ਠੇਕਾ ਮੁਲਾਜ਼ਮਾਂ ਵਲੋਂ ਲਾਏ ਧਰਨੇ ਕਾਰਨ ਜਾਮ ’ਚ ਫਸੀ ਐਂਬੂਲੈਂਸ, ਇਕ ਮਹੀਨੇ ਦੇ ਬੱਚੇ ਦੀ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਠੇਕਾ ਮੁਲਾਜ਼ਮਾਂ ਵਲੋਂ ਲਾਏ ਧਰਨੇ ਕਾਰਨ ਜਾਮ ’ਚ ਫਸੀ ਐਂਬੂਲੈਂਸ, ਇਕ ਮਹੀਨੇ ਦੇ ਬੱਚੇ ਦੀ ਮੌਤ

image

ਖੰਨਾ, 2 ਜਨਵਰੀ (ਧਰਮਿੰਦਰ) : ਵਿਧਾਨ ਸਭਾ ਚੋਣਾਂ ਨੇੜੇ ਆਉਂਦੇ ਹੀ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਠੇਕਾ ਮੁਲਾਜ਼ਮ ਅਪਣੀਆਂ ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਹਨ। 
ਸਰਕਾਰ ਦੇ 11 ਵਿਭਾਗਾਂ ਦੇ ਠੇਕਾ ਮੁਲਾਜ਼ਮ ਖੰਨਾ ’ਚ ਐਤਵਾਰ ਨੂੰ ਨੈਸ਼ਨਲ ਹਾਈਵੇ ’ਤੇ ਬੈਠ ਗਏ ਹਨ। ਇਨ੍ਹਾਂ ਮੁਲਾਜ਼ਮਾਂ ਨੇ ਅੰਮ੍ਰਿਤਸਰ-ਦਿੱਲੀ ਹਾਈਵੇ ਜਾਮ ਕਰ ਦਿਤਾ ਹੈ। ਇਸ ਨਾਲ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ ਹਨ, ਉਥੇ ਹੀ ਠੇਕਾ ਮੁਲਾਜ਼ਮਾਂ ਦੇ ਇਸ ਧਰਨੇ ਕਾਰਨ ਲੱਗੇ ਜਾਮ ’ਚ ਫਸੀ ਐਂਬੂਲੈਂਸ ’ਚ ਇਕ ਮਹੀਨੇ ਦੇ ਬੱਚੇ ਦੀ ਮੌਤ ਹੋ ਗਈ। 
ਪਿੰਡ ਮੋਹਨਪੁਰ ਦਾ ਰਹਿਣ ਵਾਲਾ ਪਰਵਾਰ ਤਬੀਅਤ ਵਿਗੜਨ ’ਤੇ ਐਂਬੂਲੈਂਸ ’ਚ ਬੱਚੇ ਨੂੰ ਲੈ ਕੇ ਹਸਪਤਾਲ ਜਾ ਰਹੇ ਸਨ। ਵੈਨ ਡਰਾਈਵਰ ਨੇ ਕਿਹਾ ਕਿ ਉਨ੍ਹਾਂ ਵਲੋਂ ਮਿੰਨਤ ਕਰਨ ’ਤੇ ਵੀ ਧਰਨਾਕਾਰੀਆਂ ਨੇ ਰਸਤਾ ਨਹੀਂ ਦਿਤਾ ਤੇ ਜਦੋਂ ਤਕ ਉਹ ਜਾਮ ’ਚੋਂ ਨਿਕਲੇ, ਉਦੋਂ ਤਕ ਬੱਚੇ ਦੀ ਮੌਤ ਹੋ ਚੁੱਕੀ ਸੀ। ਉਥੇ ਹੀ ਟ੍ਰੈਫਿਕ ਨੂੰ ਲਿੰਕ ਸੜਕਾਂ ਤੋਂ ਡਾਇਵਰਟ ਕਰ ਕੇ ਕਢਿਆ ਜਾ ਰਿਹਾ ਹੈ। ਠੇਕਾ ਮੁਲਾਜ਼ਮਾਂ ਨੇ 16 ਦਸੰਬਰ ਨੂੰ ਇਸੇ ਥਾਂ ’ਤੇ ਹਾਈਵੇਅ ਜਾਮ ਕੀਤਾ ਸੀ ਤੇ ਉਹ ਅਗਲੇ ਦਿਨ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਗੱਲਬਾਤ ਕਰਵਾਉਣ ਤੇ ਮੀਟਿੰਗ ਤੈਅ ਕਰਨ ਮਗਰੋਂ ਉਥੋਂ ਹਟੇ ਸਨ। ਪਰ ਸਰਕਾਰ ਨਾਲ ਗੱਲਬਾਤ ਬੇਸਿੱਟਾ ਰਹਿਣ ਤੋਂ ਬਾਅਦ ਮੁਲਾਜ਼ਮ ਮੁੜ ਅੰਦੋਲਨ ਦੇ ਰਾਹ ਪੈ ਗਏ ਹਨ।
ਫੋਟੋ : ਖੰਨਾ ਏ