ਸੱਤਾ ਤੋਂ ਬਾਹਰ ਹੋਣ ਦੇ ਬਾਵਜੂਦ ਪੰਜਾਬੀਆਂ ਤੇ ਅਕਾਲੀ ਦਲ ਦੇ ਵਿਰੋਧ ਦਾ ਕੇਂਦਰ ਰਿਹਾ ਬਾਦਲ ਦਲ
ਸਾਲ-2018 ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਸੱਭ ਤੋਂ ਮਾਰੂ ਵਰ੍ਹਾਂ ਰਿਹਾ ਹੈ। ਹੈਰਾਨੀਜਨਕ ਤੱਥ ਇਹ ਉਭਰ ਕੇ ਸਾਹਮਣੇ ਆਇਆ ਹੈ.......
ਗੁਰਦਾਸਪੁਰ : ਸਾਲ-2018 ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਸੱਭ ਤੋਂ ਮਾਰੂ ਵਰ੍ਹਾਂ ਰਿਹਾ ਹੈ। ਹੈਰਾਨੀਜਨਕ ਤੱਥ ਇਹ ਉਭਰ ਕੇ ਸਾਹਮਣੇ ਆਇਆ ਹੈ ਕਿ ਕਾਂਗਰਸ ਦੀ ਸਰਕਾਰ ਹੋਣ ਦੇ ਬਾਵਜੂਦ ਜਿਥੇ ਅਕਾਲੀ ਦਲ ਨੂੰ ਪਿਛਲੇ ਵਰ੍ਹੇ ਨਾ ਸਿਰਫ਼ ਪੰਜਾਬੀਆਂ ਦੇ ਵਿਰੋਧ ਦਾ ਹੀ ਸਾਹਮਣਾ ਨਹੀਂ ਕਰਨਾ ਪਿਆ ਸਗੋਂ ਅਕਾਲੀ ਦਲ ਵਾਸਤੇ ਸੱਭ ਤੋਂ ਜ਼ਿਆਦਾ ਤਰਾਸਦੀ ਰਹੀ ਕਿ ਅਕਾਲੀ ਦਲ ਨੂੰ ਅਪਣੇ ਘਰੋਂ ਹੀ ਟਕਸਾਲੀ ਅਕਾਲੀ ਆਗੂਆਂ ਦੇ ਵਿਰੋਧ ਦਾ ਬਹੁਤ ਹੀ ਬੁਰੀ ਤਰ੍ਹਾਂ ਸਾਹਮਣਾ ਕਰਨਾ ਪਿਆ। ਇਕ ਪਾਸੇ ਤਾਂ ਪਾਰਟੀ ਹੋਰ ਦੋ ਸਾਲਾਂ ਬਾਅਦ ਇਕ ਸਦੀ ਦੀ ਪਾਰਟੀ ਹੋਣ ਦੇ ਜਸ਼ਨ ਮਨਾਉਣ 'ਤੇ ਵਿਚਾਰਾਂ ਕਰ ਰਹੀ ਸੀ
ਐਨ ਉਦੋਂ ਹੀ ਪਾਰਟੀ ਦੇ ਸੀਨੀਅਰ ਤੇ ਬਜ਼ੁਰਗ ਟਕਸਾਲੀ ਆਗੂਆਂ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਰੁਧ ਸਿਰਫ਼ ਬਗ਼ਾਵਤ ਦਾ ਐਲਾਨ ਹੀ ਨਹੀਂ ਕੀਤਾ ਸਗੋਂ ਨਵੀਂ ਪਾਰਟੀ ਦੀ ਸਥਾਪਨਾ ਕਰ ਕੇ ਬਾਦਲ ਦਲ ਦੀ ਕਬਰ ਵਿਚ ਆਖ਼ਰੀ ਕਿੱਲ ਵੀ ਠੋਕ ਦਿਤਾ ਹੈ। ਇਸ ਤੋਂ ਇਲਾਵਾ 6 ਮਹੀਨੇ ਚਲੇ ਬਰਗਾੜੀ ਮੋਰਚੇ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਨੇ ਅਕਾਲੀ ਦਲ ਦੀਆਂ ਮੁਸੀਬਤਾਂ ਵਿਚ ਵਾਧਾ ਹੀ ਕੀਤਾ ਹੈ।
ਲੰਘ ਚੁਕੇ ਵਰ੍ਹੇ ਦੇ ਆਰੰਭ ਵਿਚ ਅਕਾਲੀ ਦਲ ਵਲੋਂ ਲੋਕਾਂ 'ਚੋਂ ਗੁਆਚਦੇ ਜਾਂ ਖ਼ੁਰਦੇ ਜਾ ਰਹੇ ਆਧਾਰ ਨੂੰ ਬਚਾਉਣ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵਲੋਂ ਵੱਖ-ਵੱਖ ਹਲਕਿਆਂ ਵਿਚ ਜਾ ਕੇ ਲੋਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਥੋਂ ਤਕ ਪਾਰਟੀ ਦੇ ਆਗੂਆਂ ਵਲੋਂ ਅਕਾਲੀ ਵਰਕਰਾਂ 'ਤੇ ਹੋਏ ਪਰਚਿਆਂ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਦਿਤੇ ਗਏ ਧਰਨਿਆਂ ਵਿਚ ਵੱਡੇ ਬਾਦਲ ਵੀ ਤਸ਼ਰੀਫ਼ ਲਿਆਉਂਦੇ ਰਹੇ ਹਨ। ਇਸ ਤੋਂ ਇਲਾਵਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਕਾਰਨ ਅਕਾਲੀ ਦਲ ਨੂੰ ਹੋਏ ਨੁਕਸਾਨ ਦੀ ਹੋਈ ਭਰਪਾਈ ਲਈ ਅਬੋਹਰ,
ਫ਼ਰੀਦਕੋਟ ਅਤੇ ਪਟਿਆਲਾ ਵਿਖੇ ਰੈਲੀਆਂ ਵੀ ਕੀਤੀਆਂ ਗਈਆਂ ਸਨ ਜਿਨ੍ਹਾਂ ਨੂੰ ਕੋਈ ਬਹੁਤ ਹੁੰਗਾਰਾ ਨਹੀਂ ਮਿਲ ਸਕਿਆ। ਪੂਰੇ ਸਾਲ 2018 ਦੌਰਾਨ ਪਾਰਟੀ ਅਪਣੇ ਪੈਰਾਂ 'ਤੇ ਖੜਾ ਹੋਣ ਦੀ ਕੋਸ਼ਿਸ਼ ਕਰਦੀ ਰਹੀ ਹੈ ਅਤੇ ਚੁਨੌਤੀਆਂ ਨਾਲ ਵੀ ਜੂਝਦੀ ਰਹੀ ਹੈ। ਜਸਟਿਸ ਰਣਜੀਤ ਕਮਿਸ਼ਨ ਦੀ ਰੀਪੋਰਟ ਕਾਰਨ ਬਾਦਲ ਦਲ ਇਸ ਵਿਰੋਧਤਾ 'ਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਅਕਾਲੀ ਦਲ ਨੂੰ ਉਦੋਂ ਇਕ ਹੋਰ ਵੱਡਾ ਝਟਕਾ ਲੱਗਾ
ਜਦੋਂ ਪਟਿਆਲਾ ਰੈਲੀ ਤੋਂ ਪਹਿਲਾਂ ਪਾਰਟੀ ਦੇ ਦਿੱਗਜ਼ ਟਕਸਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਅਚਾਨਕ ਅਕਾਲੀ ਦਲ ਵਿਚੋਂ ਅਸਤੀਫ਼ਾ ਦੇ ਦਿਤਾ। ਉਸ ਦੇ ਕੁੱਝ ਦਿਨਾਂ ਬਾਅਦ ਹੀ ਟਕਸਾਲੀ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਅਤੇ ਰਤਨ ਸਿੰਘ ਅਜਨਾਲਾ ਨੇ ਪਾਰਟੀ ਦੇ ਪ੍ਰਧਾਨ ਤੇ ਬਿਕਰਮ ਸਿੰਘ ਮਜੀਠੀਏ ਤੇ ਅਕਾਲੀ ਦਲ ਨੂੰ ਹਾਈਜੈਕ ਕਰਨ ਦੇ ਦੋਸ਼ ਲਗਾ ਕੇ ਪਾਰਟੀ ਨੂੰ ਅਲਵਿਦਾ ਆਖ ਕੇ ਨਵੇਂ ਅਕਾਲੀ ਦਲ ਦਾ ਗਠਨ ਕਰ ਮਾਰਿਆ।