ਦਾਸਤਾਨ-ਏ-ਸ਼ਹਾਦਤ ਵੇਖਣ ਲਈ ਉਮੜਿਆ ਸੰਗਤਾਂ ਦਾ ਸੈਲਾਬ

ਏਜੰਸੀ

ਖ਼ਬਰਾਂ, ਪੰਜਾਬ

ਦਾਸਤਾਨ-ਏ-ਸ਼ਹਾਦਤ ਵੇਖਣ ਲਈ ਉਮੜਿਆ ਸੰਗਤਾਂ ਦਾ ਸੈਲਾਬ

image

ਹੁਣ ਤਕ ਦੇਸ਼ ਵਿਦੇਸ਼ ਤੋਂ 37 ਹਜ਼ਾਰ ਤੋਂ ਵੱਧ ਸੰਗਤਾਂ ਨੇ ਦਰਸ਼ਨ ਕੀਤੇ 

ਚਮਕੌਰ ਸਾਹਿਬ, 2 ਜਨਵਰੀ  (ਲੱਖਾ) : ਨਵੇਂ ਸਾਲ ਮੌਕੇ ਦਾਸਤਾਨ-ਏ-ਸ਼ਹਾਦਤ (ਥੀਮ ਪਾਰਕ) ਵੇਖਣ ਲਈ ਜਿਥੇ ਸੰਗਤਾਂ ਦਾ ਸੈਲਾਬ ਉਮੜਿਆ, ਉੱਥੇ ਹੀ ਲੰਮੀਆਂ ਕਤਾਰਾਂ ਵਿਚ ਖੜੇੇ ਵਾਰੀ ਦੀ ਉਡੀਕ ਕਰ ਰਹੇ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। 
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ 19 ਨਵੰਬਰ 2021 ਤੋਂ ਸੰਗਤਾਂ ਦੇ ਸਪੁਰਦ ਕੀਤੇ ਗਏ ਥੀਮ ਪਾਰਕ ਵਿਚ ਰੋਜ਼ਾਨਾ ਹੀ ਸੰਗਤਾਂ ਦੀ ਆਮਦ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਉੱਥੇ ਹੀ ਸ਼ਹੀਦੀ ਜੋੜ ਮੇਲ ਤੋਂ ਲੈ ਕੇ ਹੁਣ ਤਕ ਦੇਸ਼ ਵਿਦੇਸ਼ ਤੋਂ 37 ਹਜ਼ਾਰ ਤੋਂ ਵੱਧ ਸੰਗਤਾਂ ਥੀਮ ਪਾਰਕ ਦੇ ਦਰਸ਼ਨ ਕਰ ਚੁੱਕੀਆਂ ਹਨ। ਸੈਰ ਸਪਾਟਾ ਵਿਭਾਗ ਦੇ ਐਕਸੀਅਨ ਬੀ.ਐਸ. ਚਾਨਾ, ਐਸ.ਡੀ.ਓ. ਸੁਰਿੰਦਰਪਾਲ ਸਿੰਘ ਅਤੇ ਜੇਈ ਅੰਮ੍ਰਿਤਪਾਲ ਸਿੰਘ ਨੇ ਦਸਿਆ ਕਿ ਥੀਮ ਪਾਰਕ ਵਿਚ ਸਿੱਖ ਇਤਿਹਾਸ ਨੂੰ ਦਰਸਾਉਂਦੀਆਂ ਬਣਾਈਆਂ ਗਈਆਂ 11 ਗੈਲਰੀਆਂ ਵਿਚ ਇਕ ਸਮੇਂ ਦੌਰਾਨ 40 ਵਿਅਕਤੀਆਂ ਨੂੰ ਦਾਸਤਾਨ-ਏ-ਸ਼ਹਾਦਤ ਦੇ ਦਰਸ਼ਨ ਕਰਵਾਏ ਜਾਂਦੇ ਹਨ। ਉਨ੍ਹਾਂ ਦਸਿਆ ਕਿ 11 ਗੈਲਰੀਆਂ ਤੋਂ ਇਲਾਵਾ ਥੀਮ ਪਾਰਕ ਵਿਚ ਜੋ ਵੀ ਸਿੱਖ ਇਤਿਹਾਸ ਨੂੰ ਦਰਸਾਉਂਦੇ ਪ੍ਰਾਜੈਕਟ ਤਿਆਰ ਕੀਤੇ ਗਏ ਹਨ, ਉਹ ਵੀ ਸੰਗਤਾਂ ਨੂੰ ਨਾਲ ਦੀ ਨਾਲ ਵਿਖਾਏ ਜਾ ਰਹੇ ਹਨ। ਥੀਮ ਪਾਰਕ ਦੇਖਣ ਆਏ ਸ਼ਰਧਾਲੂ ਸੁਰਮੁੱਖ ਸਿੰਘ, ਰਣਵੀਰ ਸਿੰਘ, ਬਲਦੇਵ ਰਾਜ, ਸੁਨੀਤਾ ਦੇਵੀ ਅਤੇ ਰਾਜ ਕੁਮਾਰ ਆਦਿ ਨੇ ਕਿਹਾ ਕਿ ਜਿਥੇ ਪੰਜਾਬ ਸਰਕਾਰ ਨੇ ਇਸ ਪ੍ਰਾਜੈਕਟ ਨੂੰ ਬਣਾ ਕੇ ਨੌਜਵਾਨ ਪੀੜ੍ਹੀ ਹੀ ਨਹੀਂ ਬਲਕਿ ਛੋਟੀ ਉਮਰ ਦੇ ਬੱਚਿਆਂ ਤੋਂ ਬਜ਼ੁਰਗਾਂ ਲਈ ਇਕ ਮਹਾਨ ਉਪਰਾਲਾ ਕੀਤਾ ਹੈ ਉੱਥੇ ਹੀ ਇਥੇ ਤੈਨਾਤ ਕੀਤਾ ਗਿਆ ਸਟਾਫ਼ ਅਤੇ ਰੱਖ-ਰਖਾਅ ਦਾ ਕੰਮ ਵੀ ਓਨੀ ਹੀ ਸ਼ਿੱਦਤ ਨਾਲ ਨਿਭਾਇਆ ਜਾ ਰਿਹਾ ਹੈ, ਜੋ ਕਿ ਸ਼ਲਾਘਾਯੋਗ ਹੈ। ਉਕਤ ਅਧਿਕਾਰੀਆਂ ਨੇ ਦਸਿਆ ਕਿ ਮੁੱਖ ਮੰਤਰੀ ਚੰਨੀ ਨੇ ਅੱਜ ਦੀ ਆਮਦ ਤੇ ਕਿਹਾ ਕਿ ਥੀਮ ਪਾਰਕ ਵੇਖਣ ਤੋਂ ਵਾਰੀ ਨਾ ਆਉਣ ਕਾਰਨ ਸ਼ਰਧਾਲੂਆਂ ਦੀ ਲੋੜ ਅਨੁਸਾਰ ਇਕ ਸ਼ਿਫਟ ਦੀ ਬਜਾਏ 2 ਸ਼ਿਫਟਾਂ ਵਿਚ 16 ਘੰਟੇ ਚਲਾਉਣ ਦੀ ਤਜਵੀਜ਼ ਤੇ ਵਿਚਾਰ ਕਰ ਕੇ ਤੁਰਤ ਐਲਾਨ ਕਰ ਦਿਤਾ ਜਾਵੇਗਾ।