ਭਾਰਤ ਤੇ ਪਾਕਿਸਤਾਨ ਨੇ ਪਰਮਾਣੂ ਕੇਂਦਰਾਂ ਦੀ ਸੂਚੀ ਇਕ ਦੂਜੇ ਨੂੰ ਸੌਂਪੀ

ਏਜੰਸੀ

ਖ਼ਬਰਾਂ, ਪੰਜਾਬ

ਭਾਰਤ ਤੇ ਪਾਕਿਸਤਾਨ ਨੇ ਪਰਮਾਣੂ ਕੇਂਦਰਾਂ ਦੀ ਸੂਚੀ ਇਕ ਦੂਜੇ ਨੂੰ ਸੌਂਪੀ

image

ਇਸਲਾਮਾਬਾਦ, 1 ਜਨਵਰੀ : ਪਾਕਿਸਤਾਨ ਅਤੇ ਭਾਰਤ ਨੇ ਸ਼ੁਕਰਵਾਰ ਨੂੰ ਅਪਣੇ-ਅਪਣੇ ਪਰਮਾਣੂ ਕੇਂਦਰਾਂ ਦੀ ਸੂਚੀ ਇਕ ਦੂਜੇ ਨੂੰ ਸੌਂਪੀ। ਦੋਹਾਂ ਦੇਸ਼ਾਂ ਵਿਚਾਲੇ ਇਕ ਦੁਵੱਲੇ ਸਮਝੌਤੇ ਤਹਿਤ ਹਰ ਸਾਲ ਅਜਿਹਾ ਕੀਤਾ ਜਾਂਦਾ ਹੈ। ਇਸ ਦਾ ਮਕਸਦ ਉਨ੍ਹਾਂ ਨੂੰ ਇਕ ਦੂਜੇ ਦੇ ਪਰਮਾਣੂ ਸੰਸਥਾਨਾਂ ’ਤੇ ਹਮਲੇ ਕਰਨ ਤੋਂ ਰੋਕਣਾ ਹੈ। ਪਾਕਿ ਵਿਦੇਸ਼ ਦਫ਼ਤਰ ਨੇ ਇਥੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਇਸ ਸੂਚੀ ਦਾ ਲੈਣ ਦੇਣ ਭਾਰਤ ਅਤੇ ਪਾਕਿਸਤਾਨ ਵਿਚਾਲੇ ‘ਪਰਮਾਣੂ ਕੇਂਦਰਾਂ ’ਤੇ ਹਮਲਿਆਂ ’ਤੇ ਪਾਬੰਦੀ ਸਮਝੌਤੇ’ ਦੀ ਧਾਰਾ-2 ਮੁਤਾਬਕ ਕੀਤਾ ਗਿਆ ਹੈ। ਇਸ ਸਮਝੌਤੇ ’ਤੇ 31 ਦਸੰਬਰ 1988 ਨੂੰ ਹਸਤਾਖਰ ਕੀਤੇ ਗਏ ਸਨ।
  ਬਿਆਨ ਵਿ੍ਚ ਕਿਹਾ ਗਿਆ ਹੈ,‘‘ਪਾਕਿਸਤਾਨ ਦੇ ਪਰਮਾਣੂ ਕੇਂਦਰਾਂ ਨਾਲ ਸਬੰਧਤ ਸੂਚੀ ਵਿਦੇਸ਼ ਮੰਤਰਾਲੇ ਵਿਚ ਭਾਰਤੀ ਹਾਈ ਕਮਿਸ਼ਨ ਦੇ ਇਕ ਅਧਿਕਾਰੀ ਨੂੰ ਅੱਜ 11 ਵਜੇ ਅਧਿਕਾਰਤ ਤੌਰ ’ਤੇ ਸੌਂਪੀ ਗਈ।’’ ਬਿਆਨ ਵਿਚ ਕਿਹਾ ਗਿਆ ਹੈ,‘‘ਨਵੀਂ ਦਿੱਲੀ ਵਿਚ ਭਾਰਤੀ ਵਿਦੇਸ਼ ਮੰਤਰਾਲੇ ਨੇ ਭਾਰਤ ਦੇ ਪਰਮਾਣੂ ਕੇਂਦਰਾਂ ਅਤੇ ਸੰਸਥਾਨਾਂ ਨਾਲ ਸਬੰਧਤ ਸੂਚੀ ਪਾਕਿਸਤਾਨ ਹਾਈ ਕਮਿਸ਼ਨ ਦੇ ਇਕ ਅਧਿਕਾਰੀ ਨੂੰ 11 ਵੱਜ ਕੇ 30 ਮਿੰਟ ’ਤੇ ਸੌਂਪੀ।’’ ਇਸ ਸਮਝੌਤੇ ਵਿਚ ਇਹ ਨਿਯਮ ਹੈ ਕਿ ਦੋਵੇਂ ਦੇਸ਼ ਹਰ ਸਾਲ ਇਕ ਜਨਵਰੀ ਨੂੰ ਅਪਣੇ ਅਪਣੇ ਪਰਮਾਣੂ ਕੇਂਦਰਾਂ ਅਤੇ ਸੰਸਥਾਨਾਂ ਬਾਰੇ ਇਕ ਦੂਜੇ ਨੂੰ ਜਾਣਕਾਰੀ ਦੇਣਗੇ। ਭਾਰਤ ਅਤੇ ਪਾਕਿਸਤਾਨ ਵਿਚਾਲੇ ਮੌਜੂਦ ਤਣਾਅ ਦੇ ਬਾਵਜੂਦ ਦੋਹਾਂ ਦੇਸ਼ਾਂ ਨੇ ਇਕ ਦੂਜੇ ਨੂੰ ਇਹ ਜਾਣਕਾਰੀ ਮੁਹਈਆ ਕਰਵਾਈ ਹੈ।