ਖੌਫ਼ਨਾਕ ਲੁਟੇਰੇ! ਚੌਕੀਦਾਰ ਨੂੰ ਬੰਨ੍ਹ ਕੇ ਏਜੰਸੀ 'ਚੋਂ ਲੈ ਗਏ 2 ਨਵੇਂ ਟਰੈਕਟਰ
ਤੇਲ ਖ਼ਤਮ ਹੋਇਆ ਤਾਂ ਇਕ ਨੂੰ ਰਸਤੇ ’ਚ ਛੱਡਿਆ
ਫਿਲੌਰ : ਇਸ ਵਾਰ ਤਾਂ ਲੁਟੇਰਿਆਂ ਨੇ ਹੱਦ ਹੀ ਕਰ ਦਿੱਤੀ ਕਿਉਂਕਿ ਬੀਤੀ ਰਾਤ ਲੁਟੇਰੇ ਟਰੈਕਟਰ ਏਜੰਸੀ ਦੇ ਚੌਕੀਦਾਰ ਨੂੰ ਬੰਨ੍ਹ ਕੇ 2 ਨਵੇਂ ਟਰੈਕਟਰ ਚੋਰੀ ਕਰ ਕੇ ਲੈ ਗਏ ਤੇ ਇਕ ਟਰੈਕਟਰ ਦਾ ਰਸਤੇ ’ਚ ਤੇਲ ਖ਼ਤਮ ਹੋ ਗਿਆ, ਜਿਸ ਨੂੰ ਲੁਟੇਰੇ ਉੱਥੇ ਹੀ ਛੱਡ ਕੇ ਭੱਜ ਗਏ। ਵਾਰਦਾਤ ਦੌਰਾਨ ਲੁਟੇਰੇ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਪੁੱਟ ਕੇ ਨਾਲ ਲੈ ਗਏ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਬਜ਼ੁਰਗ ਚੌਕੀਦਾਰ ਦਲਜੀਤ ਸਿੰਘ ਨੇ ਦੱਸਿਆ ਕਿ ਉਹ ਨੈਸ਼ਨਲ ਹਾਈਵੇ ’ਤੇ ਸਥਿਤ ਟਰੈਕਟਰਾਂ ਦੀ ਏਜੰਸੀ ਰਾਏ ਆਟੋ ਇੰਜੀਨੀਅਰ ’ਚ ਰਾਤ ਨੂੰ ਪਹਿਰੇਦਾਰੀ ਕਰਦਾ ਹੈ। ਬੀਤੀ ਰਾਤ 1 ਵਜੇ 4 ਲੁਟੇਰੇ ਏਜੰਸੀ ਦੇ ਅੰਦਰ ਅਚਾਨਕ ਆ ਗਏ।
ਅੰਦਰ ਦਾਖਲ ਹੁੰਦੇ ਹੀ ਲੁਟੇਰਿਆਂ ਨੇ ਉਸ ਨੂੰ ਫੜ ਕੇ ਰੱਸੀਆਂ ਨਾਲ ਬੰਨ੍ਹ ਲਿਆ ਤੇ ਇਕ ਕਮਰੇ 'ਚ ਬੰਦ ਕਰ ਦਿੱਤਾ। ਅੱਧੇ ਘੰਟੇ ਤੱਕ ਉਹ ਏਜੰਸੀ ਦੇ ਅੰਦਰ ਘੁੰਮਦੇ ਰਹੇ ਅਤੇ ਦਫ਼ਤਰ ਦੇ ਅੰਦਰ ਪਈਆਂ ਅਲਮਾਰੀਆਂ ਦੇ ਜਿੰਦੇ ਤੋੜ ਕੇ ਉਨ੍ਹਾਂ ’ਚੋਂ ਨਕਦੀ ਲੱਭਦੇ ਰਹੇ। ਜਦੋਂ ਉਨ੍ਹਾਂ ਨੂੰ ਕੁਝ ਨਾ ਲੱਭਿਆ ਤਾਂ ਜਾਂਦੇ ਹੋਏ ਉਹ ਏਜੰਸੀ ’ਚ ਖੜ੍ਹੇ 2 ਨਵੇਂ ਟਰੈਕਟਰ ਲੈ ਗਏ। ਮੌਕੇ ’ਤੇ ਮੌਜੂਦ ਕੰਪਨੀ ਦੇ ਮਾਲਕ ਕੰਵਰਜੀਤ ਨੇ ਦੱਸਿਆ ਕਿ ਰੋਜ਼ਾਨਾ ਵਾਂਗ ਜਿਉਂ ਹੀ ਉਹ ਸਵੇਰੇ ਆਪਣੀ ਏਜੰਸੀ ਪੁੱਜਾ ਤਾਂ ਦੋਵੇਂ ਮੁੱਖ ਗੇਟ ਦੇ ਜਿੰਦੇ ਹੇਠਾਂ ਡਿੱਗੇ ਪਏ ਸਨ
ਜਿਉਂ ਹੀ ਉਹ ਅੰਦਰ ਦਾਖ਼ਲ ਹੋਇਆ ਤਾਂ ਚੌਕੀਦਾਰ ਅੰਦਰ ਰੱਸੀਆਂ ਨਾਲ ਬੰਨ੍ਹਿਆ ਹੋਇਆ ਸੀ, ਜਿਸ ਨੂੰ ਖੋਲ੍ਹਿਆ ਤਾਂ ਉਸ ਨੇ ਪੂਰੀ ਘਟਨਾ ਬਾਰੇ ਦੱਸਿਆ। ਲੁਟੇਰੇ ਜਿਸ ਪਾਸੇ ਵੱਲ ਭੱਜੇ ਸਨ, ਉਹ ਉੱਧਰ ਗਏ ਤਾਂ ਕੁਝ ਹੀ ਦੂਰ ਉਨ੍ਹਾਂ ਦਾ ਇਕ ਨਵਾਂ ਟਰੈਕਟਰ ਰਸਤੇ ’ਚ ਖੜ੍ਹਾ ਮਿਲ ਗਿਆ, ਜਿਸ ਦਾ ਤੇਲ ਖ਼ਤਮ ਹੋਣ ਕਰ ਕੇ ਲੁਟੇਰੇ ਉਸ ਨੂੰ ਉੱਥੇ ਹੀ ਛੱਡ ਗਏ। ਇਕ ਨਵਾਂ ਟਰੈਕਟਰ ਉਹ ਆਪਣੇ ਨਾਲ ਲੈ ਗਏ, ਜਿਸ ਦੀ ਕੀਮਤ 6 ਲੱਖ ਰੁਪਏ ਹੈ।