'ਖਰੀਫ ਸੀਜਨ ਦੌਰਾਨ 187.23 ਲੱਖ ਮੀਟਰਕ ਟਨ ਝੋਨੇ ਘੱਟੋਂ ਘੱਟ ਸਮਰਥਨ ਮੁੱਲ ਤੇ ਹੋਈ ਨਿਰਵਿਘਨ ਖਰੀਦ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖਰੀਦੇ ਗਏ ਝੋਨੇ ਦੀ 36257.30 ਕਰੋੜ ਰੁਪਏ ਦੀ ਰਾਸ਼ੀ 8.20 ਲੱਖ ਤੋਂ ਵੱਧ ਕਿਸਾਨਾਂ ਦੇ ਖਾਤੇ ਵਿੱਚ ਟਰਾਂਸਫਰ 99.88% ਫੀਸਦ ਲਿਫਟਿੰਗ ਕਾਰਜ ਨੇਪਰੇ ਚੜ੍ਹਿਆ

Mr Bharat Bhushan Ashu

 

ਚੰਡੀਗੜ੍ਹ: ਖਰੀਫ ਸੀਜਨ 2021-22 ਦੌਰਾਨ ਪੰਜਾਬ ਰਾਜ ਵਿੱਚ 187.23 ਲੱਖ ਮੀਟਰਕ ਟਨ ਝੋਨੇ ਘੱਟੋਂ ਘੱਟ ਸਮਰਥਨ ਮੁੱਲ ਤੇ ਨਿਰਵਿਘਨ ਖਰੀਦ ਕੀਤੀ ਗਈ ਹੈ। ਉਕਤ ਪ੍ਰਗਟਾਵਾ ਅੱਜ ਇੱਥੇ ਭਾਰਤ ਭੂਸ਼ਨ ਆਸ਼ੂ  ਵੱਲੋਂ ਕੀਤਾ ਗਿਆ। ਆਸ਼ੂ ਨੇ ਦੱਸਿਆ ਕਿ ਪੰਜਾਬ ਰਾਜ ਵਿੱਚ ਮਿਤੀ 3 ਅਕਤੂਬਰ 2021 ਤੋਂ ਝੋਨੇ ਦੀ ਖਰੀਦ ਸ਼ੁਰੂ ਹੋ ਕੇ ਮਿਤੀ 30 ਨਵੰਬਰ 2021 ਨੂੰ ਖਤਮ ਕੀਤੀ ਗਈ ਹੈ। ਇਸ  ਦੌਰਾਨ ਰਾਜ ਦੀਆਂ ਮੰਡੀਆਂ ਵਿੱਚ ਕੁਲ 188.20 ਲੱਖ ਮੀਟਰਕ ਟਨ ਝੋਨੇ ਦੀ ਆਮਦ ਹੋਈ ਸੀ ਜਿਸ ਵਿੱਚੋ ਸਮੂਹ ਖਰੀਦ ਏਜੰਸੀਆਂ ਸਮੇਤ ਐਫ.ਸੀ.ਆਈ ਵੱਲੋਂ 187.23 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਘੱਟੋ ਘੱਟ ਸਮਰਥਨ ਮੁੱਲ ਰੁਪਏ 1960/- ਪ੍ਰਤੀ ਕੁਵਿੰਟਲ ਤੇ ਕੀਤੀ ਗਈ ਹੈ ਅਤੇ ਪ੍ਰਾਈਵੇਟ ਵਪਾਰੀਆਂ ਵੱਲੋਂ ਕੇਵਲ 97000 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ।

 

 

ਇਸ ਦੇ ਨਾਲ ਹੀ ਖਰੀਦ ਕੀਤੇ  ਗਏ ਝੋਨੇ ਦੀ ਬਣਦੀ ਰਾਸ਼ੀ 36257.30 ਕਰੋੜ ਰੁਪਏ ਸੂਬੇ ਦੇ 8,20,174 ਤੋਂ ਵੱਧ ਕਿਸਾਨਾਂ ਦੇ ਖਾਤੇ ਵਿੱਚ ਟਰਾਂਸਫਰ ਕੀਤੇ ਜਾ ਚੁੱਕੇ ਹਨ । ਖਰੀਦ ਏਜੰਸੀਆਂ ਵੱਲੋਂ ਖਰੀਦੇ ਗਏ ਝੋਨੇ ਵਿੱਚੋ 186.97 ਲੱਖ ਮੀਟਰਕ ਟਨ ਝੋਨੇ ਦੀ ਲਿਫਟਿੰਗ ਕੀਤੀ ਜਾ ਚੁੱਕੀ ਹੈ ਜੋ ਕਿ 99.88% ਬਣਦੀ ਹੈ। ਖੁਰਾਕ ਮੰਤਰੀ ਨੇ ਦੱਸਿਆ ਕਿ ਸੀਜ਼ਨ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਰਾਜ ਸਰਕਾਰ ਵੱਲੋਂ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਦੇ ਪ੍ਰਭਾਵ ਦੀ ਰੋਕਥਾਮ ਅਤੇ ਮੰਡੀਆਂ ਵਿੱਚ ਗਲੱਟ ਦੀ ਸਥਿਤੀ ਤੋਂ ਬਚਣ ਲਈ ਪੰਜਾਬ ਮੰਡੀ ਬੋਰਡ ਵੱਲੋਂ ਖੋਲੇ ਗਏ 1872 ਰੈਗੂਲਰ ਖਰੀਦ ਕੇਂਦਰਾਂ ਤੋਂ ਇਲਾਵਾ 1237 ਹੋਰ ਯੋਗ ਜਨਤਕ ਥਾਵਾਂ ਅਤੇ ਰਾਈਸ ਮਿਲਾਂ ਨੂੰ ਮੰਡੀ ਯਾਰਡ ਘੋਸ਼ਿਤ ਕੀਤਾ ਗਿਆ ਸੀ ।

 

 

 

ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਬਹਾਨੇ ਨਾਲ ਪੰਜਾਬ ਰਾਜ ਵਿੱਚ ਖਰੀਦ ਕਾਰਜ ਦੇ ਤਹਿ ਪ੍ਰੋਗਰਾਮ ਨੂੰ ਬਦਲਦਿਆ 10 ਅਕਤੂਬਰ 2021 ਤੋਂ ਖਰੀਦ ਸ਼ੁਰੂ ਕਰਨ ਦੇ ਹੁਕਮ ਦੇ ਦਿੱਤੇ ਗਏ ਸਨ ਜਿਸ ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਮਾਮਲੇ ਵਿੱਚ ਖੁਦ ਦਾਖਲ ਦਿੰਦਿਆ ਪ੍ਰਧਾਨ ਮੰਤਰੀ ਅਤੇ ਕੇਂਦਰੀ ਖੁਰਾਕ ਮੰਤਰੀ ਨਾਲ ਮੁਲਾਕਾਤ ਕਰਕੇ ਝੋਨੇ ਦੀ ਖਰੀਦ 03 ਅਕਤੂਬਰ 2021 ਤੋ ਸ਼ੁਰੂ ਕਰਵਾਈ ਗਈ। 

 

 

 ਆਸ਼ੂ  ਨੇ ਦੱਸਿਆ ਕਿ  ਰਾਜ ਸਰਕਾਰ ਵੱਲੋਂ ਬੋਗਸ ਬਿਲਿੰਗ ਅਤੇ ਦੂਜ਼ੇ ਰਾਜਾਂ ਤੋਂ ਅਣ-ਅਧਿਕਾਰਤ ਤੌਰ ਤੇ ਆਉਣ ਵਾਲੇ ਝੋਨੇ ਨੂੰ ਰੋਕਣ ਲਈ 1500 ਮੁਲਾਜਮਾਂ ਦੇ 150 ਉਡਣ ਦਸਤੇ ਗਠਿਤ ਕੀਤੇ ਗਏ ਸਨ । ਇਸ ਤੋਂ ਇਲਾਵਾ ਪੰਜਾਬ ਰਾਜ ਦੇ ਬਾਰਡਰਾਂ/ਬੈਰੀਅਰਾਂ ਤੇ 93 ਥਾਵਾਂ ਤੇ ਨਾਕੇ ਸਥਾਪਿਤ ਕੀਤੇ ਗਏ ਸਨ ਜਿਨ੍ਹਾਂ ਵੱਲੋਂ  ਇਨ੍ਹਾਂ ਨਾਕਿਆ ਤੇ 49135 ਟਰੱਕ/ਟਰਾਲੀਆਂ ਨੂੰ ਰੋਕ ਕੇ ਚੈੱਕ ਕੀਤਾ ਗਿਆ ਅਤੇ ਦੂਜੇ ਰਾਜਾਂ ਤੋਂ ਝੋਨਾ ਲਿਆ ਰਹੇ 30 ਦੋਸ਼ੀਆਂ ਵਿਰੁੱਧ ਪੰਜਾਬ ਪੁਲਿਸ ਵੱਲੋਂ  11 ਐਫ.ਆਈ.ਆਰ ਦਰਜ਼ ਕੀਤੀਆ ਗਈਆਂ ਅਤੇ 22 ਦੋਸ਼ੀਆਂ ਨੂੰ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ।

 

ਇਸ ਦੌਰਾਨ 21 ਵਾਹਨਾਂ ਵਿੱਚੋਂ ਲਗਭਗ 4695.20 ਕੁਵਿੰਟਲ ਪੈਡੀ/ਚਾਵਲ ਸੀ, ਨੂੰ ਜਬਤ ਕੀਤਾ ਗਿਆ। ਇਸ ਤੋਂ ਇਲਾਵਾ ਇਸ ਤੋਂ ਇਲਾਵਾ ਵਿਭਾਗ ਦੀ ਸੈਂਟਰਲ ਵਿਜੀਲੈਂਸ ਕਮੇਟੀ ਦੇ ਅਧਿਕਾਰੀਆਂ ਵੱਲੋਂ ਵੀ ਸੂਬੇ ਵਿੱਚ ਵੱਖ ਵੱਖ ਸੈੱਲਰਾਂ ਅਤੇ ਮੰਡੀਆਂ ਦੀਆਂ ਅਚਨਚੇਤ ਚੈਕਿੰਗਾਂ ਕੀਤੀਆਂ ਗਈਆਂ ਅਤੇ ਦੋਸ਼ੀਆਣਾ ਵਿਰੁੱਧ 7 ਹੋਰ ਐਫ.ਆਈ.ਆਰ ਦਰਜ਼ ਕਰਵਾਈਆਂ ਗਈਆਂ। ਅੰਮ੍ਰਿਤਸਰ, ਗੁਰਦਾਸਪੁਰ ਅਤੇ ਮਾਨਸਾ ਜਿਲਿਆ ਵਿੱਚ ਧਿਆਨ ਵਿੱਚ ਆਏ ਤਿੰਨ ਬੋਗਸ ਬਿਲਿੰਗ/ਅਣ-ਅਧਿਕਾਰਤ ਪੈਡੀ ਖਰੀਦ ਦੇ ਵੱਖ ਵੱਖ ਮਾਮਲਿਆ ਵਿੱਚ ਇੰਨਕੁਆਰੀ ਵਿਜੀਲੈਂਸ ਵਿਭਾਗ ਨੂੰ ਸੌਂਪੀ ਗਈ ਹੈ। 

ਆਸ਼ੂ ਨੇ ਦੱਸਿਆ ਕਿ ਖਰੀਫ ਸੀਜ਼ਨ 2021-22 ਦੌਰਾਨ ਭਾਰਤ ਸਰਕਾਰ ਵੱਲੋਂ ਨਵੀਂਆਂ ਜੂਟ ਗੱਠਾਂ ਦੀ ਕੀਤੀ ਗਈ ਘੱਟ ਐਲੋਕੇਸ਼ਨ ਦੇ ਸਨਮੁੱਖ ਰਾਜ ਸਰਕਾਰ ਵੱਲੋਂ ਜੂਟ ਕਮਿਸ਼ਨਰ ਕੋਲਕੱਤਾ ਦੇ ਨਾਲ ਨਾਲ ਨੈਫੇਡ ਕੋਲਕੱਤਾ ਅਤੇ ਓਪਨ ਟੈਂਡਰ ਰਾਹੀਂ ਵੀ ਨਵੀਆਂ ਜੂਟ ਗੱਠਾਂ ਦਾ ਪ੍ਰਬੰਧ ਕੀਤਾ ਗਿਆ ਅਤੇ ਸੀਜ਼ਨ ਦੌਰਾਨ ਗੱਠਾਂ ਦੀ ਘਾਟ ਪੇਸ਼ ਨਹੀਂ ਆਉਂਣ ਦਿੱਤੀ ਗਈ।

ਆਸ਼ੂ ਨੇ ਕਿਹਾ ਕਿ ਪੂਰੇ ਖਰੀਫ ਸੀਜਨ ਦੌਰਾਨ ਕਿਸੇ ਵੀ ਕਿਸਾਨ ਨੂੰ 24 ਘੰਟੇ ਤੋਂ ਵੱਧ ਸਮਾਂ ਮੰਡੀ ਵਿੱਚ ਨਹੀਂ ਰਹਿਣਾ ਪਿਆ ਅਤੇ ਉਨ੍ਹਾਂ ਦੀ ਫਸਲ ਦੀ ਖਰੀਦ, ਚਕਾਈ ਅਤੇ ਲਿਫਟਿੰਗ ਪੰਜਾਬ ਸਰਕਾਰ ਵੱਲੋਂ ਤੈਅ ਸਮਾਂ ਸੀਮਾ ਵਿੱਚ ਨੇਪਰੇ ਚਾੜ੍ਹੀ ਗਈ ਪਰੰਤੂ ਕੁੱਝ ਵਿਰੋਧੀ ਸਿਆਸੀ ਪਾਰਟੀਆਂ ਰਾਜਨੀਤਕ ਲਾਹੇ ਲਈ ਝੂਠੀ ਬਿਆਨ ਬਾਜੀ ਦਾ ਸਹਾਰਾ ਲੈ ਕੇ ਕਿਸਾਨਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦੀਆਂ ਰਹੀਆਂ ਪਰੰਤੂ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਕੀਤੇ ਗਏ ਯੋਗ ਪ੍ਰਬੰਧਾਂ ਕਾਰਨ ਵਿਰੋਧੀਆਂ ਦੇ ਮਨਸੂਬਿਆਂ ਨੂੰ ਬੂਰ ਨਾ ਪਿਆ ।ਉਨ੍ਹਾਂ ਇਸ ਵੱਡੀ ਖਰੀਦ ਮੁਹਿਮ ਨੂੰ ਨੇਪਰੇ ਚਾੜ੍ਹਨ ਵਿੱਚ ਲੱਗੇ ਸੂਬੇ ਦੇ ਕਿਸਾਨਾਂ, ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ, ਸਮੂਹ ਖਰੀਦ ਏਜੰਸੀਆਂ, ਆੜ੍ਹਤੀਆਂ, ਲੇਬਰ ਅਤੇ ਡਰਾਈਵਰ ਆਦਿ ਦਾ ਵੀ ਧੰਨਵਾਦ ਕੀਤਾ ।