਿੰਗ ਕਰ ਕੇ ਐਨਡੀਏ 'ਚੋਂ ਬਾਹਰ ਆਉਣ ਦਾ ਫੈਸਲਾ ਲਏਗੀ।