ਬੇਅਦਬੀ ਅਤੇ ਗੋਲੀਕਾਂਡ ਮੁੱਦਿਆਂ ’ਤੇ ਸਿਆਸਤ ਕਰਨ ਵਾਲਿਆਂ ਦਾ ਹੋਵੇਗਾ ਵਿਰੋਧ : ਨਿਆਮੀਵਾਲਾ

ਏਜੰਸੀ

ਖ਼ਬਰਾਂ, ਪੰਜਾਬ

ਬੇਅਦਬੀ ਅਤੇ ਗੋਲੀਕਾਂਡ ਮੁੱਦਿਆਂ ’ਤੇ ਸਿਆਸਤ ਕਰਨ ਵਾਲਿਆਂ ਦਾ ਹੋਵੇਗਾ ਵਿਰੋਧ : ਨਿਆਮੀਵਾਲਾ

image

ਕੋਟਕਪੂਰਾ, 2 ਜਨਵਰੀ (ਗੁਰਿੰਦਰ ਸਿੰਘ) : ਬੇਅਦਬੀ ਕਾਂਡ ਦਾ ਇਨਸਾਫ਼ ਮੰਗਦੀਆਂ ਸੰਗਤਾਂ ਉਪਰ ਢਾਹੇ ਪੁਲਸੀਆ ਅਤਿਆਚਾਰ ਵਾਲੇ ਮਾਮਲਿਆਂ ਦਾ ਇਨਸਾਫ਼ ਲੈਣ ਲਈ ਪਿਛਲੇ 18 ਦਿਨਾਂ ਤੋਂ ਲਗਾਤਾਰ ਧਰਨੇ ’ਤੇ ਬੈਠੇ ਸੁਖਰਾਜ ਸਿੰਘ ਨਿਆਮੀਵਾਲਾ, ਸਾਧੂ ਸਿੰਘ ਸਰਾਵਾਂ ਸਮੇਤ ਉਨ੍ਹਾਂ ਦੀ ਸਮੁੱਚੀ ਟੀਮ ਨੇ ਅਗਾਮੀ ਵਿਧਾਨ ਸਭਾ ਚੋਣਾ ਵਿਚ ਉਨ੍ਹਾਂ ਸਿਆਸੀ ਪਾਰਟੀਆਂ ਦਾ ਵਿਰੋਧ ਕਰਨ ਦਾ ਫ਼ੈਸਲਾ ਕੀਤਾ ਹੈ, ਜਿਨ੍ਹਾਂ ਨੇ ਬੇਅਦਬੀ ਅਤੇ ਗੋਲੀਕਾਂਡ ਦੇ ਮੁੱਦਿਆਂ ’ਤੇ ਸਿਆਸਤ ਕਰ ਕੇ ਵੋਟਾਂ ਮੰਗੀਆਂ ਜਾਂ ਭਵਿੱਖ ਵਿਚ ਵੋਟਾਂ ਮੰਗਣ ਦੀ ਰਣਨੀਤੀ ਬਣਾਈ। 
ਉਨ੍ਹਾਂ ਦਾਅਵਾ ਕੀਤਾ ਕਿ ਬੇਅਦਬੀ ਅਤੇ ਗੋਲੀਕਾਂਡ ਦੇ ਮੁੱਦਿਆਂ ’ਤੇ ਵੋਟਾਂ ਮੰਗਣ ਵਾਲੇ ਉਮੀਦਵਾਰਾਂ ਦਾ ਪੰਜਾਬ ਭਰ ਦੇ ਸਾਰੇ ਪਿੰਡਾਂ ਵਿਚ ਡੱਟ ਕੇ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਦਸਿਆ ਕਿ ਇਸ ਸਬੰਧੀ ਪਿੰਡਾਂ ਵਿਚ ਬਕਾਇਦਾ ਕਮੇਟੀਆਂ ਬਣਾਈਆਂ ਜਾਣਗੀਆਂ, ਜੋ ਸਿਆਸੀ ਪਾਰਟੀਆਂ ਨੂੰ ਸਵਾਲ-ਜਵਾਬ ਕਰਨਗੀਆਂ ਅਤੇ ਉਕਤ ਮੁੱਦਿਆਂ ’ਤੇ ਸਿਆਸਤ ਕਰਨ ਵਾਲਿਆਂ ਨੂੰ ਸਖ਼ਤੀ ਨਾਲ ਵਰਜਿਆ ਜਾਵੇਗਾ। 
ਸੁਖਰਾਜ ਸਿੰਘ ਨਿਆਮੀਵਾਲਾ ਮੁਤਾਬਕ ਬਾਦਲ ਸਰਕਾਰ, ਕੈਪਟਨ ਸਰਕਾਰ ਅਤੇ ਚੰਨੀ ਸਰਕਾਰ ਨੇ ਇਨਸਾਫ਼ ਦੇਣ ਦੀ ਥਾਂ ਉਲਟਾ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਸਰਕਾਰੀ ਢਿੱਲਮਠ ਵਾਲੇ ਰਵਈਏ ਕਾਰਨ ਬਹੁਤੇ ਦੋਸ਼ੀ ਜ਼ਮਾਨਤਾਂ ਲੈਣ ਵਿਚ ਕਾਮਯਾਬ ਹੋ ਗਏ ਤੇ ਅਦਾਲਤੀ ਘੁੰਮਣਘੇਰੀਆਂ ਕਾਰਨ ਇਨਸਾਫ਼ ਨਹੀਂ ਮਿਲ ਸਕਿਆ। 
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਮੁੱਖ ਮੰਤਰੀ ਦਾ ਚਿਹਰਾ ਬਦਲ ਕੇ ਇਸ ਦੋਸ਼ ਤੋਂ ਮੁਕਤ ਹੋਣ ਦੀ ਕੋਸ਼ਿਸ਼ ਨਾ ਕਰੇ ਕਿਉਂਕਿ ਲੋਕ ਬਹੁਤ ਜਾਗਰੂਕ ਹੋ ਚੁੱਕੇ ਹਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਕੰਵਰਪਾਲ ਸਿੰਘ ਬਿੱਟੂ, ਜਸਵਿੰਦਰ ਸਿੰਘ ਸਾਹੋਕੇ, ਸਾਧੂ ਸਿੰਘ ਸਰਾਵਾਂ, ਬਾਬਾ ਬਲਰਾਜ ਸਿੰਘ, ਮਹਿੰਦਰ ਸਿੰਘ, ਬਾਬਾ ਹਰਦੀਪ ਸਿੰਘ ਮਹਿਰਾਜ, ਜਗਜੀਵਨ ਸਿੰਘ, ਸੁਰਿੰਦਰ ਸਿੰਘ ਸਰਪੰਚ, ਗੁਰਪ੍ਰੀਤ ਸਿੰਘ ਹਰੀਨੌ, ਮਨਜਿੰਦਰ ਸਿੰਘ, ਮੇਘ ਸਿੰਘ ਬੁੱਟਰ, ਸੁਖਮੰਦਰ ਸਿੰਘ ਸਰਪੰਚ, ਦਵਿੰਦਰ ਸਿੰਘ ਸੇਖੋਂ ਆਦਿ ਵੀ ਹਾਜ਼ਰ ਸਨ।