ਅੰਮ੍ਰਿਤਸਰ ਦੇ ਨਰਾਇਣਗੜ੍ਹ 'ਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁੱਠਭੇੜ, 5 ਪਿਸਤੌਲ ਸਣੇ ਦੋ ਗੈਂਗਸਟਰ ਕਾਬੂ
ਪੁਲਿਸ ਨੇ ਦੋ ਮੁਲਜ਼ਮਾਂ ਰਵੀ ਅਤੇ ਰਫ਼ੀ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ।
ਅੰਮ੍ਰਿਤਸਰ: ਥਾਣਾ ਛੇਹਰਟਾ ਦੇ ਅਧੀਨ ਪੈਂਦੇ ਇਲਾਕੇ ਨਰਾਇਣਗੜ੍ਹ ਵਿਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁੱਠਭੇੜ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੌਰਾਨ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਅਸਲੇ ਸਣੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨਾਲ ਕਰਾਸ ਫਾਇਰਿੰਗ ਤੋਂ ਬਾਅਦ ਦੋ ਮੁਲਜ਼ਮ ਇਕ ਘਰ ਵਿਚ ਲੁਕ ਗਏ, ਜਦਕਿ ਚਾਰ ਭੱਜਣ ਵਿਚ ਕਾਮਯਾਬ ਹੋ ਗਏ। ਪੁਲਿਸ ਨੇ ਦੋ ਮੁਲਜ਼ਮਾਂ ਰਵੀ ਅਤੇ ਰਫ਼ੀ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ।
ਇਹ ਘਟਨਾ ਛੇਹਰਟਾ ਖੇਤਰ ਅਧੀਨ ਪੈਂਦੇ ਨਰਾਇਣਗੜ੍ਹ ਵਿਚ 40 ਫੁੱਟੀ ਗਲੀ ’ਤੇ ਵਾਪਰੀ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਕ ਕਾਰ ਵਿਚ ਕੁੱਝ ਗੈਂਗਸਟਰ ਆ ਰਹੇ ਹਨ। ਇਸ ਤੋਂ ਬਾਅਦ ਪੁਲਿਸ ਨੇ 40 ਫੁੱਟੀ ਫੁੱਟੀ’ਤੇ ਨਾਕਾ ਲਾਇਆ। ਜਦੋਂ ਨਾਕੇ 'ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਗੈਂਗਸਟਰਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਦੀ ਜਵਾਬੀ ਕਾਰਵਾਈ ਨੂੰ ਦੇਖ ਕੇ ਮੁਲਜ਼ਮ ਕਾਰ ਉਥੇ ਹੀ ਛੱਡ ਕੇ ਭੱਜਣ ਲੱਗੇ। ਪੁਲਿਸ ਨੇ ਮੁਲਜ਼ਮਾਂ ਦਾ ਪਿੱਛਾ ਕੀਤਾ।
ਪੁਲਿਸ ਨੇ ਮੁਲਜ਼ਮਾਂ ਅਤੇ ਕਾਰ ਦੀ ਤਲਾਸ਼ੀ ਲਈ। ਮੁਲਜ਼ਮਾਂ ਕੋਲੋਂ 5 ਪਿਸਤੌਲ ਬਰਾਮਦ ਹੋਏ ਹਨ। ਇਸ ਦੇ ਨਾਲ ਹੀ ਦੋ ਦਰਜਨ ਤੋਂ ਵੱਧ ਗੋਲੀਆਂ ਵੀ ਬਰਾਮਦ ਹੋਈਆਂ ਹਨ। ਮੁਲਜ਼ਮ ਰਵੀ ਅਤੇ ਰਫ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਜਲਦ ਹੀ ਮੁਲਜ਼ਮਾਂ ਬਾਰੇ ਜਾਣਕਾਰੀ ਸਾਂਝੀ ਕਰਨ ਦੀ ਗੱਲ ਕਰ ਰਹੀ ਹੈ।