ਬਿਨ੍ਹਾਂ ਚੋਣ ਲੜੇ ਕਰਾਂਗਾ ਕਿਸਾਨਾਂ ਦੀ ਕਾਨੂੰਨੀ ਮਦਦ: ਐਡਵੋਕੇਟ ਨਵਕਿਰਨ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨ ਮੋਰਚੇ 'ਚ ਸਾਥ ਦੇਣ ਤੋਂ ਬਾਅਦ ਵਕੀਲਾਂ ਵੱਲੋਂ ਕਿਸਾਨਾਂ ਦਾ ਸਿਆਸਤ 'ਚ ਸਾਥ ਦੇਣ ਦਾ ਐਲਾਨ

Advocate Navkiran Singh

 

ਚੰਡੀਗੜ੍ਹ - ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿਚ ਕਿਸਾਨ ਅੰਦੋਲਨ ਨਾਲ ਜੁੜੇ ਐਡਵੋਕੇਟਸ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਉਹਨਾਂ ਨੇ ਜਥੇਬੰਦੀਆਂ ਵੱਲੋਂ ਚੋਣਾਂ ਲੜਨ ਦੇ ਫੈਸਲੇ ਨੂੰ ਸਹੀ ਠਹਿਰਾਇਆ ਤੇ ਕਿਹਾ ਕਿ ਅੰਦੋਲਨ ਤੋਂ ਬਾਅਦ ਹੁਣ ਚੋਣਾਂ 'ਚ ਵੀ ਵਕੀਲ ਕਿਸਾਨਾਂ ਦਾ ਡੱਟ ਕੇ ਸਾਥ ਦੇਣਗੇ। ਕਿਸਾਨਾਂ ਵੱਲੋਂ ਸਿਆਸਤ 'ਚ ਆਉਣਾ ਠੀਕ ਹੈ ਅਤੇ ਸੱਤਾ ਦੀ ਕੁਰਸੀ ਨਾਲ ਹੀ ਮਸਲੇ ਹੱਲ ਹੋਣਗੇ। ਐਡਵੋਕੇਟ ਨਵਕਿਰਨ ਸਿੰਘ ਨੇ ਕਿਹਾ ਕਿ ਅਸੀਂ ਇਹ ਗੱਲ ਮੰਨਦੇ ਹਾਂ ਕਿ ਜਿੰਨੇ ਵੀ ਲੋਕ ਐੱਮਐੱਲਏ ਜਾਂ ਐੱਮਪੀ ਬਣਦੇ ਨੇ ਫਿਰ ਚਾਹੇ ਉਹ ਕਿਸਾਨਾਂ ਨਾਲ ਸਬੰਧ ਰੱਖਦੇ ਹੋਣ ਪਰ ਉਹ ਕਦੇ ਵੀ ਕਿਸਾਨਾਂ ਦੇ ਹੱਕ ਦੀ ਗੱਲ ਨਹੀਂ ਕਰਦੇ ਤੇ ਹੁਣ ਸਮਾਂ ਆ ਗਿਆ ਹੈ ਕਿ ਕਿਸਾਨਾਂ ਨੂੰ ਅਪਣੀ ਗੱਲ ਰੱਖਣ ਲਈ ਤੇ ਮੰਨਵਾਉਣ ਲਈ ਅਪਣੇ ਨੁਮਾਇੰਦੇ ਪੇਸ਼ ਕਰਨੇ ਪੈਣੇ ਹਨ।

ਨਵਕਿਰਨ ਸਿੰਘ ਨੇ ਕਿਹਾ ਕਿ ਜਥੇਬੰਦੀਆਂ ਦੀ ਵੱਖਰੀਆਂ ਪਾਰਟੀਆਂ ਨਾਲ ਗੱਲ ਚੱਲ ਰਹੇ ਹੈ ਤੇ ਉਹਨਾਂ ਦੇ ਸੁਝਾਅ ਜਿਸ ਪਾਰਟੀ ਨਾਲ ਮਿਲਦੇ ਹੋਣਗੇ ਉਹਨਾਂ ਨਾਲ ਗਠਜੋੜ ਕਰਨ ਦੀ ਉਹਨਾਂ ਦੀ ਅਪਣੀ ਸਿਆਣਪ ਹੋਵੇਗੀ। ਉਹਨਾਂ ਕਿਹਾ ਕਿਸਾਨ ਜਿੰਨੀਆਂ ਮਰਜ਼ੀਆਂ ਸੀਟਾਂ 'ਤੇ ਚੋਣ ਲੜਨ ਅਸੀਂ ਉਹਨਾਂ ਦਾ ਹਰ ਤਰੀਕੇ ਨਾਲ ਸਾਥ ਦੇਵਾਂਗੇ ਕਿਉਂਕਿ ਅਸੀਂ ਹੁਣ ਤੱਕ ਦੀਆਂ ਪਾਰਟੀਆਂ ਦੇਖੀਆਂ ਹੀ ਹਨ  ਉਹਨਾਂ ਦੇ ਨੁਮਾਇੰਦੇ ਦੇਖੇ ਹਨ, ਉਹ ਸਾਰੇ ਹੀ ਕੋਰਪਸ਼ਨ ਵਿਚ ਲਿਪਤ ਹਨ। ਜੋ ਕਿਸੇ ਨੂੰ ਟਿਕਟ ਨਹੀਂ ਦਿੱਤੀ ਜਾਂਦੀ ਉਹ ਨਾਰਾਜ਼ ਹੋ ਜਾਂਦਾ ਹੈ ਜਾਂ ਪਾਰਟੀ ਬਦਲ ਲੈਂਦਾ ਹੈ

ਪਰ ਕਿਸਾਨਾਂ ਦੇ ਹੱਕ 'ਚ ਫਿਰ ਵੀ ਕੁੱਝ ਨਹੀਂ ਨਿਕਲ ਕੇ ਆਉਂਦਾ। ਐਡਵੋਕੇਟ ਨਵਕਿਰਨ ਨੇ ਕਿਹਾ ਕਿ ਜਿਹੜੀਆਂ ਜਥੇਬੰਦੀਆਂ ਚੋਣਾਂ ਲੜਨ ਦੇ ਮੂਡ ਵਿਚ ਹਨ ਅਸੀਂ ਉਹਨਾਂ ਦੀ ਹਰ ਤਰੀਕੇ ਨਾਲ ਮਦਦ ਕਰਾਂਗੇ। ਵਕੀਲ ਹੋਣ ਦੇ ਨਾਤੇ ਅਸੀਂ ਉਹਨਾਂ ਨੂੰ ਹਰ ਲੀਗਲ ਸਹਾਇਤਾ ਦੇਵਾਂਗੇ ਜਿਵੇਂ ਅਸੀਂ ਪਿਛਲੇ ਇਕ ਸਾਲ ਤੋਂ ਦਿੰਦੇ ਆ ਰਹੇ ਹਾਂ।

ਉਹਨਾਂ ਨੇ ਕਿਸਾਨਾਂ ਨੂੰ ਇਹ ਵੀ ਸਲਾਹ ਦਿੱਤੀ ਕਿ ਸੰਯੁਕਤ ਸਮਾਜ ਮੋਰਚਾ ਇਸ ਗੱਲ ਦਾ ਧਿਆਨ ਰੱਖੇ ਕਿ ਜੇ ਹੁਣ ਉਹ ਰਾਜਨੀਤੀ ਵਿਚ ਆਏ ਹਨ ਤਾਂ ਕਿਸੇ ਵੀ ਤਰ੍ਹਾਂ ਨਾਲ ਕਿਸਾਨ ਅੰਦੋਲਨ ਜਿਸ ਨੂੰ ਮੁਲਤਵੀ ਕੀਤਾ ਗਿਆ ਹੈ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਢਾਹ ਨਾ ਲੱਗੇ। ਉਹਨਾਂ ਕਿਹਾ ਕਿ ਕਿਸਾਨ ਅਪਣੇ ਮੁੱਦਿਆਂ ਨੂੰ ਧਿਆਨ ਵਿਚ ਰੱਖਣ ਅਤੇ ਇਕ ਸਾਫ਼ ਰਾਜਨੀਤੀ ਲੈ ਕੇ ਆ ਸਕੀਏ, ਕੁੱਝ ਬਦਲਾਅ ਲੈ ਕੇ ਆ ਸਕੀਏ। ਉਹਨਾਂ ਨੇ ਕਿਸਾਨਾਂ ਦਾ ਹਰ ਤਰੀਕੇ ਨਾਲ ਸਾਥ ਦੇਣ ਦਾ ਵਾਅਦਾ ਕੀਤਾ ਤੇ ਕਿਸਾਨਾਂ ਦੇ ਇਸ ਫੈਸਲੇ ਦਾ ਸਵਾਗਤ ਕੀਤਾ।