50 ਫ਼ੀ ਸਦੀ ਜਿੱਤ ਦੇ ਦਿਤੇ ਬਿਆਨਾਂ ਤੋਂ ਕਿਸਾਨ ਜਥੇਬੰਦੀਆਂ ਨੇ ਮੋੜਾ ਕਟਿਆ

ਏਜੰਸੀ

ਖ਼ਬਰਾਂ, ਪੰਜਾਬ

50 ਫ਼ੀ ਸਦੀ ਜਿੱਤ ਦੇ ਦਿਤੇ ਬਿਆਨਾਂ ਤੋਂ ਕਿਸਾਨ ਜਥੇਬੰਦੀਆਂ ਨੇ ਮੋੜਾ ਕਟਿਆ

image

ਚੰਡੀਗੜ੍ਹ, 1 ਜਨਵਰੀ (ਗੁਰਉਪਦੇਸ਼ ਭੁੱਲਰ) : ਪਿਛਲੇ ਦਿਨੀਂ ਕੇਂਦਰ ਸਰਕਾਰ ਨਾਲ ਹੋਈ 6ਵੇਂ ਗੇੜ ਦੀ ਗੱਲਬਾਤ ਵਿਚ 2 ਮੰਗਾਂ ਮੰਨੇ ਜਾਣ ਨਾਲ ਕਿਸਾਨ ਮੋਰਚੇ ਦੀ 50 ਫ਼ੀ ਸਦੀ ਜਿੱਤ ਹੋ ਜਾਣ ਦੇ ਜਲਦਬਾਜ਼ੀ ਵਿਚ ਕੀਤੇ ਦਾਅਵੇ ਤੋਂ ਅੱਜ ਕਿਸਾਨ ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਨੇ ਮੋੜਾ ਕਟਦਿਆਂ 4 ਜਨਵਰੀ ਦੀ ਮੀਟਿੰਗ ਵਿਚ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਐਮ.ਐਸ.ਪੀ. ਦੇ ਕਾਨੂੰਨੀ ਦਰਜੇ ਦੀ ਮੰਗ ਪ੍ਰਵਾਨ ਨਾ ਹੋਣ ’ਤੇ ਇਸੇ ਤੋਂ ਬਾਅਦ ਅੰਦੋਲਨ ਨੂੰ ਤੇਜ਼ ਕਰ ਕੇ ਭਵਿੱਖ ਵਿਚ ਹੋਰ ਤਿੱਖੇ ਐਕਸ਼ਨਾਂ ਦੀ ਰਣਨੀਤੀ ਤਿਆਰ ਕੀਤੀ ਹੈ। ਅੱਜ ਸਵੇਰੇ ਸਪੋਕਸਮੈਨ ਦੇ ਪਹਿਲੇ ਸਫ਼ੇ ਦੀ ਮੁੱਖ ਖ਼ਬਰ ਦਾ ਸਾਰੇ ਪਾਸੇ ਤੁਰਤ ਅਸਰ ਹੋਇਆ ਤੇ ਕਿਸਾਨ ਆਗੂਆਂ ਨੇ ਮਹਿਸੂਸ ਕੀਤਾ ਕਿ ਸਪੋਕਸਮੈਨ ਨੇ ਸਮੇਂ ਸਿਰ ਖ਼ਬਰਦਾਰ ਕਰ ਕੇ ਬਹੁਤ ਚੰਗਾ ਕੰਮ ਕੀਤਾ ਹੈ।
ਅੱਜ ਨਵੇਂ ਸਾਲ ਦੇ ਪਹਿਲੇ ਦਿਨ 30 ਦਸੰਬਰ ਦੀ ਕੇਂਦਰ ਨਾਲ ਮੀਟਿੰਗ ਦੇ ਰਿਵੀਊ ਲਈ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਸੰਯੁਕਤ ਕਿਸਾਨ ਮੋਰਚੇ ਦੀ ਹੋਈ ਮੀਟਿੰਗ ਵਿਚ ਕੇਂਦਰ ਸਰਕਾਰ ਦੇ ਰਵਈਏ ਨੂੰ ਵੇਖਦਿਆਂ ਅਗਲੀ ਰਣਨੀਤੀ ਤਹਿਤ ਕਈ ਫ਼ੈਸਲੇ ਲਏ ਗਏ ਹਨ।  ਅੱਜ ਦੀ ਮੀਟਿੰਗ ਤੋਂ ਬਾਅਦ ਪ੍ਰਮੁੱਖ ਆਗੂ ਯੋਗਿੰਦਰ ਯਾਦਵ ਨੇ ਸਪੱਸ਼ਟ ਤੌਰ ’ਤੇ ਮੰਨਿਆ ਹੈ ਕਿ 50 ਫ਼ੀ ਸਦੀ ਜਿੱਤ ਹੋਣ ਦੀ ਗੱਲ ’ਚ ਕੋਈ ਦਮ ਨਹੀਂ ਬਲਕਿ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਅਤੇ ਐਮ.ਐਸ.ਪੀ. ਨੂੰ ਕਾਨੂੰਨੀ ਦਰਜਾ ਦੇਣ ਦੀ ਮੰਗ ਬਾਰੇ ਕੇਂਦਰ ਸਰਕਾਰ ਹਾਲੇ ਤਕ ਟਸ ਤੋਂ ਮਸ ਨਹੀਂ ਹੋਈ ਬਲਕਿ ਕੋਈ ਠੋਸ ਭਰੋਸਾ ਵੀ ਨਹੀਂ ਦਿਤਾ ਜਦ ਕਿ ਇਹ ਹੀ ਮੁੱਖ ਮੰਗਾਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਦੇ ਰਵਈਏ ਨੂੰ ਵੇਖਦਿਆਂ ਗੱਲਬਾਤ ਦੇ ਨਾਲ ਨਾਲ ਅੰਦੋਲਨ ਵੀ ਤੇਜ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ‘ਰੋਜ਼ਾਨਾ ਸਪੋਕਸਮੈਨ’ ਵਲੋਂ 30 ਦਸੰਬਰ ਦੀ ਮੀਟਿੰਗ ਬਾਅਦ ਕਿਸਾਨ ਆਗੂਆਂ ਵਲੋਂ 50 ਫ਼ੀ ਸਦੀ ਜਿੱਤ ਹੋਣ ਦੇ ਦਿਤੇ ਗਏ ਬਿਆਨਾਂ ਨੂੰ  ਜਲਦਬਾਜ਼ੀ ਦਸਦੇ ਹੋਏ ਮੁੱਖ ਖ਼ਬਰ ਵਿਚ ਸਵਾਲ ਉਠਾਇਆ ਸੀ। 
ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਡਾ. ਦਰਸ਼ਨਪਾਲ ਨੇ ਦਸਿਆ 

ਕਿ ਅੱਜ ਤੈਅ ਕੀਤੀ ਗਈ ਅਗਲੀ ਰਣਨੀਤੀ ਤਹਿਤ 4 ਜਨਵਰੀ ਦੀ ਮੀਟਿੰਗ ਵਿਚ ਮੁੱਖ ਮੰਗਾਂ ਬਾਰੇ ਕੋਈ ਨਤੀਜਾ ਨਹੀਂ ਨਿਕਲਦਾ ਤਾਂ 6 ਜਨਵਰੀ ਨੂੰ ਦਿੱਲੀ ਦੀ ਸਰਹੱਦ ਤੋਂ ਕੇ.ਐਮ.ਪੀ. ਬਾਈਪਾਸ ਰਾਹੀਂ ਵਿਸ਼ਾਲ ਟਰੈਕਟਰ ਮਾਰਚ ਕਰ ਕੇ ਰੋਸ ਦਰਜ ਕਰਵਾਇਆ ਜਾਵੇਗਾ, ਜੋ ਕੇਂਦਰ ਲਈ ਇਕ ਸਖ਼ਤ ਸੁਨੇਹਾ ਹੋਵੇਗਾ। ਅਗਲੇ ਹਫ਼ਤੇ ਦੌਰਾਨ ਹੀ ਸ਼ਾਹਜਾਂਹਪੁਰ ਬਾਰਡਰ ਤੋਂ ਰਾਜਸਥਾਨ ਤੇ ਹੋਰ ਕਈ ਸੂਬਿਆਂ ਦੇ ਕਿਸਾਨ ਮਾਰਚ ਕਰ ਕੇ ਦਿੱਲੀ ਵਲ ਵਧਣਗੇ।
6 ਤੋਂ 19 ਜਨਵਰੀ ਤਕ ਦੇਸ਼ ਭਰ ’ਚ ਜਾਗ੍ਰਿਤੀ ਅਭਿਆਨ ਚਲਾ ਕੇ ਕੇਂਦਰ ਦੇ ਗ਼ਲਤ ਪ੍ਰਚਾਰ ਦਾ ਜੁਆਬ ਦੇਣ ਲਈ ਰੈਲੀਆਂ, ਧਰਨੇ, ਪ੍ਰੈੱਸ ਕਾਨਫ਼ਰੰਸਾਂ ਕੀਤੀਆਂ ਜਾਣਗੀਆਂ। 18 ਜਨਵਰੀ ਨੂੰ ਮਹਿਲਾ ਦਿਵਸ ਮਨਾਉਂਦਿਆਂ ਮਹਿਲਾਵਾਂ ਦਾ ਨਿਰੋਲ ਐਕਸ਼ਨ ਹੋਵੇਗਾ। 23 ਜਨਵਰੀ ਨੂੰ ਦੇਸ਼ ਭਰ ’ਚ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਜੈਯੰਤੀ ’ਤੇ ਪ੍ਰੋਗਰਾਮ ਕੀਤੇ ਜਾਣਗੇ। ਇਸ ਤੋਂ ਬਾਅਦ ਕਿਸਾਨ ਜਥੇਬੰਦੀਆਂ 26 ਜਨਵਰੀ ਵਾਲੇ ਦਿਨ ਕਿਸੇ ਵੱਡੇ ਐਕਸ਼ਨ ਦਾ ਫ਼ੈਸਲਾ ਲੈ ਸਕਦੀਆਂ ਹਨ।
ਜ਼ਿਕਰਯੋਗ ਹੈ ਕਿ ਇਕ ਪ੍ਰਮੁੱਖ ਕਿਸਾਨ ਨੇਤਾ ਰਾਕੇਸ਼ ਟਿਕੈਤ ਵਲੋਂ ਪਹਿਲਾਂ ਹੀ ਇਸ ਦਿਨ ਹਜ਼ਾਰਾਂ ਟਰੈਕਟਰਾਂ ਸਮੇਤ ਤਿਰੰਗੇ ਝੰਡੇ ਲੈ ਕੇ ਕਿਸਾਨਾਂ ਵਲੋਂ ਦਿੱਲੀ ਵਿਚ ਦਾਖ਼ਲ ਹੋਣ ਦੀ ਗੱਲ ਆਖੀ ਜਾ ਚੁੱਕੀ ਹੈ। ਕਿਸਾਨ ਆਗੂ ਯੁਧਵੀਰ ਦਾ ਕਹਿਣਾ ਹੈ ਕਿ ਕੇਂਦਰ ਕਿਸਾਨ ਨੂੰ ਹਲਕੇ ਵਿਚ ਲੈ ਰਹੀ ਹੈ ਪਰ ਉਹ ਇਸ ਅੰਦੋਲਨ ਨੂੰ ਸ਼ਾਹੀਨ ਬਾਗ਼ ਵਾਲਾ ਅੰਦੋਲਨ ਸਮਝਣ ਦੀ ਗਲਤੀ ਨਾ ਕਰੇ ਕਿ ਜਦ ਚਾਹਿਆ ਕਿਸਾਨਾਂ ਨੂੰ ਜਬਰੀ ਖਦੇੜ ਕੇ ਉਠਾ ਦੇਵਾਂਗੇ।