ਨਵਜੋਤ ਸਿੱਧੂ ਜਿਥੇ ਤਿੰਨ ਵਾਰ MP ਰਹੇ, ਉਥੇ ਹੀ ਅਪਣੇ ਮਾਡਲ ਦੀ ਝਲਕ ਦਿਖਾ ਦੇਣ : ਰਵਨੀਤ ਬਿੱਟੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਵਨੀਤ ਸਿੰਘ ਬਿੱਟੂ ਨੇ ਪ੍ਰਸ਼ਾਂਤ ਕਿਸ਼ੋਰ ਦੇ ਬਣਾਏ ਮੈਨੀਫ਼ੈਸਟੋ ਨੂੰ ਕੋਸਿਆ, ਕਿਹਾ, ਵੱਡੀਆਂ ਗੱਲਾਂ ਲਿਖ ਕੇ ਉਹ ਚਲਾ ਗਿਆ, ਅਸੀਂ ਉਹ ਮੈਨੀਫ਼ੈਸਟੋ ਅੱਜ ਤਕ ਧੋ ਰਹੇ ਹਾਂ

Ravneet Bittu

 

ਚੰਡੀਗੜ੍ਹ (ਸਸਸ): ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੂਬੇ ਦਾ ਸਿਆਸੀ ਮਾਹੌਲ ਕਾਫ਼ੀ ਭਖਿਆ ਹੋਇਆ ਹੈ। ਹਰ ਸਿਆਸੀ ਪਾਰਟੀ ਅਪਣੀ ਰਣਨੀਤੀ ਘੜ ਰਹੀ ਹੈ ਅਤੇ ਉਮੀਦਵਾਰਾਂ ਨੂੰ ਚੋਣਾਂ ਲਈ ਤਿਆਰ ਕਰ ਰਹੀ ਹੈ। ਇਸ ਦੌਰਾਨ ਪੰਜਾਬ ਵਿਚ ਸੱਤਾਧਾਰੀ ਧਿਰ ਕਾਂਗਰਸ ਅਪਣੀ ਅੰਦਰੂਨੀ ਜੰਗ ਵਿਚ ਉਲਝੀ ਹੋਈ ਹੈ। ਕਾਂਗਰਸ ਦੇ ਅੰਦਰੋਂ ਵੀ ਵਿਰੋਧੀ ਸੁਰਾਂ ਉਠ ਰਹੀਆਂ ਹਨ ਅਤੇ ਬਾਹਰੋਂ ਵੀ। ਇਸ ਸਾਰੇ ਮਸਲੇ ’ਤੇ ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨੇ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨਾਲ ਖ਼ਾਸ ਚਰਚਾ ਕੀਤੀ। ਪੇਸ਼ ਹਨ ਉਨ੍ਹਾਂ ਨਾਲ ਹੋਈ ਗੱਲਬਾਤ ਦੇ ਵਿਸ਼ੇਸ਼ ਅੰਸ਼:

ਸਵਾਲ: ਅੱਜ ਕਾਂਗਰਸ ਵਿਚ ਜੋ ਹਾਲਾਤ ਬਣੇ ਹੋਏ ਨੇ, ਉਸ ਦੇ ਚਲਦਿਆਂ ਕਈ ਸੀਨੀਅਰ ਆਗੂ ਪਾਰਟੀ ਛੱਡ ਗਏ ਨੇ, ਕੁੱਝ ਹੋਰ ਆਗੂਆਂ ਦੇ ਪਾਰਟੀ ਛੱਡਣ ਦੀ ਸੰਭਾਵਨਾ ਵੀ ਦਿਖਾਈ ਦੇ ਰਹੀ ਹੈ। ਤੁਸੀਂ ਇਸ ਸਥਿਤੀ ਨੂੰ ਕਿਵੇਂ ਦੇਖਦੇ ਹੋ?
ਜਵਾਬ: ਦਰਅਸਲ ਇਸ ਵਾਰ ਮਾਰਕੀਟ ਵਿਚ ਖਿਡਾਰੀ ਬਹੁਤ ਨੇ, ਕਈ ਪਾਰਟੀਆਂ ਹਨ ਅਤੇ ਨਵੇਂ ਨਵੇਂ ਬਰੈਂਡ ਆ ਰਹੇ ਹਨ ਤਾਂ ਇਹ ਸੱਭ ਹੋਣਾ ਲਾਜ਼ਮੀ ਹੈ। ਆਉਣ ਵਾਲੇ ਸਮੇਂ ਵਿਚ ਵੀ ਚੈਨਲਾਂ ਨੂੰ ਰੰਗ ਬਿਰੰਗੀਆਂ ਪੱਗਾਂ ਅਤੇ ਰੰਗ ਬਿਰੰਗੇ ਕਪੜਿਆਂ ਵਿਚ ਨਵੇਂ ਲੋਕ ਦਿਖਣਗੇ। 

ਸਵਾਲ: ਬਹੁਤ ਅਜੀਬ ਗੱਲ ਹੈ ਕਿ ਲੋਕਾਂ ਕੋਲ ਮੁੱਖ ਮੰਤਰੀ ਦਾ ਚਿਹਰਾ ਨਹੀਂ ਹੈ ਤੇ ਤੁਹਾਡੇ ਕੋਲ ਮੁੱਖ ਮੰਤਰੀ ਚਿਹਰੇ ਦੇ ਦਾਅਵੇਦਾਰ ਵੀ ਨੇ ਅਤੇ ਹਰ ਸੀਟ ਦੇ ਦਾਅਵੇਦਾਰ ਵੀ ਹਨ। ਤੁਹਾਨੂੰ ਚੰਗਾ ਲੱਗ ਰਿਹਾ ਕਿ ਲੋਕ ਛੱਡ ਕੇ ਜਾ ਰਹੇ ਨੇ ਕਿ ਇਸੇ ਬਹਾਨੇ ਬੋਝ ਘੱਟ ਹੋਵੇਗਾ?
ਜਵਾਬ: ਇਹ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਕਿ ਜਿਹੜੇ ਪ੍ਰਵਾਰਾਂ ਦੀਆਂ ਕਈ ਪੀੜ੍ਹੀਆਂ ਨੇ ਕਾਂਗਰਸ ਦੀ ਸੇਵਾ ਕੀਤੀ, ਜੇਕਰ ਉਹ ਪਾਰਟੀ ਛੱਡ ਕੇ ਚਲੇ ਜਾਣ, ਜਿਵੇਂ ਫ਼ਤਿਹਜੰਗ ਸਿੰਘ ਬਾਜਵਾ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਾਫ਼ੀ ਲੰਮਾ ਸਮਾਂ ਕਾਂਗਰਸ ਵਿਚ ਕੰਮ ਕੀਤਾ। ਕਿਤੇ ਨਾ ਕਿਤੇ ਸਾਡੇ ਅੰਦਰ ਕਮੀਆਂ ਰਹਿ ਜਾਂਦੀਆਂ ਹਨ। ਇਸ ਨਾਲ ਪਾਰਟੀ ਦਾ ਨੁਕਸਾਨ ਜ਼ਰੂਰ ਹੋਵੇਗਾ ਅਤੇ ਭਵਿੱਖ ਵਿਚ ਵੀ ਸੀਨੀਅਰ ਲੀਡਰਸ਼ਿਪ ਨੂੰ ਧਿਆਨ ਰਖਣਾ ਚਾਹੀਦਾ ਹੈ। 

ਸਵਾਲ: ਜਿਹੜੇ ਲੋਕ ਛੱਡ ਕੇ ਗਏ ਨੇ, ਉਹ ਤਾਂ ਇਹੀ ਕਹਿ ਰਹੇ ਨੇ ਕਿ ਕਾਂਗਰਸ ਦੇ ਅੰਦਰ ਜੋ ਚਲ ਰਿਹਾ ਹੈ, ਉਸ ਤੋਂ ਅਸੀਂ ਨਾਖ਼ੁਸ਼ ਹਾਂ। ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਜਿਸ ਤਰ੍ਹਾਂ ਉਤਾਰਿਆ ਗਿਆ, ਉਹ ਉਨ੍ਹਾਂ ਨੂੰ ਚੰਗਾ ਨਹੀਂ ਲੱਗਿਆ ਜਾਂ ਨਵਜੋਤ ਸਿੱਧੂ ਪ੍ਰਤੀ ਉਨ੍ਹਾਂ ਦੇ ਰਵਈਏ ਕਾਰਨ ਉਹ ਕਾਂਗਰਸ ਵਿਰੋਧੀ ਹੋ ਗਏ। ਫ਼ਤਿਹਜੰਗ ਬਾਜਵਾ ਨੇ ਦਸਿਆ ਕਿ ਉਨ੍ਹਾਂ ਨੇ ਸਿੱਧੂ ਨੂੰ ਅਪਣਾ ਇਰਾਦਾ ਦਸਿਆ ਸੀ ਪਰ ਉਨ੍ਹਾਂ ਨੇ ਕੁੱਝ ਨਾ ਕਿਹਾ। ਜਿਸ ਪਾਰਟੀ ਨਾਲ ਤੁਸੀਂ ਕਈ ਸਾਲ ਤਕ ਕੰਮ ਕੀਤਾ, ਉਸ ਨੂੰ ਛਡਣਾ ਸੌਖਾ ਫ਼ੈਸਲਾ ਨਹੀਂ ਹੁੰਦਾ।
ਜਵਾਬ: ਪਾਰਟੀ ਤਾਂ ਇਕ ਮਾਂ ਹੁੰਦੀ ਹੈ, ਉਸ ਨੂੰ ਜੇ ਕੋਈ ਛੱਡ ਕੇ ਜਾਂਦਾ ਤਾਂ ਉਹ ਦਿਲ ਉੱਤੇ ਪੱਥਰ ਰੱਖ ਕੇ ਜਾਂਦਾ ਹੈ। ਸਾਡੀ ਸੀਨੀਅਰ ਲੀਡਰਸ਼ਿਪ ਅੰਬਿਕਾ ਸੋਨੀ, ਸੁਨੀਲ ਜਾਖੜ, ਪ੍ਰਤਾਪ ਸਿੰਘ ਬਾਜਵਾ ਜਾਂ ਹੋਰ ਸੀਨੀਅਰ ਆਗੂਆਂ ਨੂੰ ਇਕੱਠੇ ਬੈਠ ਕੇ ਹਰ ਜ਼ਿਲ੍ਹੇ ਬਾਰੇ ਸੋਚਣਾ ਚਾਹੀਦਾ ਹੈ। ਟਿਕਟ ਵੰਡਣ ਸਮੇਂ ਵੀ ਕਾਂਗਰਸ ਨੂੰ ਬਹੁਤ ਸੰਭਲ ਕੇ ਟਿਕਟਾਂ ਵੰਡਣੀਆਂ ਚਾਹੀਦੀਆਂ ਹਨ ਕਿਉਂਕਿ ਬਹੁਤ ਘੱਟ ਵੋਟਾਂ ਦੇ ਫ਼ਰਕ ਨਾਲ ਜਿੱਤ ਹਾਰ ਦਾ ਫ਼ੈਸਲਾ ਹੋਵੇਗਾ।

ਸਵਾਲ: ਤੁਹਾਡੀਆਂ ਸੁਰਾਂ, ਤੁਹਾਡੀ ਪਾਰਟੀ ਦੀਆਂ ਸੁਰਾਂ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀਆਂ ਸੁਰਾਂ ਵਿਚ ਬਹੁਤ ਫ਼ਰਕ ਹੈ। ਉਨ੍ਹਾਂ ਨੇ ਹੁਣ ਵੀ ਕਿਹਾ ਕਿ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲ ਰਹੀਆਂ, ਇਸ ਲਈ ਉਹ ਜਾ ਰਹੇ ਹਨ।
ਜਵਾਬ: ਸਿੱਧੂ ਸਾਬ੍ਹ ਅਪਣੀ ਥਾਂ ਇਕ ਬਹੁਤ ਵੱਡੇ ਆਈਕਨ ਹਨ ਪਰ ਜਦੋਂ ਤਕ ਤੁਸੀਂ ਪੂਰੇ ਸਮੇਂ ਲਈ ਸਿਆਸਤਦਾਨ ਨਹੀਂ ਹੋ ਉਦੋਂ ਤਕ ਤੁਸੀਂ ਗੰਭੀਰਤਾ ਨਾਲ ਨਹੀਂ ਰਹਿ ਸਕਦੇ। ਮੈਂ ਸਾਰੀਆਂ ਪਾਰਟੀਆਂ ਦੀ ਗੱਲ ਕਰ ਰਿਹਾ ਹਾਂ ਕਿ ਸਿਰਫ਼ ਇਹ ਨਹੀਂ ਦੇਖਣਾ ਚਾਹੀਦਾ ਕਿ ਲੋਕਾਂ ਵਿਚ ਮਸ਼ਹੂਰ ਕੌਣ ਹੈ। ਇਨ੍ਹਾਂ ਲੋਕਾਂ ਜ਼ਰੀਏ ਚੋਣ ਤਾਂ ਜਿੱਤੀ ਜਾ ਸਕਦੀ ਹੈ ਕਿਉਂਕਿ ਲੋਕ ਪਿਆਰ ਕਰਦੇ ਹਨ ਪਰ ਫੁੱਲ ਟਾਈਮ ਪਾਲੀਟੀਸ਼ੀਅਨ ਹੋਣਾ ਬਹੁਤ ਜ਼ਰੂਰੀ ਹੈ, ਜੇਕਰ ਅਸੀਂ ਲੋਕਾਂ ਲਈ ਸਮਾਂ ਕੱਢਾਂਗੇ ਤਾਂ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਾਂਗੇ। ਲੋਕਾਂ ਨੇ ਗੁਰਦਾਸਪੁਰ ਤੋਂ ਸੰਨੀ ਦਿਉਲ ਨੂੰ ਸੰਸਦ ਮੈਂਬਰ ਬਣਾਇਆ ਪਰ ਸੰਸਦ ਵਿਚ ਹੁਣ ਤਕ ਉਹ ਅਤੇ ਸੁਖਬੀਰ ਬਾਦਲ ਸੱਭ ਤੋਂ ਜ਼ਿਆਦਾ ਗ਼ੈਰ ਹਾਜ਼ਰ ਰਹੇ। 

ਸਵਾਲ: ਤੁਹਾਡੀ ਪਾਰਟੀ ਵਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਮਾਡਲ ਲਈ ਚੋਣ ਲੜੀ ਜਾਵੇਗੀ, ਉਹ ਮਾਡਲ ਵੀ ਤਾਂ ਸਿੱਧੂ ਦੇ ਰਹੇ ਨੇ।
ਜਵਾਬ: ਨਵਜੋਤ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਹਨ ਅਤੇ ਉਹ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਦਸਤਖ਼ਤਾਂ ਨਾਲ ਪ੍ਰਧਾਨ ਬਣੇ ਹਨ। ਪੰਜਾਬ ਮਾਡਲ ਕਿਹੜਾ ਮਾਡਲ ਹੈ, ਕੀ ਇਹ ਕਾਂਗਰਸ ਮਾਡਲ ਨਾਲੋਂ ਵਖਰਾ ਹੈ? ਇਕ ਮੈਨੀਫ਼ੈਸਟੋ ਕਮੇਟੀ ਬਣੀ ਹੈ, ਅਜੇ ਤਕ ਇਸ ਕਮੇਟੀ ਦੀ ਕੋਈ ਮੀਟਿੰਗ ਨਹੀਂ ਹੋਈ, ਪ੍ਰਤਾਪ ਸਿੰਘ ਬਾਜਵਾ ਨੂੰ ਇਸ ਦਾ ਚੇਅਰਮੈਨ ਬਣਾਇਆ ਗਿਆ ਹੈ। ਇਸ ਕਮੇਟੀ ਦੀ ਮੀਟਿੰਗ ਵਿਚ ਬੈਠ ਕੇ ਹੀ ਮੈਨੀਫ਼ੈਸਟੋ ਬਣਾਇਆ ਜਾਵੇਗਾ। ਇਸ ਤੋਂ ਪਹਿਲਾਂ ਪ੍ਰਸ਼ਾਂਤ ਕਿਸ਼ੋਰ ਵੱਡੀਆਂ ਗੱਲਾਂ ਲਿਖ ਕੇ ਮੈਨੀਫ਼ੈਸਟੋ ਬਣਾ ਕੇ ਚਲੇ ਗਏ, ਅਸੀਂ ਉਹ ਮੈਨੀਫ਼ੈਸਟੋ ਅੱਜ ਤਕ ਧੋ ਰਹੇ ਹਾਂ। ਕਾਂਗਰਸ ਹਾਈਕਮਾਂਡ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕਾਂਗਰਸ ਵਿਚ ਕੋਈ ਮਾਡਲ ਨਹੀਂ ਹੈ, ਜਿਹੜਾ ਵੀ ਮਾਡਲ ਹੈ ਉਹ ਕਾਂਗਰਸ ਪਾਰਟੀ ਦਾ ਮਾਡਲ ਹੈ। 

ਸਵਾਲ: 5 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਇਕ ਮਾਡਲ ਪੇਸ਼ ਕੀਤਾ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਇਹ ਮਾਡਲ ਡਾ. ਮਨਮੋਹਨ ਸਿੰਘ ਦੀ ਨਿਗਰਾਨੀ ਹੇਠ ਬਣਾਇਆ ਗਿਆ ਹੈ। ਤੁਸੀਂ ਕਹਿੰਦੇ ਹੋ ਕਿ ਉਹ ਪ੍ਰਸ਼ਾਂਤ ਕਿਸ਼ੋਰ ਦਾ ਮਾਡਲ ਸੀ ਅਤੇ ਉਹ ਰੱਦ ਹੋ ਗਿਆ। ਅੱਜ ਤੁਹਾਡੇ ਅਪਣੇ ਪ੍ਰਧਾਨ ਕਹਿ ਰਹੇ ਨੇ ਕਿ ਮੈਂ ਨਵਾਂ ਮਾਡਲ ਲੈ ਕੇ ਆਵਾਂਗਾ। ਉਹ ਸਾਫ਼ ਸ਼ਬਦਾਂ ਵਿਚ ਨਹੀਂ ਕਹਿੰਦੇ ਪਰ ਉਹ ਇਹ ਕਹਿ ਰਹੇ ਨੇ ਕਿ ਮੈਂ ਹੀ ਪੰਜਾਬ ਹਿਤੈਸ਼ੀ ਹਾਂ। ਉਹ ਮੁੱਖ ਮੰਤਰੀ ਨੂੰ ਵੀ ਚੁਨੌਤੀ ਦਿੰਦੇ ਹਨ। 
ਜਵਾਬ: ਨਵਜੋਤ ਸਿੱਧੂ ਕਹਿੰਦੇ ਹਨ ਕਿ ਮੈਂ ਛੇ ਚੋਣਾਂ ਜਿੱਤੀਆਂ। ਜਿਸ ਮਾਡਲ ਦੀ ਗੱਲ ਉਹ ਕਰਦੇ ਹਨ, ਉਨ੍ਹਾਂ ਨੇ ਉਹ ਮਾਡਲ ਅਪਣੇ ਹਲਕੇ ਵਿਚ ਤਾਂ ਲਗਾਇਆ ਹੋਵੇਗਾ, ਉਹ ਲੋਕਾਂ ਨੂੰ ਉਸ ਮਾਡਲ ਦੀ ਝਲਕ ਤਾਂ ਦਿਖਾਉਣ, ਫਿਰ ਲੋਕ ਯਕੀਨ ਕਰ ਲੈਣਗੇ। ਉਹ ਸਾਨੂੰ ਦਿਖਾਉਣ ਤਾਂ ਸਹੀ, ਹਵਾ ਵਿਚ ਜਾਂ ਗੱਲਾਂ ਵਿਚ ਮਾਡਲ ਕਿਵੇਂ ਦੇਖ ਲਈਏ। ਪ੍ਰਧਾਨ ਕੋਲ ਬਹੁਤ ਤਾਕਤ ਹੁੰਦੀ ਹੈ, ਉਹ ਤਾਂ ਕੁੱਝ ਵੀ ਕਰਵਾ ਸਕਦਾ ਹੈ। ਜੇ ਉਹ ਕਹਿੰਦੇ ਹਨ ਕਿ ਮੈਂ ਕੁੱਝ ਨਹੀਂ ਕਰ ਸਕਦਾ ਤਾਂ ਉਨ੍ਹਾਂ ਨੂੰ ਪ੍ਰਧਾਨਗੀ ਨਹੀਂ ਲੈਣੀ ਚਾਹੀਦੀ ਸੀ। ਇਸ ਦਾ ਮਤਲਬ ਤਾਂ ਇਹ ਹੋਇਆ ਕਿ ਜਦੋਂ ਤਕ ਮੈਨੂੰ ਸੀਐਮ ਨਹੀਂ ਬਣਾਉਂਦੇ ਮੈਂ ਕੱੁਝ ਨਹੀਂ ਕਰ ਸਕਦਾ।

ਸਵਾਲ: ਤੁਸੀਂ ਅੱਜ ਪੰਜਾਬ ਦੇ ਇਕ ਆਮ ਨਾਗਰਿਕ ਵਾਂਗ ਸੋਚੋ। ਤੁਸੀਂ ਕਾਂਗਰਸ ਦੀ ਜੋ ਹਾਲਤ ਦੇਖ ਰਹੇ ਹੋ, ਇਸ ਤੋਂ ਬਾਅਦ ਤੁਸੀਂ ਕਾਂਗਰਸ ਲਈ ਵੋਟ ਦਿਉਗੇ?
ਜਵਾਬ: ਕਾਂਗਰਸ ਤਾਂ ਸੱਭ ਤੋਂ ਪੁਰਾਣੀ ਪਾਰਟੀ ਹੈ, ਇਹ ਪਾਰਟੀ ਤਾਂ ਚਲਦੀ ਰਹੇਗੀ। ਚੰਡੀਗੜ੍ਹ ਵਿਚ ਵੀ ਸੱਭ ਤੋਂ ਵੱਧ ਵੋਟ ਲੋਕਾਂ ਨੇ ਕਾਂਗਰਸ ਨੂੰ ਪਾਈ ਹੈ। ਇਹ ਤਾਂ ਸਾਡੀ ਅਪਣੀ ਲੜਾਈ ਕੰਮ ਖ਼ਰਾਬ ਕਰ ਰਹੀ ਹੈ। ਉਹੀ ਲੀਡਰ ਲੈਣੇ ਚਾਹੀਦੇ ਹਨ, ਜਿਹੜੇ ਕਾਂਗਰਸ ਪਾਰਟੀ ਨੂੰ ਸਮਰਪਿਤ ਹੋਣ। ਅਸੀਂ ਹੁਣ ਕੈਪਟਨ ਦੇ ਰਾਹ ਪੈ ਗਏ ਹਾਂ ਉਹ ਵੀ ਇਹੀ ਕਹਿੰਦਾ ਸੀ ਕਿ ਮੈਨੂੰ ਮੁੱਖ ਮੰਤਰੀ ਚਿਹਰਾ ਐਲਾਨ ਕਰੋ। ਇਹ ਲੋਕਤੰਤਰ ਹੈ, ਜਿਸ ਨੂੰ ਲੋਕ ਕਹਿਣਗੇ ਉਹ ਵਿਧਾਇਕ ਬਣ ਜਾਏਗਾ ਅਤੇ ਜਿਸ ਨੂੰ ਵਿਧਾਇਕ ਕਹਿਣਗੇ ਉਹ ਮੁੱਖ ਮੰਤਰੀ ਬਣ ਜਾਵੇਗਾ।

ਸਵਾਲ: ਕਿਤੇ ਇਹ ਉਲਝਣ ਹਾਈਕਮਾਂਡ ਤਾਂ ਨਹੀਂ ਪੈਦਾ ਕਰ ਰਹੀ? ਇਹ ਮੰਨਿਆ ਜਾਂਦਾ ਹੈ ਕਿ ਸਿੱਧੂ ਨੂੰ ਕਾਂਗਰਸ ਵਿਚ ਇਹ ਕਹਿ ਕੇ ਲਿਆਂਦਾ ਗਿਆ ਕਿ ਤੁਹਾਨੂੰ ਮੁੱਖ ਮੰਤਰੀ ਬਣਾਇਆ ਜਾਵੇਗਾ?
ਜਵਾਬ: ਹਾਈ ਕਮਾਂਡ ਤਾਂ ਉਹੀ ਫ਼ੈਸਲਾ ਲਾਗੂ ਕਰਦੀ ਹੈ, ਜੋ ਵਿਧਾਇਕ ਜਾਂ ਵਰਕਰ ਸਾਂਝੇ ਤੌਰ ’ਤੇ ਲੈਂਦੇ ਹਨ। ਉਨ੍ਹਾਂ ਨੇ ਉਹੀ ਫ਼ੈਸਲਾ ਲੈਣਾ ਹੈ ਜੋ ਪੰਜਾਬ ਲੀਡਰਸ਼ਿਪ ਕਹਿੰਦੀ ਹੈ ਪਰ ਜੇ ਕਿਤੇ ਕੋਈ ਕਮੀ ਰਹਿ ਜਾਂਦੀ ਹੈ ਤਾਂ ਉਸ ਲਈ ਹਾਈਕਮਾਂਡ ਨੂੰ ਜ਼ਿੰਮੇਵਾਰ ਕਹਿ ਦਿਤਾ ਜਾਂਦਾ ਹੈ। 

ਸਵਾਲ: ਹੁਣ ਕਿਹਾ ਜਾ ਰਿਹਾ ਹੈ ਕਿ ਦਿੱਲੀ ਦਾ ਮਾਡਲ ਪੰਜਾਬ ਵਿਚ ਲਾਗੂ ਕਰਨਾ ਚਾਹੀਦਾ ਹੈ। ਅਰਵਿੰਦ ਕੇਜਰੀਵਾਲ ਗਰੰਟੀ ਦੇ ਰਹੇ ਹਨ, ਤੁਸੀਂ ਮੰਨਦੇ ਹੋ ਕਿ ਦਿੱਲੀ ਵਿਚ ਵਿਕਾਸ ਹੋਇਆ ਹੈ? 
ਜਵਾਬ: ਦਿੱਲੀ ਇਕ ਦੇਸ਼ ਦੀ ਰਾਜਧਾਨੀ ਹੈ ਅਤੇ ਇਕ ਸਰਹੱਦੀ ਸੂਬੇ ਵਿਚਾਲੇ ਤੁਸੀਂ ਕਿਵੇਂ ਮੁਕਾਬਲਾ ਕਰ ਸਕਦੇ ਹੋ। ਅਰਵਿੰਦ ਕੇਜਰੀਵਾਲ ਡਰੱਗ ਮਾਫ਼ੀਆ ਖ਼ਤਮ ਕਰਨ ਦਾ ਦਾਅਵਾ ਕਰਦੇ ਹਨ ਪਰ ਉਹ ਇਕ ਰਾਤ ਦਿੱਲੀ ਕਨਾਟ ਪਲੇਸ ਵਿਚ ਜਾ ਕੇ ਦੇਖਣ, ਮੈਂ ਉਥੇ ਖ਼ੁਦ ਭੇਜ ਕੇ ਚੈੱਕ ਕਰਵਾਇਆ। ਉੱਥੇ ਨਸ਼ੇ ਦੇ ਰੇਟ ਤੈਅ ਕੀਤੇ ਗਏ ਹਨ, ਜੇਕਰ ਤੁਸੀਂ ਜ਼ਿਆਦਾ ਲੇਟ ਜਾਉਗੇ ਤਾਂ ਤੁਹਾਨੂੰ ਜ਼ਿਆਦਾ ਸਸਤਾ ਨਸ਼ਾ ਦਿਤਾ ਜਾਵੇਗਾ, ਜੇਕਰ ਕੋਈ ਘੱਟ ਉਮਰ ਦੀ ਲੜਕੀ ਨਸ਼ੇ ਲੈਣ ਜਾਂਦੀ ਹੈ ਤਾਂ ਉਸ ਨੂੰ ਹੋਰ ਵੀ ਘੱਟ ਕੀਮਤ ’ਤੇ ਨਸ਼ਾ ਵੇਚਿਆ ਜਾਂਦਾ ਹੈ। ਝੂਠ ਨਾਲ ਕਿਸੇ ਤਰ੍ਹਾਂ ਦਾ ਮੁਕਾਬਲਾ ਨਹੀਂ ਹੋ ਸਕਦਾ। ਉਹ ਸਿਰਫ਼ ਸਿਆਸੀ ਸੈਰ ਸਪਾਟੇ ਲਈ ਪੰਜਾਬ ਆਉਂਦੇ ਹਨ। 

ਸਵਾਲ: ਉਨ੍ਹਾਂ ਨੇ ਜਦੋਂ ਕਿਹਾ ਕਿ ਉਨ੍ਹਾਂ ਦੇ ਪੰਜਾਬ ਪ੍ਰਧਾਨ ਨਾਲ ਕਾਂਗਰਸ ਦੇ ਪੰਜਾਬ ਪ੍ਰਧਾਨ ਬਹਿਸ ਕਰਨ ਤਾਂ ਤੁਸੀਂ ਭਗਵੰਤ ਮਾਨ ਨਾਲ ਬਹਿਸ ਕਿਉਂ ਨਹੀਂ ਕਰ ਰਹੇ?
ਜਵਾਬ: ਅਰਵਿੰਦ ਕੇਜਰੀਵਾਲ ਦਿੱਲੀ ਮਾਡਲ ਦੀ ਗੱਲ ਕਰਦੇ ਹਨ, ਦਿੱਲੀ ਮਾਡਲ ਵਿਚ ਭਗਵੰਤ ਮਾਨ ਦਾ ਲੈਣਾ-ਦੇਣਾ ਕੀ ਹੈ। ਦਿੱਲੀ ਮਾਡਲ ਤਾਂ ਕੇਜਰੀਵਾਲ ਜਾਂ ਸਿਸੋਦੀਆ ਦਾ ਹੈ। ਭਗਵੰਤ ਮਾਨ ਲਈ ਤਾਂ ਅਸੀਂ ਮਾੜਾ ਸ਼ਬਦ ਨਹੀਂ ਕਿਹਾ, ਜਿਸ ਦਿਨ ਭਗਵੰਤ ਮਾਨ ਨੂੰ ਮੁੱਖ ਮੰਤਰੀ ਚਿਹਰਾ ਐਲਾਨ ਦਿਤਾ ਜਾਵੇਗਾ, ਉਸ ਦਿਨ ਉਨ੍ਹਾਂ ਨਾਲ ਵੀ ਬਹਿਸ ਕਰ ਲਈ ਜਾਵੇਗੀ। 

ਸਵਾਲ: ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਤੋਂ ਇੰਨੇ ਜ਼ਿਆਦਾ ਦੁਖੀ ਹਨ ਕਿ ਉਹ ਅਰਵਿੰਦ ਕੇਜਰੀਵਾਲ ਦੀ ਇਕ ਗਰੰਟੀ ਉਤੇ ਯਕੀਨ ਕਰ ਰਹੇ ਨੇ।
ਜਵਾਬ: ਜੇ ਆਮ ਆਦਮੀ ਪਾਰਟੀ ਚੰਗੀ ਹੁੰਦੀ ਤਾਂ ਉਨ੍ਹਾਂ ਦੇ ਚੰਗੇ ਆਗੂ ਪਾਰਟੀ ਛੱਡ ਕੇ ਕਿਉਂ ਗਏ? ਐਚਐਸ ਫੂਲਕਾ, ਸੁਖਪਾਲ ਸਿੰਘ ਖਹਿਰਾ, ਧਰਮਵੀਰ ਗਾਂਧੀ ਕਿਥੇ ਗਏ? ਇਹ ਲੋਕਾਂ ਨੂੰ ਕਹਿ ਰਹੇ ਨੇ ਕਿ ਅਕਾਲੀ ਦਲ ਅਤੇ ਕਾਂਗਰਸ ਨੂੰ ਬਹੁਤ ਮੌਕੇ ਦਿਤੇ, ਹੁਣ ਇਕ ਮੌਕਾ ਸਾਨੂੰ ਦਿਉ। ਪਿਛਲੀ ਵਾਰ ਐਨਆਰਆਈਜ਼ ਨੇ ਤਾਂ ਇਨ੍ਹਾਂ ਦੀ ਸਰਕਾਰ ਵੀ ਬਣਾ ਦਿਤੀ ਸੀ ਪਰ ਇਸ ਵਾਰ ਉਹ ਕਿਉਂ ਨਹੀਂ ਨਜ਼ਰ ਆ ਰਹੇ?

ਸਵਾਲ: ਇਹ ਵੀ ਕਿਹਾ ਜਾਂਦਾ ਹੈ ਕਿ ਪੰਜਾਬ ਵਿਚ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਅੰਦਰੋਂ ਮਿਲੇ ਹੋਏ ਹਨ ਕਿਉਂਕਿ ਜਦੋਂ ਕਾਂਗਰਸ ਨੇ ਨਵਾਂ ਮੁੱਖ ਮੰਤਰੀ ਲਗਾਇਆ ਤਾਂ ਕਈ ਕਾਂਗਰਸੀ ਅਤੇ ਅਕਾਲੀ ਆਗੂਆਂ ਨੇ ਮਿਲ ਕੇ ਪੰਜਵਾਂ ਫ਼ਰੰਟ ਬਣਾਇਆ। ਇਸ ਮਿਲਾਵਟ ਕਰ ਕੇ ਪੰਜਾਬ ਵਿਚ ਡਰੱਗ ਮਾਫ਼ੀਆ ਖ਼ਤਮ ਨਹੀਂ ਹੋ ਰਿਹਾ।
ਜਵਾਬ: ਇਹ ਤਾਂ ਕਮੀ ਮੰਨਣੀ ਪਵੇਗੀ ਅਤੇ ਹੁਣ ਲੋਕਾਂ ਦੇ ਸਾਹਮਣੇ ਆ ਗਈ ਹੈ। ਕੈਪਟਨ ਅਮਰਿੰਦਰ ਸਿੰਘ ਅਤੇ ਮਜੀਠੀਆ ਵਿਚਾਲੇ ਸਮਝੌਤਾ ਹੈ, ਇਸ ਬਾਰੇ ਲੋਕਾਂ ਨੇ ਕਿਹਾ ਪਰ ਅਸੀਂ ਮੰਨਦੇ ਨਹੀਂ ਸੀ। ਹੁਣ ਤਾਂ ਕੈਪਟਨ ਸਾਬ੍ਹ ਨੇ ਸੱਭ ਦੇ ਸਾਹਮਣੇ ਕਿਹਾ ਹੈ ਕਿ ਮਜੀਠੀਆ ਵਿਰੁਧ ਕਾਰਵਾਈ ਗ਼ਲਤ ਹੈ। ਉਨ੍ਹਾਂ ਨੂੰ ਪਛਾਣਨ ਵਿਚ ਪੂਰੇ ਪੰਜਾਬ ਨੇ ਧੋਖਾ ਖਾਧਾ ਹੈ। ਜਿਸ ਦਿਨ ਤੋਂ ਚੰਨੀ ਸਾਬ੍ਹ ਮੁੱਖ ਮੰਤਰੀ ਬਣੇ ਸਾਰੇ ਕੇਸ ਚੰਗੀ ਤਰ੍ਹਾਂ ਚਲੇ ਹਨ। ਉਨ੍ਹਾਂ ਨੇ ਬਹੁਤ ਤੇਜ਼ੀ ਨਾਲ ਕੰਮ ਕੀਤਾ। ਅੱਜ ਮਜੀਠੀਆ ਸਾਬ੍ਹ ਵੀ ਪਤਾ ਨਹੀਂ ਕਿਧਰ ਨੇ, ਉਨ੍ਹਾਂ ਨੂੰ ਕਾਨੂੰਨ ’ਤੇ ਭਰੋਸਾ ਰਖਣਾ ਚਾਹੀਦਾ ਹੈ ਜਿਸ ਤਰ੍ਹਾਂ ਉਹ ਭੱਜੇ, ਹੁਣ ਉਹ ਜਰਨੈਲ ਨਹੀਂ ਰਹੇ। ਉਨ੍ਹਾਂ ਨੂੰ ਹੌਂਸਲਾ ਦਿਖਾਉਣਾ ਚਾਹੀਦਾ ਸੀ। ਲੋਕ ਅਰਵਿੰਦ ਕੇਜਰੀਵਾਲ ਦੀ ਗੱਲ ਕਰ ਰਹੇ ਨੇ ਪਰ ਇਹ ਉਹੀ ਕੇਜਰੀਵਾਲ ਹੈ, ਜਿਸ ਨੇ ਮਜੀਠੀਆ ਤੋਂ ਮੁਆਫ਼ੀ ਮੰਗੀ ਸੀ। ਬਾਦਲਾਂ ਦੀਆਂ ਬਸਾਂ ਦਿੱਲੀ ਏਅਰਪੋਰਟ ਤਕ ਜਾ ਰਹੀਆਂ, ਇਹ ਸੱਭ ਰਲੇ ਹੋਏ ਹਨ।

ਸਵਾਲ: ਸਿਆਸਤ ਵਿਚ ਬਦਲਾਅ ਲਿਆਉਣ ਲਈ ਕਿਸਾਨ ਅਪਣੀ ਪਾਰਟੀ ਖੜੀ ਕਰ ਰਹੇ ਹਨ। ਤੁਸੀਂ ਇਸ ਵਿਰੁਧ ਹੋ?
ਜਵਾਬ: ਮੈਂ ਤਾਂ ਪਹਿਲੇ ਦਿਨ ਇਹ ਗੱਲ ਕਹਿ ਦਿਤੀ ਸੀ ਕਿ ਇਹ ਕਿਸਾਨ ਲੀਡਰਾਂ ਦਾ ਏਜੰਡਾ ਹੈ। ਅੰਦੋਲਨ ਵਿਚ ਬੈਠੇ ਕਿਸਾਨ ਤਾਂ ਅਸਲੀ ਸੀ ਕਿਉਂਕਿ ਉਨ੍ਹਾਂ ਦੀ ਲੜਾਈ ਅਪਣੀ ਜ਼ਮੀਨ ਦੀ ਸੀ ਪਰ ਲੀਡਰਾਂ ਵਿਚ ਕਈ ਸਾਲਾਂ ਦੀ ਭੁੱਖ ਸੀ। ਅੱਜ ਰਾਜੇਵਾਲ ਸਾਬ੍ਹ ਅਸਲੀ ਲਾਹਾ ਲੈਣ ਆ ਗਏ। ਮੈਂ ਫ਼ੋਟੋਆਂ ਵੀ ਜਾਰੀ ਕੀਤੀਆਂ ਸੀ ਕਿ ਉਨ੍ਹਾਂ ਨੇ ਆਮ ਆਦਮੀ ਪਾਰਟੀ ਦਾ ਸਮਰਥਨ ਕੀਤਾ ਸੀ ਅਤੇ ਉਸ ਤੋਂ ਪਹਿਲਾਂ ਉਹ ਅਕਾਲੀ ਦਲ ਦੇ ਹਲਕਾ ਇੰਚਾਰਜ ਵੀ ਰਹੇ। ਜਦੋਂ ਅੰਨਾ ਹਜ਼ਾਰੇ ਵਲੋਂ ਲੋਕ ਪਾਲ ਬਿਲ ਸਬੰਧੀ ਅੰਦੋਲਨ ਕੀਤਾ ਗਿਆ, ਉਸ ਨੂੰ ਜਿੱਤਣ ਤੋਂ ਬਾਅਦ ਉਹ ਚਲੇ ਗਏ।

ਇਸ ਅੰਦੋਲਨ ਵਿਚ ਸ਼ਾਮਲ ਹੋਏ ਕਿਰਨ ਬੇਦੀ ਲੈਫ਼ਟੀਨੈਂਟ ਗਵਰਨਰ ਲੱਗ ਗਏ ਅਤੇ ਕੇਜਰੀਵਾਲ ਸਿਆਸਤ ਵਿਚ ਆ ਗਏ, ਉਸ ਤੋਂ ਪਹਿਲਾਂ ਉਹ ਨੌਕਰੀ ਕਰਦੇ ਸਨ। ਉਨ੍ਹਾਂ ਨੇ ਅੰਦੋਲਨ ਦਾ ਫ਼ਾਇਦਾ ਚੁਕ ਕੇ ਸਿਆਸਤ ਵਿਚ ਐਂਟਰੀ ਕੀਤੀ। ਰਾਜੇਵਾਲ ਸਾਬ੍ਹ ਦੇ ਸੱਭ ਤੋਂ ਵੱਡੇ ਸ਼ੈਲਰ ਹਨ। ਉਨ੍ਹਾਂ ਦੀ ਆੜ੍ਹਤ ਹੈ ਅਤੇ ਉਹ ਕੋਠੀਆਂ ਵਿਚ ਰਹਿੰਦੇ ਹਨ ਤੇ ਅੱਜ ਉਹ ਕਿਸਾਨ ਆਗੂ ਬਣ ਗਏ ਹਨ।

ਜੇ ਇਹ ਗ਼ਲਤ ਨੇ ਤਾਂ ਹੀ ਸੰਯੁਕਤ ਮੋਰਚੇ ਨੇ ਇਨ੍ਹਾਂ ਨੂੰ ਮਨ੍ਹਾਂ ਕੀਤਾ। ਜਿਵੇਂ ਇਹ ਸਿਆਸੀ ਲੀਡਰਾਂ ਨੂੰ ਘੇਰਦੇ ਸੀ, ਹੁਣ ਇਸੇ ਤਰ੍ਹਾਂ ਪਿੰਡਾਂ ਦੇ ਲੋਕ ਅਤੇ ਐਨਆਰਆਈ ਇਨ੍ਹਾਂ ਨੂੰ ਘੇਰਨਗੇ। ਜਿਵੇਂ ਪਿਛਲੀ ਵਾਰ ਆਮ ਆਦਮੀ ਪਾਰਟੀ ਨੇ ਐਨਆਰਆਈਜ਼ ਦਾ ਪੈਸਾ ਲੁੱਟਿਆ, ਇਸੇ ਤਰ੍ਹਾਂ ਇਹ ਪੈਸਾ ਲੁੱਟ ਕੇ ਆਏ ਹਨ। ਇਹ ਚੋਰੀ ਮੰਤਰੀਆਂ ਨੂੰ ਮਿਲਦੇ ਰਹੇ। ਇਨ੍ਹਾਂ ਨੇ ਕੋਈ ਵਿਅਕਤੀ ਨੇੜੇ ਨਹੀਂ ਆਉਣ ਦਿਤਾ, ਇਨ੍ਹਾਂ ਨੂੰ ਡਰ ਸੀ ਕਿ ਸਾਡੀ ਸਟੇਜ ਨਾ ਸਾਂਭ ਲੈਣ। 

ਸਵਾਲ: ਪੰਜਾਬ ਦੀ ਵੰਡ ਤੋਂ ਬਾਅਦ ਤੁਸੀਂ ਸ਼ਾਇਦ ਪਹਿਲੇ ਮੈਂਬਰ ਹੋ, ਜਿਸ ਨੇ ਸੰਸਦ ਵਿਚ ਆਵਾਜ਼ ਚੁੱਕੀ ਕਿ ਪੰਜਾਬ ਦੀ ਰਾਜਧਾਨੀ ਪੰਜਾਬ ਨੂੰ ਦਿਤੀ ਜਾਵੇ, ਹੁਣ ਸੁਣਨ ਵਿਚ ਆ ਰਿਹਾ ਹੈ ਕਿ 5 ਜਨਵਰੀ ਨੂੰ ਜਦੋਂ ਪ੍ਰਧਾਨ ਮੰਤਰੀ ਮੋਦੀ ਆਉਣਗੇ ਤਾਂ ਉਹ ਪੰਜਾਬ ਨੂੰ ਚੰਡੀਗੜ੍ਹ ਦੇ ਸਕਦੇ ਹਨ। ਜੇ ਅਜਿਹਾ ਹੋਇਆ ਤਾਂ ਤੁਹਾਨੂੰ ਲਗਦਾ ਹੈ ਕਿ ਭਾਜਪਾ ਜ਼ਿਆਦਾ ਵੋਟਾਂ ਲੈ ਸਕਦੀ ਹੈ?
ਜਵਾਬ:  ਇਸ ਵਿਚ ਕੋਈ ਸ਼ੱਕ ਨਹੀਂ ਕਿ ਮੋਦੀ ਸਾਬ੍ਹ ਫ਼ੈਸਲੇ ਤਾਂ ਲੈਂਦੇ ਹਨ ਪਰ ਮੈਨੂੰ ਲਗਦਾ ਹੈ ਕਿ ਉਹ ਪੰਜਾਬੀਆਂ ਨੂੰ ਇਹ ਕਹਿ ਸਕਦੇ ਹਨ ਕਿ ਜੇਕਰ ਤੁਸੀਂ ਸਾਨੂੰ ਜਿਤਾਉਗੇ ਤਾਂ ਪੰਜਾਬ ਨੂੰ ਚੰਡੀਗੜ੍ਹ ਦਿਤਾ ਜਾਵੇਗਾ। ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਮਕਸਦ ਕੀ ਹੈ। ਜਦੋਂ ਕਿਸਾਨ ਦਿੱਲੀ ਰਵਾਨਾ ਹੋਏ ਤਾਂ ਪੰਜਾਬ ਵਿਚ ਕਾਂਗਰਸ ਸਰਕਾਰ ਸੀ ਤਾਂ ਹੀ ਕਿਸਾਨ ਦਿੱਲੀ ਜਾਣ ਵਿਚ ਕਾਮਯਾਬ ਹੋਏ। ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਨਹੀਂ ਰੋਕਿਆ। ਕਾਂਗਰਸ ਹਾਈਕਮਾਂਡ ਦਾ ਵੀ ਇਹੀ ਆਦੇਸ਼ ਸੀ ਕਿ ਕਿਸਾਨਾਂ ਦੀ ਜਿੰਨੀ ਮਦਦ ਕੀਤੀ ਜਾਵੇ, ਉਹ ਹੋਣੀ ਚਾਹੀਦੀ ਹੈ। 

ਸਵਾਲ: ਪੰਜਾਬ ਵਿਚ ਜਿਸ ਤਰ੍ਹਾਂ ਕਈ ਸਿਆਸੀ ਧਿਰਾਂ ਬਣ ਗਈਆਂ ਹਨ, ਅੱਗੇ ਕੀ ਹੋਵੇਗਾ। ਤੁਹਾਨੂੰ ਕੀ ਲਗਦਾ ਹੈ?
ਜਵਾਬ: ਪੰਜਾਬ ਵਿਚ ਸਿੱਧੂ ਪ੍ਰਧਾਨ ਨੇ, ਚੰਨੀ ਸਾਬ੍ਹ ਮੁੱਖ ਮੰਤਰੀ ਅਤੇ ਜਾਖੜ ਪ੍ਰਚਾਰ ਕਮੇਟੀ ਦੇ ਚੇਅਰਮੈਨ ਹਨ, ਇਨ੍ਹਾਂ ਨੂੰ ਇਕਜੁਟ ਹੋ ਕੇ ਕੰਮ ਕਰਨਾ ਚਾਹੀਦਾ ਹੈ। ਵੱਡੀਆਂ ਰੈਲੀਆਂ ਇਕੱਠਿਆਂ ਹੋ ਕੇ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਜੇ ਪਾਰਟੀ ਨੇ ਉਨ੍ਹਾਂ ਨੂੰ ਅਹੁਦੇ ਦਿਤੇ ਹਨ ਤਾਂ ਉਨ੍ਹਾਂ ਨੂੰ ਪਾਰਟੀ ਦਾ ਏਜੰਡਾ ਲੈ ਕੇ ਚਲਣਾ ਚਾਹੀਦਾ ਹੈ। ਇਸ ਵਾਰ ਨਵੀਆਂ ਪਾਰਟੀਆਂ ਆਈਆਂ ਹਨ ਅਤੇ ਵੋਟਾਂ ਵੰਡੀਆਂ ਜਾਣਗੀਆਂ, ਇਸ ਲਈ ਕਾਂਗਰਸ ਨੂੰ ਹੋਰ ਮਿਹਨਤ ਕਰਨ ਦੀ ਲੋੜ ਹੈ। ਸਾਨੂੰ ਹੋਰ ਤਕੜੇ ਹੋ ਕੇ ਅਪਣੇ ਕਿਲ੍ਹੇ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਕਾਂਗਰਸ ਉਹ ਪਾਰਟੀ ਹੈ ਜਿਸ ਨੇ ਪੰਜਾਬ ਨੂੰ ਇਕਜੁਟ ਰਖਿਆ ਹੈ। ਕਾਂਗਰਸ ਸਰਕਾਰ ਦੇ ਰਾਜ ਵਿਚ ਹਰ ਵਰਗ ਦਾ ਵਿਅਕਤੀ ਮਹਿਸੂਸ ਕਰਦਾ ਹੈ ਕਿ ਅਸੀਂ ਸੁਰੱਖਿਅਤ ਹਾਂ।