ਖੇਤਾਂ ’ਚ ਪਤੰਗ ਲੁੱਟਣ ਗਏ 13 ਸਾਲ ਦੇ ਮਾਸੂਮ ਦੀ ਜ਼ਿਮੀਂਦਾਰ ਨੇ ਕੀਤੀ ਕੁੱਟਮਾਰ, 2 ਥਾਵਾਂ ਤੋਂ ਤੋੜੀ ਲੱਤ

ਏਜੰਸੀ

ਖ਼ਬਰਾਂ, ਪੰਜਾਬ

ਬੱਚਾ ਗੰਭੀਰ ਰੂਪ ਵਿਚ ਹਸਪਤਾਲ ’ਚ ਭਰਤੀ

A 13-year-old innocent boy who went to steal kites in the fields was beaten up by the landlord

 

ਜਲੰਧਰ: ਫਿਲੌਰ ’ਚ ਇਕ ਜ਼ਿਮੀਂਦਾਰ ਵਲੋਂ 13 ਸਾਲ ਦੇ ਬੱਚੇ ਨਾਲ ਕੁੱਟਮਾਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਖੇਤ ਵਿਚ ਪਤੰਗ ਲੁੱਟਣ ਗਏ ਬੱਚੇ ਨੂੰ ਜ਼ਿਮੀਂਦਾਰ ਅਤੇ ਉਸ ਦੇ ਨੌਕਰ ਨੇ ਫੜ ਲਿਆ ਅਤੇ ਉਸ ਨੂੰ ਇੰਨੀ ਬੇਰਹਿਮੀ ਨਾਲ ਕੁੱਟਿਆ ਕਿ ਉਸ ਦੀ 2 ਥਾਵਾਂ ਤੋਂ ਲੱਤ ਤੋੜ ਦਿੱਤੀ। 

ਗੰਭੀਰ ਰੂਪ ਵਿਚ ਜ਼ਖ਼ਮੀ ਬੱਚੇ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾ ਗਿਆ। ਪਰਿਵਾਰ ਵਾਲਿਆਂ ਨੇ ਮੁਲਜ਼ਮਾਂ ਵਿਰੁੱਧ ਸ਼ਿਕਾਇਤ ਦਰਜ ਕਰਵਾ ਕੇ ਕਾਰਵਾਈ ਦੀ ਮੰਗ ਕੀਤੀ ਹੈ।

ਬੱਚੇ ਦੀ ਮਾਂ ਨਰਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਵਿਦੇਸ਼ ਗਿਆ ਹੋਇਆ ਹੈ। ਉਸ ਦੇ 3 ਬੱਚੇ ਇਕ ਲੜਕੀ 2 ਲੜਕੇ ਹਨ। ਬੀਤੇ ਦਿਨ ਉਸ ਦਾ ਸਭ ਤੋਂ ਵੱਡਾ 13 ਸਾਲਾ ਬੇਟਾ ਆਪਣੇ ਪਿੰਡ ਚੱਕ ਸਾਬੂ ਤੋਂ ਅੱਪਰਾ ਵੱਲ ਜਾ ਰਿਹਾ ਸੀ ਕਿ ਰਸਤੇ ’ਚ ਉਸ ਨੇ ਕੱਟ ਕੇ ਆਉਂਦਾ ਪਤੰਗ ਦੇਖਿਆ ਤਾਂ ਉਸ ਨੂੰ ਫੜਨ ਲਈ ਉਹ ਦੌੜਦਾ ਹੋਇਆ ਜ਼ਿਮੀਂਦਾਰ ਦੇ ਖੇਤਾਂ ’ਚ ਚਲਾ ਗਿਆ।

ਬੱਚੇ ਨੂੰ ਖੇਤ ਦੇ ਅੰਦਰ ਪਤੰਗ ਲੁੱਟਦਾ ਦੇਖ ਕੇ ਜ਼ਿਮੀਂਦਾਰ ਇਸ ਤਰ੍ਹਾਂ ਅੱਗ ਬਬੂਲਾ ਹੋ ਗਿਆ ਕਿ ਉਸ ਨੇ ਪਹਿਲਾਂ ਆਪਣੇ ਨੌਕਰ ਨੂੰ ਉਸ ਦੇ ਬੇਟੇ ਨੂੰ ਫੜਨ ਲਈ ਉਸ ਦੇ ਪਿੱਛੇ ਦੌੜਾਇਆ। ਬੱਚੇ ਨੂੰ ਫੜਨ ਤੋਂ ਬਾਅਦ ਜ਼ਿਮੀਂਦਾਰ ਅਤੇ ਉਸ ਦੇ ਨੌਕਰ ਨੇ ਉਸ ਦੀ ਇੰਨੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਕਿ ਜਿਸ ਨਾਲ ਉਸ ਦੀ ਲੱਤ ਦੀ ਹੱਡੀ 2 ਥਾਵਾਂ ਤੋਂ ਟੁੱਟ ਗਈ। ਬੱਚਾ ਦਰਦ ਨਾਲ ਤੜਫਦਾ ਰਿਹਾ। 

ਬੱਚੇ ਦੀ ਮਾਤਾ ਨੇ ਥਾਣਾ ਮੁਖੀ ਫਿਲੌਰ ਨੂੰ ਸ਼ਿਕਾਇਤ ਦਿੰਦੇ ਹੋਏ ਮੁਲਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।