ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਫਾਈਲ ਨੂੰ ਲੈ ਕੇ ਰਾਜਪਾਲ ਨੇ ਦਿੱਤਾ ਸਪੱਸ਼ਟੀਕਰਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੋ ਜਾਣਕਾਰੀ ਮੁੱਖ ਮੰਤਰੀ ਚੰਨੀ ਨੇ 1 ਜਨਵਰੀ ਨੂੰ ਮੀਡੀਆ ਨਾਲ ਸਾਂਝੀ ਕੀਤੀ "ਅਸਲ ਵਿਚ ਗਲਤ" ਹੈ

The Governor gave an explanation regarding the file to confirm the employees

ਚੰਡੀਗੜ੍ਹ: ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਵੱਲੋਂ ਪੰਜਾਬ ਰਾਜਪਾਲ ਬਨਵਾਰੀਲਾਲ ਪੁਰੋਹਿਤ 'ਤੇ ਲਾਏ ਗਏ ਇਲਜ਼ਾਮਾਂ 'ਤੇ ਅੱਜ ਰਾਜਪਾਲ ਨੇ ਜਵਾਬ ਦਿੱਤਾ ਹੈ। ਮੁੱਖ ਮੰਤਰੀ ਚੰਨੀ ਨੇ ਇਹ ਕਿਹਾ ਸੀ ਕਿ ਰਾਜਪਾਲ ਬੀਜੇਪੀ ਨਾਲ ਮਿਲ ਕੇ ਠੇਕਾ ਮੁਲਾਜ਼ਮਾਂ ਦੀ ਫਾਇਲ ਦੱਬੀ ਬੈਠੇ ਹਨ ਤਾਂ ਕਰ ਕੇ ਅੱਗੇ ਕਾਰਵਾਈ ਨਹੀਂ ਹੋ ਰਹੀ।

ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਪੰਜਾਬ 'ਚ ਠੇਕੇ ’ਤੇ ਰੱਖੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਸਬੰਧੀ ਫਾਈਲ ਦੀ ਸਥਿਤੀ ਨੂੰ ਅਪਡੇਟ ਕਰਦਿਆਂ ਇੱਕ ਪ੍ਰੈਸ ਬਿਆਨ ਵਿਚ ਕਿਹਾ ਕਿ ਜੋ ਜਾਣਕਾਰੀ ਮੁੱਖ ਮੰਤਰੀ ਚੰਨੀ ਨੇ 1 ਜਨਵਰੀ ਨੂੰ ਮੀਡੀਆ ਨਾਲ ਸਾਂਝੀ ਕੀਤੀ "ਅਸਲ ਵਿਚ ਗਲਤ" ਹੈ। ਉਨ੍ਹਾਂ ਦੱਸਿਆ ਕਿ ਠੇਕੇ 'ਤੇ ਰੱਖੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਸਬੰਧੀ ਫਾਈਲ ਮੁੱਖ ਮੰਤਰੀ ਪੰਜਾਬ ਦੇ ਦਫ਼ਤਰ ਨੂੰ ਛੇ ਖਾਮੀਆਂ ਦੇ ਨਾਲ ਵਾਪਸ ਭੇਜ ਦਿੱਤੀ ਗਈ ਸੀ, ਜਿਸ ਬਾਰੇ ਸੂਬਾ ਸਰਕਾਰ ਨੂੰ ਸਪੱਸ਼ਟੀਕਰਨ ਦੇਣ ਦੀ ਲੋੜ ਹੈ। ਰਾਜਪਾਲ ਨੇ ਫਾਈਲ 'ਤੇ ਉਠਾਏ ਗਏ ਸਵਾਲਾਂ ਦੀ ਕਾਪੀ ਵੀ ਜਨਤਕ ਕੀਤੀ ਹੈ।

ਇਹ ਫਾਈਲ CMO ਨੂੰ 31 ਦਸੰਬਰ, 2021 ਨੂੰ ਭੇਜ ਦਿੱਤੀ ਸੀ ਅਤੇ ਸਵਾਲਾਂ ਦੇ ਜਵਾਬ ਦੀ ਉਡੀਕ ਹੈ। ਰਾਜਪਾਲ ਨੇ ਕਿਹਾ, "ਮੈਂ ਮੁੱਖ ਮੰਤਰੀ ਨੂੰ ਫਾਈਲ 'ਤੇ ਉਠਾਏ ਗਏ ਸਵਾਲਾਂ ਦਾ ਜਵਾਬ ਦੇਣ ਦੀ ਸਲਾਹ ਦਿੰਦਾ ਹਾਂ। ਉਹਨਾਂ ਕਿਹਾ ਕਿ "ਜਵਾਬ ਆਉਣ ਤੋਂ ਬਾਅਦ, ਰਾਜਪਾਲ ਸਕੱਤਰੇਤ ਵਿਚ ਬਿੱਲ ਦੀ ਮੁੜ ਜਾਂਚ ਕੀਤੀ ਜਾਵੇਗੀ।"

ਜ਼ਿਕਰਯੋਗ ਹੈ ਕਿ ਠੇਕਾ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਸਬੰਧੀ ਬਿੱਲ 11 ਨਵੰਬਰ, 2021 ਨੂੰ ਸੂਬਾ ਵਿਧਾਨ ਸਭਾ 'ਚ ਪਾਸ ਕੀਤਾ ਗਿਆ ਸੀ। ਕਰੀਬ ਵੀਹ ਦਿਨਾਂ ਦੇ ਲੰਬੇ ਸਮੇਂ ਤੋਂ ਬਾਅਦ ਉਕਤ ਫਾਈਲ 1 ਦਸੰਬਰ, 2021 ਨੂੰ ਪੰਜਾਬ ਰਾਜ ਭਵਨ ਨੂੰ ਭੇਜੀ ਗਈ ਸੀ। ਦਸੰਬਰ ਮਹੀਨੇ ਰਾਜਪਾਲ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਦੌਰੇ 'ਤੇ ਸਨ। ਰਾਜਪਾਲ ਨੇ 21 ਦਸੰਬਰ ਨੂੰ ਦੌਰੇ ਦੀ ਸਮਾਪਤੀ ਕੀਤੀ ਅਤੇ ਇਸ ਤੋਂ ਬਾਅਦ 23 ਦਸੰਬਰ ਨੂੰ ਮੁੱਖ ਮੰਤਰੀ ਪੰਜਾਬ ਆਏ ਅਤੇ ਉਨ੍ਹਾਂ ਨੂੰ ਪੰਜਾਬ ਰਾਜ ਭਵਨ ਵਿਖੇ ਮਿਲੇ। ਫਾਈਲ ਦਾ ਸਹੀ ਢੰਗ ਨਾਲ ਅਧਿਐਨ ਕੀਤਾ ਗਿਆ ਸੀ ਅਤੇ 31 ਦਸੰਬਰ, 2021 ਨੂੰ ਨਿਰੀਖਣ/ਸਵਾਲਾਂ ਨਾਲ CMO ਨੂੰ ਵਾਪਸ ਭੇਜ ਦਿੱਤੀ ਗਈ ਸੀ।