ਗੁਰਦਾਸਪੁਰ ਰੈਲੀ ਦੌਰਾਨ ਮੋਦੀ 31 ਹਜ਼ਾਰ ਕਰੋੜ ਦੇ ਕਰਜ਼ੇ ਨੂੰ ਮਾਫ਼ ਕਰ ਕੇ ਜਾਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਦਲ ਸਰਕਾਰ ਨੇ ਪੰਜਾਬ ਸਿਰ ਚੜਾਇਆ ਸੀ ਕਰੋੜਾਂ ਦਾ ਕਰਜ਼ਾ : ਜਾਖੜ....

Sunil Kumar Jakhar

ਚੰਡੀਗੜ੍ਹ (ਨੀਲ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਫੇਰੀ ਉਤੇ ਆ ਰਹੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਆਖਿਆ ਹੈ ਕਿ ਉਹ ਦੇਸ਼ ਦੀ ਖੜਗਭੁਜਾ ਅਤੇ ਅੰਨ ਭੰਡਾਰ ਪੰਜਾਬ ਵਿਚ ਕੋਈ ਵੱਡੀ ਇੰਡਸਟਰੀ ਸਥਾਪਿਤ ਕਰਨ ਦਾ ਐਲਾਣ ਕਰਕੇ ਜਾਣ। ਪ੍ਰੈਸ ਬਿਆਨ ਜ਼ਰੀਏ ਲੋਕ ਸਭਾ ਮੈਂਬਰ ਨੇ ਕਿਹਾ ਕਿ ਪੰਜਾਬ ਦੇਸ਼ ਭਰ ਦੀ ਅਬਾਦੀ ਲਈ ਅੰਨ ਪੈਦਾ ਕਰਦਾ ਹੈ ਅਤੇ ਰਾਜ ਸਰਕਾਰ ਇਸਦੀ ਭਾਰਤ ਸਰਕਾਰ ਲਈ ਖਰੀਦ ਕਰਦੀ ਹੈ ਪਰ ਜਿਸ ਤਰਾਂ ਪਿਛਲੀ ਅਕਾਲੀ-ਬੀਜੇਪੀ ਸਰਕਾਰ ਨੇ ਕੇਂਦਰ ਸਰਕਾਰ ਨਾਲ ਰਲਗੱਡ ਹੋ ਕੇ ਅਨਾਜ ਖਰੀਦ ਦੇ ਖਾਤਿਆਂ ਵਿਚ ਹੇਰਫੇਰ ਦਾ 31000 ਕਰੋੜ ਰੁਪਏ ਦਾ

ਕਰਜ਼ ਪੰਜਾਬ ਸਿਰ ਚੜਾਇਆ ਹੈ, ਉਹ ਇਸ ਸਮੇਂ ਪੰਜਾਬ ਦੇ ਵਿਤੀ ਪ੍ਰਬੰਧਨ ਲਈ ਵੱਡੀ ਚੁਨੌਤੀ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਹੋਰ ਕੁੱਝ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਪੰਜਾਬ ਦਾ ਇਹ ਕਰਜਾ ਤਾਂ ਮਾਫ਼ ਕਰ ਹੀ ਸਕਦੇ ਹਨ। ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ 15 ਲੱਖ ਦੇਣ ਦੇ ਜੁਮਲਿਆਂ, ਅੱਛੇ ਦਿਨ ਅਤੇ ਕਾਲੇ ਧਨ ਦੀ ਵਾਪਸੀ ਵਰਗੇ ਲਾਰਿਆਂ ਦੀ ਸੱਚਾਈ ਜਗ-ਜ਼ਾਹਰ ਹੋ ਜਾਣ ਤੋਂ ਬਾਅਦ ਨਰੇਂਦਰ ਮੋਦੀ ਦੇ ਪੰਜਾਬ ਦੌਰੇ ਤੋਂ ਉਹ ਕੋਈ ਬਹੁਤ ਆਸਵੰਦ ਤਾਂ ਨਹੀਂ ਪਰ ਪੰਜ ਰਾਜਾਂ ਦੇ ਵਿਧਾਨ ਸਭਾ ਚੋਣ ਨਤੀਜਿਆਂ ਨੂੰ ਵੇਖਦਿਆਂ ਜ਼ਰੂਰ ਉਨ੍ਹਾਂ ਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਸ਼ਾਇਦ ਅਪਣੀ ਕੁਰਸੀ

ਬਚਾਉਣ ਦੇ ਲਾਲਚ ਵਿਚ ਹੀ ਪੰਜਾਬ ਲਈ ਕੋਈ ਵੱਡਾ ਐਲਾਨ ਕਰ ਜਾਣ। ਕਾਂਗਰਸ ਪ੍ਰਧਾਨ ਨੇ ਭਾਜਪਾ ਦੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰਦਿਆਂ ਕਿਹਾ ਕਿ ਜਿਸ ਸਮੇਂ ਉਹ ਭਾਜਪਾ ਦੀ ਸਟੇਜ ਤੋਂ ਮੋਦੀ ਸਰਕਾਰ ਦਾ ਲੰਗਰ ਤੋਂ ਜੀ.ਐਸ.ਟੀ. ਹਟਾਉਣ ਲਈ ਧਨਵਾਦ ਕਰਨ, ਉਸ ਮੌਕੇ ਉਹ ਇਹ ਜ਼ਰੂਰ ਯਾਦ ਰੱਖਣ ਕਿ ਲੰਗਰ ਉਤੇ ਜੀਐਸਟੀ ਲਗਾਇਆ ਕਿਸ ਨੇ ਸੀ।

ਜਾਖੜ ਨੇ ਇਕ ਹੋਰ ਮੁੱਦਾ ਚੁੱਕਦਿਆਂ ਕਿਹਾ ਕਿ ਭਾਜਪਾ ਦੇ ਭਾਈਵਾਲ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਮੌਕੇ ਉਹਨਾਂ ਤੋਂ ਗੁਜਰਾਤ ਵਿਚ ਰਹਿ ਰਹੇ ਪੰਜਾਬੀ ਕਿਸਾਨਾਂ ਬਾਰੇ ਜ਼ਰੂਰ ਪੁੱਛਣ ਜਿਹਨਾਂ ਦੇ ਹੱਕ ਵਿਚ ਹਾਈਕੋਰਟ ਦਾ ਫ਼ੈਸਲਾ ਆ ਜਾਣ ਦੇ ਬਾਵਜੂਦ ਵੀ ਗੁਜਰਾਤ ਦੀ ਭਾਜਪਾ ਸਰਕਾਰ ਨੇ ਸੁਪਰੀਮ ਕੋਰਟ ਵਿਚ ਅਪੀਲ ਪਾਈ ਹੋਈ ਹੈ।