ਕਾਲਜ ਜਾ ਰਹੇ ਵਿਦਿਆਰਥੀਆਂ ਨਾਲ ਹਾਦਸਾ, ਟਰੱਕ 'ਚ ਵੱਜੀ ਕਾਰ, 4 ਵਿਦਿਆਰਥੀਆਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡਰਾਈਵਰ ਗੰਭੀਰ ਰੂਪ ਵਿਚ ਜ਼ਖਮੀ

photo

 

ਭੋਗਪੁਰ- ਇਕ ਪਾਸੇ ਜਿਥੇ ਦੁਨੀਆ ਭਰ ਵਿਚ ਲੋਕ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਸਨ ਉਥੇ ਦੂਜੇ ਪਾਸੇ ਜਲੰਧਰ-ਪਠਾਨਕੋਟ ਕੌਮੀ ਸ਼ਾਹ ਮਾਰਗ ’ਤੇ ਸਥਿਤ ਕਾਲਾ ਬੱਕਰਾ ਨੇੜੇ ਤੇਜ਼ ਰਫ਼ਤਾਰੀ ਕਾਰਨ ਵਾਪਰੇ ਦਰਦਨਾਕ ਸੜਕ ਹਾਦਸੇ ’ਚ 4 ਵਿਦਿਆਰਥੀਆਂ ਦੀ ਮੌਤ ਹੋ ਗਈ ਜਦਕਿ ਗੱਡੀ ਦਾ ਡਰਾਈਵਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ।

ਜਾਣਕਾਰੀ ਅਨੁਸਾਰ ਛੁੱਟੀਆਂ ਖ਼ਤਮ ਹੋਣ ’ਤੇ 4 ਵਿਦਿਆਰਥੀ ਵਾਪਸ ਕਾਲਜ, ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਵਿਖੇ ਜਾ ਰਹੇ ਸਨ ਅਤੇ ਜਦੋਂ ਉਹ ਕਾਲੇ ਬੱਕਰਾ ਨਜ਼ਦੀਕ ਲਾਜਵੰਤੀ ਪੈਟਰੋਲ ਪੰਪ ਨੇੜਿਓਂ ਲੰਘ ਰਹੇ ਸਨ ਤਾਂ ਇਸੇ ਦੌਰਾਨ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਕੇ ਨੈਸ਼ਨਲ ਹਾਈਵੇ ’ਤੇ ਜਾ ਰਹੇ ਟਰੱਕ ਨਾਲ ਟਕਰਾ ਗਈ। ਜਿਸ ਨਾਲ 2 ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ 1 ਲੜਕੀ ਅਤੇ 1 ਲੜਕੇ ਦੀ ਹਸਪਤਾਲ ’ਚ ਜਾ ਕੇ ਮੌਤ ਹੋ ਗਈ, ਜਦਕਿ ਡਰਾਈਵਰ ਗੰਭੀਰ ਰੂਪ ’ਚ ਜ਼ਖ਼ਮੀ ਹੈ।

ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਮ੍ਰਿਤਕਾਂ ਦੀ ਪਹਿਚਾਣ ਸ਼ੈਲੀਜ ਗੁਲੇਰੀਆ ਪੁੱਤਰੀ ਮਨਜੀਤ ਸਿੰਘ ਗੁਲੇਰੀਆ (22) ਵਾਸੀ ਪਠਾਨਕੋਟ, ਲੁਕੇਸ਼ (23) ਵਾਸੀ ਪਠਾਨਕੋਟ, ਰੋਹਿਨ (22) ਵਾਸੀ  ਪਠਾਨਕੋਟ ਅਤੇ ਸਿਮਰਨ ਸਿੰਘ ਪੁੱਤਰ ਮਲੂਕ ਸਿੰਘ (23) ਵਾਸੀ ਪਿੰਡ ਸੋਹਲ ਗੁਰਦਾਸਪੁਰ ਵਜੋਂ ਹੋਈ ਹੈ। ਥਾਣੇਦਾਰ ਰਣਧੀਰ ਸਿੰਘ ਅਤੇ ਗੁਰਦੇਵ ਸਿੰਘ ਨੇ ਦੱਸਿਆ ਹੈ ਕਿ ਕਾਰ ਡਰਾਈਵਰ ਅਜੈ ਸ਼ਰਮਾ ਪੁੱਤਰ ਧਰਮਿੰਦਰ ਸ਼ਰਮਾ (30) ਵਾਸੀ ਈਸ਼ਰ ਨਗਰ ਗਿੱਲ ਨਗਰ ਲੁਧਿਆਣਾ ਗੰਭੀਰ ਜ਼ਖ਼ਮੀ ਹੈ, ਜਿਸ ਦਾ ਇਲਾਜ ਕੈਪੀਟੋਲ ਹਸਪਤਾਲ ਜਲੰਧਰ ਵਿਖੇ ਚੱਲ ਰਿਹਾ ਹੈ।