ਜਦੋਂ ਤੱਕ ਸਾਡੇ ਸਾਥੀਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਉਦੋਂ ਸਾਡੀ ਹੜਤਾਲ ਰਹੇਗੀ ਜਾਰੀ
ਜਦੋਂ ਤੱਕ ਸਾਡੇ ਸਾਥੀਆਂ ਖ਼ਿਲਾਫ਼ ਦਰਜ ਕੀਤੇ ਪਰਚੇ ਰੱਦ ਨਹੀਂ ਕੀਤੇ ਜਾਂਦੇ ਤੇ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਉਦੋਂ ਸਾਡੀ ਹੜਤਾਲ ਰਹੇਗੀ ਜਾਰੀ
ਸੰਗਰੂਰ/ਤੇਜਿੰਦਰ ਕੁਮਾਰ : ਪੰਜਾਬ ਵਿਚ ਪਿਛਲੇ ਚਾਰ ਦਿਨਾਂ ਤੋਂ ਪੀ.ਆਰ.ਟੀ.ਸੀ. ਤੇ ਪਨਬਸ ਦੇ ਕੱਚੇ ਕਾਮਿਆਂ ਦੀ ਹੜਤਾਲ ਚੱਲ ਰਹੀ ਹੈ। ਇਹ ਹੜਤਾਲ ਪੰਜਾਬ 'ਚ ਕਿਲੋਮੀਟਰ-ਸਕੀਮ ਦੀਆਂ ਬੱਸਾਂ ਦਾ ਟੈਂਡਰ ਰੱਦ ਕਰਨ ਖ਼ਿਲਾਫ਼ ਹੈ । ਇਸ ਸਬੰਧ ਵਿਚ ਰੋਜ਼ਾਨਾ ਸਪੋਕਸਮੈਨ ਦੀ ਟੀਮ ਵੱਲੋਂ ਪੀ.ਆਰ.ਟੀ.ਸੀ. ਦੇ ਸੰਗਰੂਰ ਡਿਪੂ ਦੇ ਕਾਮਿਆਂ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਪੀ.ਆਰ.ਟੀ.ਸੀ. ਦੇ ਕੁਲਦੀਪ ਸਿੰਘ ਨੇ ਦੱਸਿਆ ਕਿ 28 ਨਵੰਬਰ ਨੂੰ ਸਿਰਫ਼ ਸਾਡਾ 11 ਤੋਂ 1 ਵਜੇ ਤੱਕ 2 ਘੰਟਿਆਂ ਦਾ 27 ਡਿਪੂਆਂ ਦੇ ਗੇਟਾਂ ’ਤੇ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਸੀ, ਪਰ ਸਰਕਾਰ ਨੇ ਸਾਡੇ ਮੁਲਾਜ਼ਮ ਸਾਥੀਂ ਨੂੰ 27 ਨਵੰਬਰ ਦੀ ਰਾਤ ਨੂੰ ਹੀ ਘਰੋਂ ਚੁੱਕ ਲਿਆ ਗਿਆ ਅਤੇ 28 ਨਵੰਬਰ ਦੇ ਸਾਡੇ ਪ੍ਰਦਰਸ਼ਨ ਨੂੰ ਪ੍ਰਦਰਸ਼ਨ ਨੂੰ ਹਿੰਸਾ ਬਣਾ ਦਿੱਤਾ ਜਦਕਿ ਸਾਡਾ ਸਿਰਫ਼ 2 ਘੰਟੇ ਸ਼ਾਂਤੀ ਮਈ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਸੀ। ਕੁਲਦੀਪ ਸਿੰਘ ਨੇ ਕਿਹਾ ਸਾਡੀ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਮੀਟਿੰਗ ਹੋ ਚੁੱਕੀ ਹੈ ਅਤੇ ਇਹ ਮੀਟਿੰਗ ਪੂਰੀ ਤਰ੍ਹਾਂ ਸਾਰਥਕ ਰਹੀ। ਟਰਾਂਸਪੋਰਟ ਮੰਤਰੀ ਨੇ ਕਿਲੋਮੀਟਰ ਸਕੀਮ ਦੇ ਟੈਂਡਰ ਨੂੰ ਫ਼ਿਲਹਾਲ ਪੋਸਟਪੌਨ ਕਰ ਦਿੱਤਾ ਹੈ ਅਤੇ ਉਨ੍ਹਾਂ ਨੇ ਸਾਡੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਹੈ। ਪਰ ਜਦੋਂ ਤੱਕ ਸਾਡੇ ਗ੍ਰਿਫਤਾਰ ਕੀਤੇ ਗਏ ਸਾਥੀਆਂ ਨੂੰ ਬਿਨਾ ਸ਼ਰਤ ਰਿਹਾਅ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸਾਡਾ ਪ੍ਰਦਰਸ਼ਨ ਜਾਰੀ ਰਹੇਗਾ।
ਇਸ ਮੌਕੇ ਇਕ ਹੋਰ ਮੁਲਾਜ਼ਮ ਬੰਟੀ ਸਿੰਘ ਨੇ ਦੱਸਿਆ ਕਿ ਮੀਟਿੰਗ ਤੋਂ ਬਾਅਦ ਟਰਾਂਸਪੋਰਟ ਮੰਤਰੀ ਨੇ ਸਾਡੇ ਗ੍ਰਿਫ਼ਤਾਰ ਕੀਤੇ ਮੁਲਾਜ਼ਮਾਂ ਨੂੰ ਬਿਨਾ ਸ਼ਰਤਾਂ ਰਿਹਾਅ ਕਰਨ ਅਤੇ ਲੈਟਰ ਜਾਰੀ ਕਰਨ ਦਾ ਭਰੋਸਾ ਦਿੱਤਾ ਸੀ। ਪਰ ਹਾਲੇ ਤੱਕ ਨਾਂ ਸਾਨੂੰ ਕੋਈ ਲੈਟਰ ਮਿਲਿਆ ਹੈ ਅਤੇ ਨਾ ਹੀ ਸਾਡੇ ਸਾਥੀਆਂ ਨੂੰ ਰਿਹਾਅ ਕੀਤਾ ਗਿਆ ਹੈ। ਉਨ੍ਹਾਂ ਕਿਹਾ ਜਦੋਂ ਤੱਕ ਸਾਡੇ ਸਾਥੀਆਂ ’ਤੇ ਦਰਜ ਕੀਤੇ ਗਏ ਪਰਚੇ ਰੱਦ ਕਰਕੇ ਉਨ੍ਹਾਂ ਬਾਇੱਜ਼ਤ ਰਿਹਾਅ ਨਹੀਂ ਕੀਤਾ ਜਾਂਦਾ। ਸਾਡੇ ਮੁਲਾਜ਼ਮਾਂ ਸਾਥੀਆਂ ਤੱਕ ਮੁੜ ਤੋਂ ਡਿਊਟੀ ਜੁਆਇੰਨ ਨਹੀਂ ਕਰਵਾਈ ਜਾਂਦੀ, ਉਦੋਂ ਤੱਕ ਸਾਡੀ ਹੜਤਾਲ ਜਾਰੀ ਰਹੇਗੀ। ਇਸ ਤੋਂ ਇਲਾਵਾ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਹਨ ਉਨ੍ਹਾਂ ਨੂੰ ਵੀ ਸਰਕਾਰ ਜਲਦੀ ਤੋਂ ਜਲਦੀ ਮੰਨੇ ਅਤੇ ਸਾਨੂੰ ਪੱਕਾ ਕੀਤਾ ਜਾਵੇ। ਇਸ ਤੋਂ ਇਲਾਵਾ ਪੀ.ਆਰ.ਟੀ.ਸੀ. ਅਤੇ ਪਨਬੱਸ ਦੇ ਨਿੱਜੀਕਰਨ ’ਤੇ ਪੂਰਨ ਤੌਰ ’ਤੇ ਰੋਕ ਲਾਈ ਜਾਵੇ।