‘ਆਪ’ ਦੇ ਸਹਿ ਪ੍ਰਭਾਵੀ ਬਣੇ ਰਾਘਵ ਚੱਢਾ 2 ਰੋਜ਼ਾ ਪੰਜਾਬ ਦੌਰੇ ਉਤੇ ਅੰਮ੍ਰਿਤਸਰ ਪਹੁੰਚੇ

ਏਜੰਸੀ

ਖ਼ਬਰਾਂ, ਪੰਜਾਬ

‘ਆਪ’ ਦੇ ਸਹਿ ਪ੍ਰਭਾਵੀ ਬਣੇ ਰਾਘਵ ਚੱਢਾ 2 ਰੋਜ਼ਾ ਪੰਜਾਬ ਦੌਰੇ ਉਤੇ ਅੰਮ੍ਰਿਤਸਰ ਪਹੁੰਚੇ

image

ਸ੍ਰੀ ਹਰਿਮੰਦਰ ਸਾਹਿਬ ਅਤੇ ਦੁਰਗਿਆਣਾ ਮੰਦਰ ਹੋਏ ਨਤਮਸਤਕ
 

ਅੰਮ੍ਰਿਤਸਰ, 1 ਜਨਵਰੀ (ਅਮਨਦੀਪ ਸਿੰਘ ਕੱਕੜ): ਦਿੱਲੀ ਦੇ ਆਮ ਆਦਮੀ ਦੇ ਨਵ-ਨਿਯੁਕਤ ਸਹਿ ਪ੍ਰਭਾਵੀ ਰਾਘਵ ਚੱਢਾ ਅੱਜ ਪੰਜਾਬ ਦੇ 2 ਰੋਜ਼ਾ ਦੌਰੇ ਉਤੇ ਗੁਰੂ ਕੀ ਨਗਰੀ ਅੰਮ੍ਰਿਤਸਰ ਪਹੁੰਚੇ। ਏਅਰਪੋਰਟ ਉਤੇ ਪੰਜਾਬ ਦੇ ਵਿਧਾਇਕਾਂ ਸੀਨੀਅਰ ਆਗੂਆਂ ਅਤੇ ਵਲੰਟੀਅਰਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਗੁਰੂ ਕੀ ਨਗਰੀ ਪੁਹੰਚਣ ਉਤੇ ਸੱਭ ਤੋਂ ਪਹਿਲਾਂ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕੀਤਾ। ਇਸ ਪਿਛੋਂ ਉਹ ਦੁਰਗਿਆਣਾ ਮੰਦਰ ਵਿਚ ਵੀ ਗਏ, ਉਥੇ ਵੀ ਉਨ੍ਹਾਂ ਪੰਜਾਬ ਦੀ ਖ਼ੁਸ਼ਹਾਲੀ ਲਈ ਪ੍ਰਾਰਥਨਾ ਕੀਤੀ। ਇਸ ਮੌਕੇ ਉਨ੍ਹਾਂ ਵਾਹਿਗੁਰੂ ਅੱਗੇ ਅਰਦਾਸ ਕਤਿੀ ਕਿ ਅੱਜ ਕੜਾਕੇ ਦੀ ਠੰਢ ਵਿਚ ਖੁਲ੍ਹੇ ਅਸਮਾਨ ਹੇਠ ਜੋ ਕਿਸਾਨ ਅਪਣੀਆਂ ਮੰਗਾਂ ਲਈ ਅੰਦੋਲਨ ਕਰ ਰਹੇ ਹਨ, ਉਨ੍ਹਾਂ ਦੀਆਂ ਮੰਗਾਂ ਛੇਤੀ ਮੰਨੀਆਂ ਜਾਣ। ਸ੍ਰੀ ਹਰਿਮੰਦਰ ਸਾਹਿਬ ਵਿਖੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਦੋਵਾਂ ਧਾਰਮਕ ਸਥਾਨਾਂ ਵਿਖੇ ਨਤਮਸਤਕ ਹੋਣ ਤੋਂ ਬਾਅਦ ਉਨ੍ਹਾਂ ਪੱਤਰਕਾਰਾਂ ਨਾਲ ਪ੍ਰੈੱਸ ਵਾਰਤਾ ਕੀਤੀ। ਇਸ ਸਮੇਂ ਉਨ੍ਹਾਂ ਸੱਭ ਤੋਂ ਪਹਿਲਾਂ ਪੰਜਾਬ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿਤੀ। ਉਨ੍ਹਾਂ ਕਾਂਗਰਸ ਸਰਕਾਰ ਅਤੇ ਅਕਾਲੀ ਦਲ ਬਾਦਲ ਦੀ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ, ਕਿਉਂਕਿ ਜਦੋਂ ਇਹ ਤਿੰਨੇ ਬਿਲ ਪਾਸ ਹੋਣ ਜਾ ਰਹੇ ਸਨ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਸ ਮੀਟਿੰਗ ਵਿਚ ਸਨ। ਅਕਾਲੀ ਦਲ ਬਾਦਲ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਦੀ ਹਾਜ਼ਰੀ ਵਿਚ ਇਹ ਬਿਲ ਪਾਸ ਹੋਏ। ਜਦੋਂ ਪੰਜਾਬ ਵਿਚ ਕਿਸਾਨਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਕੇਂਦਰ ਤੋਂ ਅਸਤੀਫ਼ਾ ਦੇ ਦਿਤਾ।