ਨਵੇਂ ਸਾਲ ਦਾ ਜਸ਼ਨ ਮਨਾਉਣ ਆਈ ਕੁੜੀ ਦੀ ਹੋਟਲ ਦੇ ਕਮਰੇ 'ਚੋ ਮਿਲੀ ਲਾਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਹਿਰ ਵਿਚ ਸਾਲ 2020 ਦੀ ਸ਼ੁਰੂਆਤ 'ਤੇ ਉਦਯੋਗਿਕ ਖੇਤਰ ਫ਼ੇਜ਼-2 ਸਥਿਤ ਸਕਾਈ ਹੋਟਲ ਦੇ ਕਮਰੇ ਵਿਚ ਮੁਟਿਆਰ ਦੀ ਲਾਸ਼ ਮਿਲੀ ਹੈ। ਦਸਿਆ ਜਾ ਰਿਹਾ ਹੈ ਕਿ ਮ੍ਰਿਤਕ ਮੁਟਿਆਰ

File Photo

ਚੰਡੀਗੜ੍ਹ  (ਤਰੁਣ ਭਜਨੀ): ਸ਼ਹਿਰ ਵਿਚ ਸਾਲ 2020 ਦੀ ਸ਼ੁਰੂਆਤ 'ਤੇ ਉਦਯੋਗਿਕ ਖੇਤਰ ਫ਼ੇਜ਼-2 ਸਥਿਤ ਸਕਾਈ ਹੋਟਲ ਦੇ ਕਮਰੇ ਵਿਚ ਮੁਟਿਆਰ ਦੀ ਲਾਸ਼ ਮਿਲੀ ਹੈ। ਦਸਿਆ ਜਾ ਰਿਹਾ ਹੈ ਕਿ ਮ੍ਰਿਤਕ ਮੁਟਿਆਰ ਕੁੱਝ ਦਿਨ ਪਹਿਲਾਂ ਇਕ ਨੌਜਵਾਨ ਨਾਲ ਹੋਟਲ ਵਿਚ ਆਈ ਸੀ। ਮੰਗਲਵਾਰ ਮੁਟਿਆਰ ਦੀ ਲਾਸ਼ ਤਾਂ ਪੁਲਿਸ ਨੂੰ ਕਮਰੇ ਤੋਂ ਬਰਾਮਦ ਹੋ ਗਈ ਪਰ ਉਸ ਨਾਲ ਆਇਆ ਨੌਜਵਾਨ ਗ਼ਾਇਬ ਹੈ, ਜਿਸ ਦੀ ਭਾਲ ਵਿਚ ਪੁਲਿਸ ਛਾਪੇਮਾਰੀ ਕਰ ਰਹੀ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੇ ਪੁਲਿਸ ਦੇ ਉੱਚ ਅਧਿਕਾਰੀਆਂ ਅਤੇ ਫ਼ਾਰੈਂਸਿਕ ਟੀਮ ਪੜਤਾਲ ਵਿਚ ਲੱਗ ਗਈ ਹੈ। ਸਬੰਧਤ ਸੈਕਟਰ-31 ਥਾਣਾ ਪੁਲਿਸ ਨੇ ਮੁੱਢਲੀ ਜਾਂਚ ਅਤੇ ਹੋਟਲ ਸਟਾਫ਼ ਤੋਂ ਪੁੱਛਗਿਛ ਵਿਚ ਮਾਮਲੇ ਦੀ ਅੱਗੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਜਾਣਕਾਰੀ ਅਨੁਸਾਰ ਨੌਜਵਾਨ ਅਤੇ ਮੁਟਿਆਰ 30 ਦਸੰਬਰ ਦੀ ਸ਼ਾਮ ਨੂੰ ਹੋਟਲ ਵਿਚ ਨਵਾਂ ਸਾਲ ਮਨਾਉਣ ਆਏ ਸਨ। ਉਨ੍ਹਾਂ ਤੀਜੀ ਮੰਜ਼ਲ 'ਤੇ ਕਮਰਾ ਨੰਬਰ-301 ਬੁਕ ਕੀਤਾ।

ਹੋਟਲ ਵਿਚ ਬੁਕਿੰਗ ਸਮੇਂ ਨੌਜਵਾਨ ਨੇ ਅਪਣਾ ਡਰਾਈਵਿੰਗ ਲਾਈਸੈਂਸ ਅਤੇ ਆਧਾਰ ਕਾਰਡ ਰੀਕਾਰਡ ਦੇ ਤੌਰ 'ਤੇ ਜਮ੍ਹਾਂ ਕਰਵਾ ਕੇ ਦੋ ਦਿਨਾਂ ਲਈ ਕਮਰਾ ਬੁੱਕ ਕਰਵਾਇਆ ਸੀ। ਇਕ ਜਨਵਰੀ ਦੁਪਹਿਰ 12 ਵਜੇ ਕਮਰੇ ਤੋਂ ਚੈੱਕਆਊਟ ਲਈ ਬਾਹਰ ਨਾ ਨਿਕਲਣ 'ਤੇ ਹੋਟਲ ਕਰਮਚਾਰੀਆਂ ਨੇ ਕਮਰੇ ਅੰਦਰ ਲੱਗੇ ਲੈਂਡਲਾਈਨ ਫ਼ੋਨ 'ਤੇ ਕਾਲ ਕਰ ਕੇ ਸੂਚਨਾ ਦੇਣ ਦੀ ਕੋਸ਼ਿਸ਼ ਕੀਤੀ।

ਵਾਰ-ਵਾਰ ਫ਼ੋਨ ਕਰਨ ਦੇ ਬਾਵਜੂਦ ਅੰਦਰ ਤੋਂ ਕੋਈ ਜਵਾਬ ਨਾ ਮਿਲਣ 'ਤੇ ਦੂਜੀ ਚਾਬੀ ਨਾਲ ਕਮਰਾ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ। ਹੋਟਲ ਕਰਮਚਾਰੀਆਂ ਨੇ ਕਮਰਾ ਖੋਲ੍ਹਿਆ ਤਾਂ ਅੰਦਰ ਮੁਟਿਆਰ ਦੀ ਲਾਸ਼ ਪਈ ਹੋਈ ਸੀ। ਉਸ ਦੇ ਮੂੰਹ ਤੋਂ ਝੱਗ ਅਤੇ ਨੱਕ ਤੋਂ ਖ਼ੂਨ ਨਿਕਲ ਰਿਹਾ ਸੀ। ਹੈਰਾਨੀ ਦੀ ਗੱਲ ਹੈ ਕਿ ਉਸ ਸਮੇਂ ਨੌਜਵਾਨ ਕਮਰੇ ਤੋਂ ਗਾਇਬ ਸੀ। ਲਾਸ਼ ਕਬਜ਼ੇ ਵਿਚ ਲੈ ਕੇ ਪੁਲਿਸ ਨੌਜਵਾਨ ਨੂੰ ਸ਼ੱਕੀ ਮੁਲਜ਼ਮ ਮੰਨ ਕੇ ਉਸ ਦੀ ਭਾਲ ਵਿਚ ਲੱਗੀ ਹੈ।

ਪੁਲਿਸ ਜਾਂਚ ਮੁਤਾਬਕ ਦੋਵੇਂ ਨਵਾਂ ਸਾਲ ਮਨਾਉਣ ਲਈ ਹੋਟਲ ਵਿਚ ਆ ਕੇ ਠਹਿਰੇ ਹੋਏ ਸਨ। ਰਾਤ ਵਿਚ ਨਵੇਂ ਸਾਲ ਦੀ ਲੇਟ ਨਾਇਟ ਪਾਰਟੀ ਤੋਂ ਬਾਅਦ ਦੋਵੇਂ ਕਮਰੇ ਵਿਚ ਚਲੇ ਗਏ ਸਨ। ਦੇਰ ਰਾਤ ਪਾਰਟੀ ਦੇ ਚਲਦੇ ਹੋਟਲ ਵਿਚ ਠਹਿਰੇ ਮਹਿਮਾਨਾਂ ਨੂੰ ਸਵੇਰ ਦੇ ਸਮੇਂ ਤੰਗ ਨਹੀ ਕੀਤਾ ਗਿਆ ਪਰ ਦੁਪਹਿਰ ਤਕ ਵੀ ਜਦੋਂ ਕਮਰੇ ਤੋਂ ਕੋਈ ਵਾਪਸ ਨਹੀਂ ਆਇਆ ਤਾਂ ਕਮਰੇ ਵਿਚ ਫ਼ੋਨ ਕੀਤਾ ਗਿਆ।

ਫ਼ੋਨ ਨਾ ਚੁੱਕਣ ਤੇ ਹੋਟਲ ਦੇ ਕਰਮਚਾਰੀਆਂ ਨੇ ਦੂਜੀ ਚਾਬੀ ਲੱਗਾ ਕੇ ਜਦੋਂ ਕਮਰਾ ਖੋਲ੍ਹਿਆ ਤਾਂ ਬੈੱਡ 'ਤੇ ਮੁਟਿਆਰ ਦੀ ਲਾਸ਼ ਖ਼ੂਨ ਨਾਲ ਲੱਥਪਥ ਹਾਲਤ ਵਿਚ ਪਈ ਸੀ। ਮੁਟਿਆਰ ਦੇ ਮੂੰਹ ਤੋਂ ਕਾਫ਼ੀ ਖ਼ੂਨ ਨਿਕਲਿਆ ਹੋਇਆ ਸੀ। ਚੰਡੀਗੜ੍ਹ ਦਾ ਮੁੰਡਾ ਅਤੇ ਸੰਗਰੂਰ ਦੀ ਕੁੜੀ : ਹੋਟਲ ਵਿਚ ਦਿਤੇ ਪਛਾਣ ਪੱਤਰ ਦੇ ਆਧਾਰ 'ਤੇ ਨੌਜਵਾਨ ਦੀ ਪਛਾਣ 30 ਸਾਲ ਦਾ ਸੈਕਟਰ-30 ਨਿਵਾਸੀ ਮਨਿੰਦਰ ਸਿੰਘ ਵਜੋਂ ਹੋਈ ਹੈ

ਜਦਕਿ ਮੁਟਿਆਰ ਦੀ ਪਛਾਣ ਸੰਗਰੂਰ ਨਿਵਾਸੀ ਸਰਬਜੀਤ ਕੌਰ ਦੇ ਤੌਰ 'ਤੇ ਹੋਈ ਹੈ। ਹੋਟਲ ਕਰਮਚਾਰੀਆਂ ਨੇ ਦਸਿਆ ਕਿ ਦੋਵੇਂ ਪਹਿਲਾਂ ਵੀ ਹੋਟਲ ਵਿਚ ਕਮਰਾ ਬੁੱਕ ਕਰਵਾ ਕੇ ਇਥੇ ਰੁਕ ਚੁੱਕੇ ਹਨ। ਪੁਲਿਸ ਨੌਜਵਾਨ ਦੀ ਭਾਲ ਕਰ ਰਹੀ ਹੈ।