ਬੀਜੇਪੀ 70-75 ਸੀਟਾਂ, ਕੈਪਟਨ-ਢੀਂਡਸਾ ਗਰੁਪ 40-42 'ਤੇ ਚੋਣ ਲੜ ਸਕਦੇ ਨੇ

ਏਜੰਸੀ

ਖ਼ਬਰਾਂ, ਪੰਜਾਬ

ਬੀਜੇਪੀ 70-75 ਸੀਟਾਂ, ਕੈਪਟਨ-ਢੀਂਡਸਾ ਗਰੁਪ 40-42 'ਤੇ ਚੋਣ ਲੜ ਸਕਦੇ ਨੇ

image

6 ਮੈਂਬਰੀ ਤਾਲਮੇਲ ਕਮੇਟੀ ਦੀ ਬੈਠਕ ਯੂ.ਟੀ. ਗੈਸਟ ਹਾਊਸ ਵਿਚ

ਚੰਡੀਗੜ੍ਹ, 2 ਜਨਵਰੀ (ਜੀ.ਸੀ.ਭਾਰਦਵਾਜ): ਪਿਛਲੇ ਹਫ਼ਤੇ ਨਵੀਂ ਦਿੱਲੀ ਵਿਚ ਬੀਜੇਪੀ ਪ੍ਰਧਾਨ ਜੇ.ਪੀ. ਨੱਡਾ ਤੇ ਅਮਿਤ ਸ਼ਾਹ ਦੀ ਕੈਪਟਨ ਅਮਰਿੰਦਰ ਸਿੰਘ ਤੇ ਸੁਖਦੇਵ ਸਿੰਘ ਢੀਂਡਸਾ ਨਾਲ ਹੋਈ ਅਹਿਮ ਬੈਠਕ ਉਪਰੰਤ ਪੰਜਾਬ ਵਿਧਾਨ ਸਭਾ ਚੋਣਾਂ ਵਾਸਤੇ ਉਮੀਦਵਾਰਾਂ ਦੀ ਚੋਣ, ਸੀਟਾਂ ਦੇ ਲੈਣ ਦੇਣ, ਪੰਜਾਬ ਦੇ ਭਵਿੱਖ ਵਾਸਤੇ ਤਿੰਨ ਪਾਰਟੀ ਗੁੱਟ ਦੀ ਚੋਣ ਨੀਤੀ ਤੈਅ ਕਰਨ ਤੇ ਵਿਸ਼ੇਸ਼ ਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 5 ਜਨਵਰੀ ਬੁਧਵਾਰ ਦੀ ਫ਼ਿਰੋਜ਼ਪੁਰ ਫੇਰੀ ਬਾਰੇ ਅੱਜ ਯੂ.ਟੀ. ਗੈਸਟ ਹਾਊਸ ਵਿਚ ਘੰਟਿਆਂਬੱਧੀ ਪਹਿਲੀ ਬੈਠਕ ਹੋਈ |
ਬੈਠਕ ਤੋਂ ਬਾਹਰ ਆ ਕੇ ਸਾਬਕਾ ਖ਼ਜ਼ਾਨਾ ਮੰਤਰੀ ਅਤੇ 6 ਮੈਂਬਰੀ ਤਾਲਮੇਲ ਕਮੇਟੀ ਦੇ ਵਿਸ਼ੇਸ਼ ਮੈਂਬਰ, ਸ. ਪਰਮਿੰਦਰ ਸਿੰਘ ਢੀਂਡਸਾ ਨੇ ਰੋਜ਼ਾਨਾ ਸਪੋਕਸਮੈਨ ਨੂੰ  ਦਸਿਆ ਕਿ ਨੈਸ਼ਨਲ ਪਾਰਟੀ ਬੀਜੇਪੀ ਦੀ ਅਗਵਾਈ ਵਿਚ ਪੰਜਾਬ ਲੋਕ ਕਾਂਗਰਸ ਅਤੇ ਸੰਯੁਕਤ ਅਕਾਲੀ ਦਲ, ਤਿੰਨੋਂ ਪਾਰਟੀਆਂ, ਪੰਜਾਬ ਵਿਧਾਨ ਸਭਾ ਚੋਣਾਂ ਵਿਚ ਬਹੁਮਤ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੇਗਾ |

ਸ. ਢੀਂਡਸਾ ਨੇ ਕਿਹਾ ਕਿ ਬੁਧਵਾਰ ਨੂੰ  ਹੋਣ ਵਾਲੀ ਮੋਦੀ ਦੀ ਰੈਲੀ ਵਿਚ ਪੰਜਾਬ ਲੋਕ ਕਾਂਗਰਸ ਤੇ ਸੰਯੁਕਤ ਅਕਾਲੀ ਦਲ ਦੇ ਮੁੱਖ ਲੀਡਰ, ਹਮ ਖ਼ਿਆਲੀ ਜਥੇਬੰਦੀਆਂ ਦੇ ਨੇਤਾ ਤੇ ਵਰਕਰ ਹੁੰਮ ਹੁਮਾ ਕੇ ਹਿੱਸਾ ਲੈਣਗੇ | ਇਨ੍ਹਾਂ ਤਿੰਨੋਂ ਪਾਰਟੀ ਗੁੱਟ ਵਿਚ ਸੀਟਾਂ ਦੀ ਗਿਣਤੀ ਅਤੇ ਚੋਣ ਸਮਝੌਤੇ ਸਬੰਧੀ ਪੁਛੇ ਸਵਾਲ 'ਤੇ ਸ. ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਅੱਜ ਦੀ ਬੈਠਕ ਵਿਚ ਮੁੱਖ ਚਰਚਾ ਤਾਂ ਪੰਜਾਬ ਦੇ ਭਵਿੱਖ ਵਾਸਤੇ ਵਿੱਤੀ ਸੰਕਟ, ਬੇਰੁਜ਼ਗਾਰੀ, ਕਿਸਾਨੀ ਮੁੱਦੇ ਅਤੇ ਪੰਜਾਬ ਵਿਚ ਨਿਘਰ ਰਹੀ ਕਾਨੂੰਨ ਵਿਵਸਥਾ ਸਮੇਤ ਭਾਈਚਾਰਕ ਸਾਂਝ ਨੂੰ  ਕਾਇਮ ਰੱਖਣ 'ਤੇ ਕੀਤੀ ਗਈ |
ਸ.ਢੀਂਡਸਾ ਨੇ ਕਿਹਾ ਕਿ ਪਿਛਲੀਆਂ ਤੇ ਮੌਜੂਦਾ ਪੰਜਾਬ ਸਰਕਾਰਾਂ ਨੇ ਪੰਜਾਬ ਦੇ ਵਿੱਤੀ ਤੇ ਕੁਦਰਤੀ ਸਰੋਤਾਂ ਨੂੰ  ਸੰਭਾਲਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ | ਜ਼ਿਕਰਯੋਗ ਹੈ ਕਿ ਨੈਸ਼ਨਲ ਪੱਧਰ ਦੀ ਮਜ਼ਬੂਤ ਪਾਰਟੀ ਬੀਜੇਪੀ ਕੁਲ 117 ਸੀਟਾਂ ਵਿਚੋਂ 70-75 ਸੀਟਾਂ 'ਤੇ ਅਪਣੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰਨਾ ਚਾਹੁੰਦੀ ਹੈ ਜਦੋਂ ਕਿ ਬਾਕੀ ਦੋਵੇਂ ਪੰਜਾਬ ਲੋਕ ਕਾਂਗਰਸ ਅਤੇ ਸੰਯੁਕਤ ਅਕਾਲੀ ਦਲ, ਬਾਕੀ 42 ਸੀਟਾਂ ਵਿਚੋਂ ਅੱਧੀਆਂ ਅੱਧੀਆਂ ਜਾਂ 25-17 ਦੇ ਅਨੁਪਾਤ ਨਾਲ ਅਪਣੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰਨਗੀਆਂ | ਅੱਜ ਦੀ ਤਾਲਮੇਲ ਕਮੇਟੀ ਬੈਠਕ ਵਿਚ ਸੰਯੁਕਤ ਅਕਾਲੀ ਦਲ ਵਲੋਂ ਪਰਮਿੰਦਰ ਸਿੰਘ ਢੀਂਡਸਾ ਤੇ ਜਸਟਿਸ ਨਿਰਮਲ ਸਿੰਘ, ਪੰਜਾਬ ਲੋਕ ਕਾਂਗਰਸ ਵਲੋਂ ਸ. ਰਣਇੰਦਰ ਸਿੰਘ ਤੇ ਟੀ.ਐਸ. ਸ਼ੇਰਗਿੱਲ (ਸੇਵਾ ਮੁਕਤ ਮੇਜਰ) ਅਤੇ ਬੀਜੇਪੀ ਵਲੋਂ ਜਨਰਲ ਸਕੱਤਰ ਸੁਭਾਸ਼ ਸ਼ਰਮਾ ਤੇ ਦਿਆਲ ਸੋਢੀ ਨੇ ਹਿੱਸਾ ਲਿਆ | ਚੋਣਾਂ ਦੇ ਸਬੰਧ ਵਿਚ ਇਸ ਤਾਲਮੇਲ ਕਮੇਟੀ ਦੀ ਬੈਠਕ ਮੋਦੀ ਰੈਲੀ ਉਪਰੰਤ ਸ਼ੁਕਰਵਾਰ ਜਾਂ ਸਨਿਚਰਵਾਰ ਚੰਡੀਗੜ੍ਹ ਵਿਚ ਹੋਵੇਗੀ |
ਫ਼ੋਟੋ: ਸੁਭਾਸ਼ ਸ਼ਰਮਾ, ਦਿਆਲ ਸੋਢੀ,ਰਣਇੰਦਰ ਸਿੰਘ, ਟੀ.ਐਸ. ਸ਼ੇਰਗਿੱਲ, ਪਰਮਿੰਦਰ ਢੀਂਡਸਾ, ਜੱਜ ਨਿਰਮਲ ਸਿੰਘ